ਸੁਖਬੀਰ ਬਾਦਲ ਨੇ ਰਾਹੁਲ ਗਾਂਧੀ ਨੂੰ ਜਗਦੀਸ਼ ਟਾਈਟਲਰ ਤੇ ਕਮਲ ਨਾਥ ਸਬੰਧੀ ਪੁੱਛੇ ਇਹ ਸਵਾਲ

not expelling Jagdish Tytler
Sukhbir Badal asks Rahul Gandhi why he is not expelling Jagdish Tytler

ਸੁਖਬੀਰ ਬਾਦਲ ਨੇ ਰਾਹੁਲ ਗਾਂਧੀ ਨੂੰ ਜਗਦੀਸ਼ ਟਾਈਟਲਰ ਤੇ ਕਮਲ ਨਾਥ ਸਬੰਧੀ ਪੁੱਛੇ ਇਹ ਸਵਾਲ

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਉਹ ਲੋਕਾਂ ਨੂੰ ਜਵਾਬ ਦੇਵੇ ਕਿ ਕੀ ਉਹ ਜਗਦੀਸ਼ ਟਾਈਟਲਰ ਨੂੰ ਕਾਂਗਰਸ ਵਿਚੋਂ ਕੱਢੇਗਾ ਅਤੇ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏਗਾ ਜਾਂ ਫਿਰ ਉਹਨਾਂ ਖ਼ਿਲਾਫ ਕਾਰਵਾਈ ਕਰਨ ਤੋਂ ਪਹਿਲਾਂ ਅਦਾਲਤਾਂ ਦੁਆਰਾ ਉਹਨਾਂ ਨੂੰ ਸਜ਼ਾ ਸੁਣਾਏ ਜਾਣ ਦੀ ਉਡੀਕ ਕਰੇਗਾ।

ਇੱਥੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਮਗਰੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਹੁਲ ਨੂੰ ਆਪਣੀ ਖਾਮੋਸ਼ੀ ਤੋੜਣੀ ਚਾਹੀਦੀ ਹੈ ਅਤੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਸ ਨੇ ਕੁੱਝ ਮਹੀਨੇ ਪਹਿਲਾਂ ਇਹ ਦਾਅਵਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਸੀ ਕਿ 1984 ਵਿਚ ਹੋਏ ਸਿੱਖ ਕਤਲੇਆਮ ਵਿਚ ਕੋਈ ਕਾਂਗਰਸੀ ਆਗੂ ਸ਼ਾਮਿਲ ਨਹੀਂ ਸੀ।

ਉਹਨਾਂ ਕਿਹਾ ਕਿ ਇੰਝ ਲੱਗਦਾ ਹੈ ਕਿ ਰਾਹੁਲ ਕਤਲੇਆਮ ਦੇ ਦੋਸ਼ੀਆਂ ਖ਼ਿਲਾਫ ਇਸ ਲਈ ਕਾਰਵਾਈ ਕਰਨ ਤੋਂ ਡਰ ਗਿਆ ਹੈ, ਕਿਉਂਕਿ ਉਹ ਮਹਿਸੂਸ ਕਰਦਾ ਹੈ ਕਿ ਜੇ ਉਸ ਨੇ ਅਜਿਹਾ ਕੀਤਾ ਤਾਂ ਦੋਸ਼ੀ ਕਾਂਗਰਸੀ ਆਗੂ ਸਾਰਾ ਭਾਂਡਾ ਭੰਨ ਦੇਣਗੇ ਅਤੇ ਦੱਸ ਦੇਣਗੇ ਕਿ ਕਿਸ ਤਰ੍ਹਾਂ ਉਸ ਦੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਆਪਣੀ ਨਿਗਰਾਨੀ ਵਿਚ ਦਿੱਲੀ ਦੀਆਂ ਗਲੀਆਂ ਅੰਦਰ ਸਿੱਖਾਂ ਦਾ ਸਮੂਹਿਕ ਕਤਲੇਆਮ ਕਰਵਾਇਆ ਸੀ।

ਹੋਰ ਪੜ੍ਹੋ: ਮਨਜੀਤ ਸਿੰਘ ਜੀ.ਕੇ ਮਾਮਲੇ ਦੇ ਅਸਤੀਫੇ ‘ਚ ਆਇਆ ਨਵਾਂ ਮੋੜ, ਦਿੱਤਾ ਵੱਡਾ ਬਿਆਨ!!

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦਿੱਲੀ ਕੋਰਟ ਵੱਲੋਂ ਇਹ ਕਹੇ ਜਾਣ ਮਗਰੋਂ ਕਿ ਸੱਜਣ ਕੁਮਾਰ ਸਿਆਸੀ ਸਰਪ੍ਰਸਤੀ ਕਰਕੇ 34 ਸਾਲ ਕਾਨੂੰਨ ਤੋਂ ਬਚਿਆ ਰਿਹਾ, ਚੋਣ ਕਮਿਸ਼ਨ ਨੂੰ ਕਾਂਗਰਸ ਪਾਰਟੀ ਦੇ ਖ਼ਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਵੱਲੋ ਕਰਵਾਏ ਕਤਲੇਆਮ ਦੇ 3000 ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਅਕਾਲੀ ਦਲ ਆਪਣੀ ਲੜਾਈ ਜਾਰੀ ਰੱਖੇਗਾ। ਉਹਨਾਂ ਕਿਹਾ ਕਿ ਅਸੀਂ ਹਰ ਕੇਸ ਦਾ ਨਿਪਟਾਰਾ ਕਰਵਾਵਾਂਗੇ ਅਤੇ ਇਹ ਯਕੀਨੀ ਬਣਾਵਾਂਗੇ ਕਿ ਮਨੁੱਖਤਾ ਖਿਲਾਫ ਕੀਤੇ ਅਪਰਾਧਾਂ ਲਈ ਜ਼ਿੰਮੇਵਾਰ ਸਾਰੇ ਕਾਂਗਰਸੀ ਆਗੂਆਂ ਫਾਂਸੀ ਦੀ ਸਜ਼ਾ ਦਿੱਤੀ ਜਾਵੇ।

ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਨੇ ਸੰਸਦ ਵਿਚ ਕਾਂਗਰਸ ਦੀ ਪੋਲ ਖੋਲ•ਣ ਵਿਚ ਵੱਡੀ ਭੂਮਿਕਾ ਨਿਭਾਈ ਸੀ, ਜਿਸ ਨੇ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਵਿਚ ਜਗਦੀਸ਼ ਟਾਈਟਲਰ ਦਾ ਨਾਂ ਆਉਣ ਮਗਰੋਂ ਕਾਰਵਾਈ ਵਾਲੀ ਰਿਪੋਰਟ (ਏਟੀਐਸ) ਨਾਲ ਛੇੜਛਾੜ ਕੀਤੀ ਸੀ।

ਉਹਨਾਂ ਕਿਹਾ ਕਿ 2014 ਵਿਚ ਅਕਾਲੀ ਦਲ ਅਤੇ ਸਰਦਾਰ ਪਰਕਾਸ਼ ਸਿੰਘ ਬਾਦਲਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 1984 ਕਤਲੇਆਮ ਨਾਲ ਸੰਬੰਧਿਤ ਉਹਨਾਂ ਸਾਰੇ ਕੇਸ ਨੂੰ ਮੁੜ ਖੋਲਣ ਦੀ ਬੇਨਤੀ ਕੀਤੀ ਸੀ, ਜਿਹਨਾਂ ਨੂੰ ਕਾਂਗਰਸ ਵੱਲੋਂ ਬੰਦ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਸਾਡੀ ਬੇਨਤੀ ਸਵੀਕਾਰ ਕਰਨ ਲਈ ਅਸੀਂ ਮੋਦੀ ਜੀ ਦੇ ਧੰਨਵਾਦੀ ਹਾਂ, ਜਿਸ ਕਰਕੇ ਦੋ ਸਜ਼ਾਵਾਂ ਹੋ ਚੁੱਕੀਆਂ ਹਨ। ਉਹਨਾਂ ਕੇਸਾਂ ਨੂੰ ਦੁਬਾਰਾ ਖੋਲਣ ਮਗਰੋਂ ਇੱਕ ਸਾਲ ਦੇ ਅੰਦਰ ਹੀ ਫੁਰਤੀ ਨਾਲ ਇਨਸਾਫ ਦੇਣ ਲਈ ਨਿਆਂਪਾਲਿਕਾ ਦਾ ਧੰਨਵਾਦ ਕੀਤਾ।

ਹੋਰ ਪੜ੍ਹੋ:ਸ਼ਾਹਕੋਟ ਵਿਚ ਵੰਡੀ ਜਾ ਰਹੀ ਗੈਰ-ਕਾਨੂੰਨੀ ਸ਼ਰਾਬ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਚੋਣ ਕਮਿਸ਼ਨ:ਸੁਖਬੀਰ ਬਾਦਲ

ਇਸੇ ਦੌਰਾਨ ਅੱਜ ਕੋਰ ਕਮੇਟੀ ਨੇ ਉਹਨਾਂ ਗਵਾਹਾਂ ਦੀ ਬਹਾਦਰੀ ਅਤੇ ਦਲੇਰੀ ਦੀ ਸ਼ਲਾਘਾ ਕੀਤੀ, ਜਿਹੜੇ ਕਾਂਗਰਸੀ ਗੁੰਡਿਆਂ ਦੀ ਧਮਕੀਆਂ ਅਤੇ ਡਰਾਵਿਆਂ ਤੋਂ ਡਰੇ ਅਤੇ ਝੁਕੇ ਨਹੀਂ ਅਤੇ ਸੱਜਣ ਕੁਮਾਰ ਅਤੇ ਹੋਰ ਕਾਂਗਰਸੀ ਗੁੰਡਿਆਂ ਨੂੰ ਸਜ਼ਾ ਦਿਵਾਉਣ ਲਈ ਨਿਡਰ ਹੋ ਕੇ ਕਾਨੂੰਨੀ ਲੜਾਈ ਲੜਦੇ ਰਹੇ। ਐਸਜੀਪੀਸੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਸੁਝਾਅ ਦਿੱਤਾ ਕਿ 1984 ਦੇ ਕੇਸਾਂ ਨਾਲ ਜੁੜੇ ਸਾਰੇ ਗਵਾਹਾਂ ਅਤੇ ਵਕੀਲਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਨਮਾਨ ਕੀਤਾ ਜਾਵੇ।

ਐਸਜੀਪੀਸੀ ਪ੍ਰਧਾਨ ਨੇ ਬਾਅਦ ਵਿਚ ਐਲਾਨ ਕੀਤਾ ਕਿ ਗਵਾਹਾਂ ਜਗਦੀਸ਼ ਕੌਰ, ਨਿਰਪ੍ਰੀਤ ਕੌਰ ਅਤੇ ਜਗਸੀਰ ਸਿੰਘ ਤੋਂ ਇਲਾਵਾ ਸੀਨੀਅਰ ਵਕੀਲਾਂ ਸਰਦਾਰ ਐਚ ਐਸ ਫੂਲਕਾ, ਆਰ ਐਸ ਚੀਮਾ, ਗੁਰਬਖ਼ਸ਼ ਸਿੰਘ ਅਤੇ ਉਹਨਾਂ ਦੀ ਟੀਮਾਂ ਦਾ 26 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਖ਼ਤ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੁਆਰਾ ਸਨਮਾਨ ਕੀਤਾ ਜਾਵੇਗਾ।

ਇਸ ਮੌਕੇ ਕੌਰ ਕਮੇਟੀ ਨੇ ਸੂਬੇ ਅੰਦਰ ਪੰਚਾਇਤੀ ਚੋਣਾਂ ਤੋਂ ਪਹਿਲਾਂ ਵੱਡੇ ਪੱਧਰ ਉੱਤੇ ਹੇਰਾਫੇਰੀਆਂ ਕਰਕੇ ਮਾਹੌਲ ਖ਼ਰਾਬ ਕਰਨ ਲਈ ਕਾਂਗਰਸ ਸਰਕਾਰ ਦੀ ਨਿਖੇਧੀ ਕਰਨ ਵਾਲਾ ਮਤਾ ਵੀ ਪਾਸ ਕੀਤਾ। ਮਤੇ ਵਿਚ ਕਿਹਾ ਕਿ ਅਧਿਕਾਰੀਆਂ ਨੂੰ ਪਾਰਟੀ ਵਿਧਾਇਕਾਂ ਅਤੇ ਆਗੂਆਂ ਦੀ ਮਰਜ਼ੀ ਮੁਤਾਬਿਕ ਕੰਮ ਕਰਨ ਦਾ ਨਿਰਦੇਸ਼ ਦੇ ਕੇ ਲੋਕਤੰਤਰ ਦਾ ਕਤਲ ਕਰ ਦਿੱਤਾ ਹੈ।

ਭਾਵੇਂ ਕਿ ਅਕਾਲੀ ਦਲ ਵੱਲੋਂ ਪੰਚਾਇਤੀ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ਉੱਤੇ ਨਹੀਂ ਲੜੀਆਂ ਜਾ ਰਹੀਆਂ ਹਨ, ਫਿਰ ਵੀ ਅਕਾਲੀ ਦਲ ਨਾਲ ਜੁੜੇ ਵਰਕਰਾਂ ਨੂੰ ਨਾਮਜ਼ਦਗੀਆਂ ਦਖ਼ਲ ਕਰਨ ਲਈ ਸਰਕਾਰੀ ਦਫਤਰਾਂ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਨਾ ਹੀ ਉਹਨਾਂ ਨੂੰ ਇਤਰਾਜ਼ਹੀਣਤਾ ਦੇ ਸਰਟੀਫਿਕੇਟ ਦਿੱਤੇ ਜਾ ਰਹੇ ਹਨ।

ਮੀਟਿੰਗ ਵਿਚ ਇਹ ਵੀ ਕਿਹਾ ਗਿਆ ਕਿ ਰਾਜ ਚੋਣ ਕਮਿਸ਼ਨ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਉਣ ਵਿਚ ਨਾਕਾਮ ਸਾਬਿਤ ਹੋ ਰਿਹਾ ਹੈ।ਕੋਰ ਕਮੇਟੀ ਦੀ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ ਅਟਵਾਲ, ਪ੍ਰੇਮ ਸਿੰਘ ਚੰਦੂਮਾਜਰਾ, ਹਰੀ ਸਿੰਘ ਜ਼ੀਰਾ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਜੰਗੀਰ ਕੌਰ, ਬਿਕਰਮ ਸਿੰਘ ਮਜੀਠੀਆ, ਡਾਕਟਰ ਦਲਜੀਤ ਸਿੰਘ ਚੀਮਾ, ਸ਼ਰਨਜੀਤ ਸਿੰਘ ਢਿੱਲੋਂ,ਸੁਰਜੀਤ ਸਿੰਘ ਰੱਖੜਾ, ਬਲਦੇਵ ਸਿੰਘ ਮਾਨ ਅਤੇ ਹਰਚਰਨ ਬੈਂਸ ਵੀ ਹਾਜ਼ਿਰ ਸਨ।

-PTC News