Sun, May 19, 2024
Whatsapp

ਸ੍ਰੀ ਅੰਮ੍ਰਿਤਸਰ ਸਾਹਿਬ: ਦੀਵਾਲੀ ਮੌਕੇ ਸ੍ਰੀ ਦਰਬਾਰ ਸਾਹਿਬ ਤੋਂ ਵਾਤਾਵਰਨ ਦੀ ਸ਼ੁੱਧਤਾ ਦਾ ਸੁਨੇਹਾ

Written by  Jashan A -- October 26th 2019 06:11 PM
ਸ੍ਰੀ ਅੰਮ੍ਰਿਤਸਰ ਸਾਹਿਬ: ਦੀਵਾਲੀ ਮੌਕੇ ਸ੍ਰੀ ਦਰਬਾਰ ਸਾਹਿਬ ਤੋਂ ਵਾਤਾਵਰਨ ਦੀ ਸ਼ੁੱਧਤਾ ਦਾ ਸੁਨੇਹਾ

ਸ੍ਰੀ ਅੰਮ੍ਰਿਤਸਰ ਸਾਹਿਬ: ਦੀਵਾਲੀ ਮੌਕੇ ਸ੍ਰੀ ਦਰਬਾਰ ਸਾਹਿਬ ਤੋਂ ਵਾਤਾਵਰਨ ਦੀ ਸ਼ੁੱਧਤਾ ਦਾ ਸੁਨੇਹਾ

ਸ੍ਰੀ ਅੰਮ੍ਰਿਤਸਰ ਸਾਹਿਬ: ਦੀਵਾਲੀ ਮੌਕੇ ਸ੍ਰੀ ਦਰਬਾਰ ਸਾਹਿਬ ਤੋਂ ਵਾਤਾਵਰਨ ਦੀ ਸ਼ੁੱਧਤਾ ਦਾ ਸੁਨੇਹਾ ਪ੍ਰੇਰਣਾ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾਂ ਵਿਚ ਲਗਾਏ ਅੰਬਾਂ ਦੇ ਬੂਟੇ ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਤਾਵਰਨ ਸੰਭਾਲ ਦੇ ਮੱਦੇਨਜ਼ਰ ਬੰਦੀ ਛੋੜ ਦਿਵਸ (ਦੀਵਾਲੀ) ਮੌਕੇ ਸੰਗਤ ਨੂੰ ਹਰਿਆਵਲ ਲਹਿਰ ਨਾਲ ਜੋੜਨ ਲਈ ਪਹਿਲਕਦਮੀਂ ਕੀਤੀ ਗਈ ਹੈ। ਇਸ ਤਹਿਤ ਗ੍ਰੀਨ ਦੀਵਾਲੀ ਦੀ ਭਾਵਨਾ ਪ੍ਰਗਟ ਕਰਦਿਆਂ ਸੰਕੇਤ ਵਜੋਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾਂ ਵਿਚ ਅੰਬਾਂ ਦੇ ਬੂਟੇ ਲਗਾਏ ਗਏ। ਇਸ ਲਈ ਬਹੁਤ ਵੱਡੇ ਅਕਾਰ ਦੇ 10 ਗਮਲੇ ਤਿਆਰ ਕਰਵਾ ਕੇ ਪਰਕਰਮਾਂ ਵਿਚ ਸਥਾਪਿਤ ਕੀਤੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਇਹ ਉਪਰਾਲਾ ਵਾਤਾਵਰਨ ਪ੍ਰੇਮੀ ਬਾਬਾ ਗੁਰਮੀਤ ਸਿੰਘ ਖੋਸਾਕੋਟਲਾ ਅਤੇ ਡਾ. ਬਲਵਿੰਦਰ ਸਿੰਘ ਲੱਖੇਵਾਲੀ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਅੰਬਾਂ ਦੇ ਬੂਟੇ ਲਗਾਉਣ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ ਬਾਠ, ਮੈਨੇਜਰ ਜਸਵਿੰਦਰ ਸਿੰਘ ਦੀਨਪੁਰ, ਕੁਲਵਿੰਦਰ ਸਿੰਘ ਰਮਦਾਸ, ਮੁਖਤਾਰ ਸਿੰਘ ਆਦਿ ਮੌਜੂਦ ਸਨ। ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਵਾਤਾਵਰਨ ਦੀ ਸਾਂਭ-ਸੰਭਾਲ ਅੱਜ ਦੀ ਮੁੱਖ ਜ਼ਰੂਰਤ ਹੈ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਰਾਸਤੀ ਬੂਟੇ ਲਗਾਉਣ ਦਾ ਮੰਤਵ ਸੰਗਤ ਅੰਦਰ ਚੇਤਨਾ ਅਤੇ ਪ੍ਰੇਰਣਾ ਪੈਦਾ ਕਰਨਾ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਭਾਰਤ ਅੰਦਰ ਤਿਉਹਾਰਾਂ ਮੌਕੇ ਆਤਿਸ਼ਬਾਜ਼ੀ ਨਾਲ ਗੰਧਲਾ ਹੁੰਦਾ ਵਾਤਾਵਰਨ ਚਿੰਤਾ ਦਾ ਵਿਸ਼ਾ ਹੈ, ਜਿਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੇ ਵਿਸ਼ਵ ਲਈ ਪ੍ਰੇਰਕ ਅਸਥਾਨ ਹਨ ਅਤੇ ਇਥੋਂ ਮਿਲਦਾ ਸੁਨੇਹਾ ਸੰਗਤ ਲਈ ਵੱਡੇ ਅਰਥ ਰੱਖਦਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਬੰਦੀ ਛੋੜ ਦਿਵਾਸ (ਦੀਵਾਲੀ) ਮੌਕੇ ਇਥੇ ਆਤਿਸ਼ਬਾਜ਼ੀ ਦੀ ਰਵਾਇਤ ਰਹੀ ਹੈ, ਪਰੰਤੂ ਮੌਜੂਦਾ ਸਮੇਂ ਇਸ ਨੂੰ ਬਿੱਲਕੁਲ ਸੀਮਤ ਕਰ ਦਿੱਤਾ ਗਿਆ ਹੈ ਅਤੇ ਘੱਟ ਧੂੰਏਂ ਵਾਲੀ ਆਤਿਸ਼ਬਾਜ਼ੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਵਾਰ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ ਵਿਚ ਅੰਬਾਂ ਦੇ ਬੂਟੇ ਲਗਾ ਕੇ ਸੰਗਤ ਅੰਦਰ ਪ੍ਰੇਰਣਾ ਪੈਦਾ ਕਰਨ ਦਾ ਯਤਨ ਕੀਤਾ ਹੈ। ਡਾ. ਰੂਪ ਸਿੰਘ ਅਨੁਸਾਰ ਇਥੇ ਪਹਿਲਾਂ ਵੀ ਅੰਬਾਂ ਦੇ ਬੂਟੇ ਹੋਇਆ ਕਰਦੇ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਤੋਂ ਇਲਾਵਾ ਕਿਸਾਨਾਂ ਨੂੰ ਵੀ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਜਾ ਚੁੱਕੀ ਹੈ। ਇਸ ਸਬੰਧ ਵਿਚ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਵੱਲੋਂ ਪਰਾਲੀ ਸਾੜਨਾ ਤਾਂ ਮਜ਼ਬੂਰੀ ਹੋ ਸਕਦੀ ਹੈ, ਜਦਕਿ ਦੂਸਰੇ ਪਾਸੇ ਤਿਉਹਾਰਾਂ ਮੌਕੇ ਸਭ ਕੁਝ ਜਾਣਦਿਆਂ ਵੀ ਅਸੀਂ ਚਾਅ ਨਾਲ ਵਾਤਾਵਰਨ ਨੂੰ ਪਲੀਤ ਕਰਨ ਦੇ ਰਾਹ ਤੁਰੇ ਹੋਏ ਹਾਂ। ਇਸ ਪ੍ਰਤੀ ਮਨੁੱਖ ਦੀ ਥੋੜ੍ਹੀ ਜਿਹੀ ਚੇਤਨਤਾ ਵੀ ਚੰਗੇ ਨਤੀਜੇ ਦੇ ਸਕਦੀ ਹੈ। ਭਾਵੇਂ ਚੱਲੀਆਂ ਆ ਰਹੀਆਂ ਰਵਾਇਤਾਂ ਰੋਕਣਾ ਮੁਸ਼ਕਲ ਹੈ, ਪਰੰਤੂ ਅਜਿਹੇ ਸਮਿਆਂ ’ਤੇ ਰੁੱਖ ਬੂਟੇ ਲਗਾ ਕੇ ਆਪਣਾ ਹਿੱਸਾ ਪਾਇਆ ਜਾ ਸਕਦਾ ਹੈ। ਇਸ ਦੌਰਾਨ ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ, ਸੁਖਬੀਰ ਸਿੰਘ ਅਤੇ ਸਹਾਇਕ ਸੁਪ੍ਰਿੰਟੈਂਡੈਂਟ ਮਲਕੀਤ ਸਿੰਘ ਬਹਿੜਵਾਲ ਸਮੇਤ ਹੋਰ ਹਾਜ਼ਰ ਸਨ। -PTC News


Top News view more...

Latest News view more...

LIVE CHANNELS
LIVE CHANNELS