Mon, Apr 29, 2024
Whatsapp

ਸੁਖਪਾਲ ਖਹਿਰਾ ਖ਼ਿਲਾਫ ਰਾਸ਼ਟਰ-ਵਿਰੋਧੀ ਗਤੀਵਿਧੀਆਂ ਲਈ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ: ਅਕਾਲੀ ਦਲ

Written by  Shanker Badra -- June 16th 2018 07:27 PM
ਸੁਖਪਾਲ ਖਹਿਰਾ ਖ਼ਿਲਾਫ ਰਾਸ਼ਟਰ-ਵਿਰੋਧੀ ਗਤੀਵਿਧੀਆਂ ਲਈ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ: ਅਕਾਲੀ ਦਲ

ਸੁਖਪਾਲ ਖਹਿਰਾ ਖ਼ਿਲਾਫ ਰਾਸ਼ਟਰ-ਵਿਰੋਧੀ ਗਤੀਵਿਧੀਆਂ ਲਈ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ: ਅਕਾਲੀ ਦਲ

ਸੁਖਪਾਲ ਖਹਿਰਾ ਖ਼ਿਲਾਫ ਰਾਸ਼ਟਰ-ਵਿਰੋਧੀ ਗਤੀਵਿਧੀਆਂ ਲਈ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ: ਅਕਾਲੀ ਦਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਖਿਲਾਫ ਭਾਰਤ ਨਾਲੋਂ ਤੋੜ ਵਿਛੋੜੇ ਦਾ ਸੱਦਾ ਦਿੰਦੇ 'ਜਨਮਤ 2020' ਦੀ ਹਮਾਇਤ ਕਰਕੇ ਰਾਸ਼ਟਰ-ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਹੋਣ ਲਈ ਅਪਰਾਧਿਕ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ।ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਖਹਿਰਾ ਸਿਰਫ ਪੰਜਾਬ ਨੂੰ ਭਾਰਤ ਨਾਲੋਂ ਵੱਖ ਕੀਤੇ ਜਾਣ ਦੀ ਹੀ ਵਕਾਲਤ ਨਹੀਂ ਕਰ ਰਿਹਾ ਹੈ,ਸਗੋਂ ਫਿਰਕੂ ਭਾਵਨਾਵਾਂ ਨੂੰ ਭੜਕਾ ਕੇ ਮੁਸ਼ਕਿਲ ਨਾਲ ਹਾਸਿਲ ਕੀਤੀ ਸ਼ਾਂਤੀ ਲਈ ਵੀ ਖਤਰਾ ਖੜ੍ਹਾ ਕਰ ਰਿਹਾ ਹੈ। ਆਪ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੁੱਛਦਿਆਂ ਕਿ ਉਹ ਇਸ ਮੁੱਦੇ ਉੱਤੇ ਖਾਮੋਸ਼ ਕਿਉਂ ਹਨ, ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਖਹਿਰਾ ਦੇ ਸਟੈਂਡ ਦਾ ਸਮਰਥਨ ਕਰਦੇ ਹਨ।ਉਹਨਾਂ ਕਿਹਾ ਕਿ ਜੇਕਰ ਨਹੀਂ,ਤਾਂ ਉਹਨਾਂ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਹਨਾਂ ਅਜੇ ਤੀਕ ਖਹਿਰਾ ਖ਼ਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਅਕਾਲੀ ਆਗੂ ਨੇ ਆਮ ਆਦਮੀ ਪਾਰਟੀ ਅਤੇ ਇਸ ਦੇ ਪੰਜਾਬ ਵਿਚਲੇ ਵਿਧਾਇਕਾਂ ਨੂੰ ਵੀ ਪੁੱਛਿਆ ਕਿ ਕੀ ਉਹ ਮਸ਼ਹੂਰ ਪਾਕਿਸਤਾਨੀ ਆਈਐਸਆਈ ਏਜੰਟ ਗੁਰਪਤਵੰਤ ਪੰਨੂ ਵੱਲੋਂ ਤਿਆਰ ਕੀਤੇ ਗਏ ਜਨਮਤ 2020 ਦਾ ਸਮਰਥਨ ਕਰਦੇ ਹਨ? ਉਹਨਾਂ ਕਿਹਾ ਕਿ ਇਹਨਾਂ ਵਿਧਾਇਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਸਾਡੇ ਦੇਸ਼ ਵਿਚ ਪ੍ਰਚੱਲਿਤ ਚੋਣ ਦੀ ਲੋਕਤੰਤਰੀ ਪ੍ਰਕਿਰਿਆ ਵਿਚ ਵਿਸ਼ਵਾਸ਼ ਰੱਖਦੇ ਹਨ ਅਤੇ ਕੀ ਬਾਹਰੀ ਤਾਕਤਾਂ ਨੂੰ ਇਸ ਦੇਸ਼ ਦੀ ਕਿਸਮਤ ਦਾ ਫੈਸਲਾ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ? ਸੁਖਪਾਲ ਖਹਿਰੇ ਬਾਰੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਖਹਿਰਾ ਨੂੰ ਵੀ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਇੱਕ ਚੁਣੇ ਹੋਏ ਨੁੰਮਾਇਦੇ ਵਜੋਂ ਭਾਰਤੀ ਸੰਵਿਧਾਨ ਪ੍ਰਤੀ ਪ੍ਰਤੀਬੱਧ ਹੁੰਦਿਆਂ ਉਸ ਨੇ ਇਸ ਜਨਮਤ ਦੀ ਮੰਗ ਦਾ ਸਮਰਥਨ ਕਿਉਂ ਕੀਤਾ ਹੈ।ਉਹਨਾਂ ਕਿਹਾ ਕਿ ਸਾਰੇ ਪੰਜਾਬੀ ਅਤੇ ਭਾਰਤੀ ਇੱਕ ਮਜ਼ਬੂਤ,ਲੋਕਤੰਤਰੀ ਅਤੇ ਅਗਾਂਹਵਧੂ ਭਾਰਤ ਦੇ ਪੱਖ ਵਿਚ ਹਨ ਅਤੇ ਖਹਿਰੇ ਵਾਂਗ ਇਸ ਦੇ ਉਲਟ ਕੰਮ ਕਰਨ ਵਾਲਾ ਕੋਈ ਵੀ ਵਿਅਕਤੀ ਸਿੱਧਾ ਹੀ ਇੱਕ ਰਾਸ਼ਟਰ-ਵਿਰੋਧੀ ਗਤੀਵਿਧੀ ਵਿਚ ਭਾਗ ਲੈ ਰਿਹਾ ਹੈ।ਸਾਬਕਾ ਮੰਤਰੀ ਨੇ ਕਿਹਾ ਕਿ ਜਿੱਥੋਂ ਤਕ ਸ਼੍ਰੋਮਣੀ ਅਕਾਲੀ ਦਲ ਦਾ ਸੰਬੰਧ ਹੈ,ਇਹ ਪਾਰਟੀ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਪਹਿਰੇਦਾਰ ਹੈ ਅਤੇ ਕਿਸੇ ਵੀ ਖਹਿਰੇ ਵਰਗੇ ਸਿਆਸੀ ਵਿਅਕਤੀ ਜਾਂ ਆਮ ਆਦਮੀ ਪਾਰਟੀ ਨੂੰ ਦੇਸ਼ ਦੀ ਸੁਰੱਖਿਆ ਨਾਲ ਖੇਡਣ ਦੀ ਇਜਾਜ਼ਤ ਨਹੀਂ ਦੇਵੇਗੀ। ਇਸੇ ਦੌਰਾਨ ਅਕਾਲੀ ਆਗੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਿੱਖਾਂ ਦੀ 1984 ਵਿਚ ਕੀਤੀ ਨਸਲਕੁਸ਼ੀ ਦਾ ਇਨਸਾਫ ਲੈਣ ਅਤੇ ਇਸ ਕਤਲੇਆਮ ਦੇ ਦੋਸ਼ੀ ਕਾਂਗਰਸੀਆਂ ਨੂੰ ਸਜ਼ਾ ਦਿਵਾਉਣ ਦੀ ਲੜਾਈ ਵਿਚ ਸਾਰੇ ਪੰਜਾਬੀ ਇਕੱਠੇ ਹਨ।ਉਹਨਾਂ ਕਿਹਾ ਕਿ ਜਨਮਤ ਦੇ ਮੁੱਦੇ ਅਤੇ 1984 ਦੇ ਪੀੜਤਾਂ ਲਈ ਲੜਾਈ ਨੂੰ ਕਿਸੇ ਵੀ ਕੀਮਤ ਉੱਤੇ ਜੋੜਿਆ ਨਹੀਂ ਜਾ ਸਕਦਾ।ਉਹਨਾਂ ਕਿਹਾ ਕਿ ਖਹਿਰਾ ਇੱਕੋ ਸਾਹ ਵਿਚ ਜਨਮਤ 2020 ਅਤੇ 1984 ਲਈ ਇਨਸਾਫ ਦੀ ਗੱਲ ਕਰਕੇ ਸਿੱਖਾਂ ਨਾਲ ਬਹੁਤ ਵੱਡੀ ਨਾਇਨਸਾਫੀ ਕਰ ਰਿਹਾ ਹੈ। ਇੱਕ ਪੁਰਾਣਾ ਕਾਂਗਰਸੀ ਹੋਣ ਕਰਕੇ ਖਹਿਰੇ ਦਾ ਦਿਲ ਅਜੇ ਵੀ ਗਾਂਧੀ ਪਰਿਵਾਰ ਲਈ ਧੜਕਦਾ ਹੈ।ਉਸ ਨੇ ਆਪਣੀ ਸਿਆਸੀ ਜ਼ਿੰਦਗੀ ਦਾ ਵੱਡਾ ਹਿੱਸਾ ਕਾਂਗਰਸ ਪਾਰਟੀ ਵਿਚ ਗੁਜ਼ਾਰਿਆ ਹੈ ਅਤੇ ਉਸ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਤੋਪਾਂ ਅਤੇ ਟੈਂਕਾਂ ਨਾਲ ਹਮਲਾ ਕਰਨ ਲਈ ਇੰਦਰਾ ਗਾਂਧੀ ਅਤੇ ਗਾਂਧੀ ਪਰਿਵਾਰ ਖ਼ਿਲਾਫ ਕਦੇ ਇੱਕ ਵਾਰ ਵੀ ਆਵਾਜ਼ ਨਹੀਂ ਉਠਾਈ।ਪਿਛਲੇ ਦਿਨੀ ਆਪ ਅਤੇ ਕਾਂਗਰਸ ਗਠਜੋੜ ਦੀ ਵਕਾਲਤ ਕਰਨ ਮਗਰੋਂ ਉਹ 1984 ਕਤਲੇਆਮ ਵਾਸਤੇ ਇਨਸਾਫ ਦੀ ਗੱਲ ਕਰਨ ਦੇ ਯੋਗ ਨਹੀਂ ਰਿਹਾ ਹੈ।ਉਹਨਾਂ ਕਿਹਾ ਕਿ 1984 ਕਤਲੇਆਮ ਦਾ ਇਨਸਾਫ ਲੈਣ ਲਈ ਸਾਡੀ ਲੜਾਈ ਜਾਰੀ ਰਹੇਗੀ,ਪਰ ਅਸੀਂ ਬਾਹਰੀ ਤਾਕਤਾਂ ਨੂੰ ਗੁਰਪਤਵੰਤ ਪੰਨੂ ਵਰਗੇ ਆਈਐਸਆਈ ਏਜੰਟ ਵੱਲੋਂ ਤਿਆਰ ਕੀਤੇ ਕਿਸੇ ਵੀ ਜਨਮਤ ਨੂੰ ਸਾਡੇ ਉੱਤੇ ਥੋਪਣ ਦੀ ਆਗਿਆ ਨਹੀਂ ਦੇ ਸਕਦੇ। -PTCNews


Top News view more...

Latest News view more...