ਫਰੀਦਕੋਟ ਸ਼ਾਹੀ ਪਰਿਵਾਰ ਵਿਵਾਦ 'ਤੇ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖਿਆ
ਨਵੀ ਦਿੱਲੀ, 30 ਜੁਲਾਈ: ਸੁਪਰੀਮ ਕੋਰਟ ਨੇ ਫਰੀਦਕੋਟ ਦੇ ਮਰਹੂਮ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਫਰੀਦਕੋਟ ਜਾਇਦਾਦ ਬਾਰੇ ਦਾਅਵਿਆਂ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਜਿਸਤੋਂ ਬਾਅਦ ਹੁਣ 25,000 ਕਰੋੜ ਰੁਪਏ ਦੀ ਜਾਇਦਾਦ ਨੂੰ ਲੈ ਕੇ ਤਿੰਨ ਦਹਾਕੇ ਪੁਰਾਣੇ ਫਰੀਦਕੋਟ ਸ਼ਾਹੀ ਪਰਿਵਾਰ ਦੇ ਵਿਵਾਦ ਦੀ ਜਲਦ ਖਤਮ ਹੋਣ ਦੀ ਉਮੀਦ ਹੈ।
ਸਿਖ਼ਰਲੀ ਅਦਾਲਤ ਦੇ ਤਿੰਨ ਮੈਂਬਰੀ ਬੈਂਚ ਨੇ ਵੀਰਵਾਰ ਨੂੰ ਦੋਵਾਂ ਧਿਰਾਂ ਦੀ ਨੁਮਾਇੰਦਗੀ ਕਰ ਰਹੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ। ਫਰੀਦਕੋਟ ਅਸਟੇਟ ਦੀ ਜਾਇਦਾਦ ਦਾ ਪ੍ਰਬੰਧਨ ਕਰਨ ਵਾਲੇ ਮਹਾਰਾਵਲ ਖੇਵਾਜੀ ਟਰੱਸਟ ਅਤੇ ਮਹਾਰਾਜਾ ਦੀ ਧੀ ਅੰਮ੍ਰਿਤ ਕੌਰ ਵਿਚਕਾਰ ਲੰਬੀ ਕਾਨੂੰਨੀ ਲੜਾਈ ਚੱਲ ਰਹੀ ਹੈ। ਜਿਸ ਨੇ ਸਾਲ 1992 ਵਿਚ ਟਰੱਸਟ ਦੇ ਹੱਕ ਵਿਚ ਕੀਤੀ ਗਈ 1982 ਦੀ 'ਵਸੀਅਤ' ਨੂੰ ਚੁਣੌਤੀ ਦਿੱਤੀ ਸੀ।
ਦੱਸ ਦੇਈਏ ਕਿ ਹਰਿੰਦਰ ਸਿੰਘ ਦੀ 25,000 ਕਰੋੜ ਦੀ ਜਾਇਦਾਦ ਅਧੀਨ ਸ਼ਾਹੀ ਸੰਪਤੀਆਂ ਵਿੱਚ ਕਿਲੇ, ਮਹਿਲ, ਇਮਾਰਤਾਂ, ਸੈਂਕੜੇ ਏਕੜ ਜ਼ਮੀਨ, ਗਹਿਣੇ, ਵਿੰਟੇਜ ਕਾਰਾਂ ਅਤੇ ਇੱਕ ਵੱਡਾ ਬੈਂਕ ਬੈਲੰਸ ਸ਼ਾਮਲ ਹੈ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ 2013 ਵਿੱਚ ਮਹਾਰਾਵਲ ਖੇਵਾਜੀ ਟਰੱਸਟ ਦੇ ਹੱਕ ਵਿੱਚ 'ਵਸੀਅਤ' ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਸੀ ਅਤੇ ਮਹਾਰਾਜਾ ਦੀਆਂ ਧੀਆਂ- ਅੰਮ੍ਰਿਤ ਕੌਰ ਅਤੇ ਦੀਪਇੰਦਰ ਕੌਰ ਦੇ ਹੱਕ ਵਿਚ ਫੈਸਲਾ ਸੁਣਾਇਆ ਸੀ।
ਇਸਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਸਾਲ 2020 ਵਿੱਚ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ ਸੀ। ਬਰਾੜ ਦੀ 'ਇੱਛਾ' ਨੂੰ 'ਜਾਅਲੀ' ਘੋਸ਼ਿਤ ਕਰਨ ਵਾਲੇ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਮਹਾਰਾਵਲ ਖੇਵਾਜੀ ਟਰੱਸਟ ਦੁਆਰਾ ਦਾਇਰ ਪਟੀਸ਼ਨ 'ਤੇ ਕਾਰਵਾਈ ਕਰਦੇ ਹੋਏ ਸਿਖਰਲੀ ਅਦਾਲਤ ਨੇ ਅਗਸਤ 2020 ਵਿੱਚ ਸਥਿਤੀ ਜਿਉਂ ਦੀ ਤਿਉਂ ਰੱਖਣ ਦਾ ਹੁਕਮ ਦਿੱਤਾ ਸੀ ਅਤੇ ਟਰੱਸਟ ਨੂੰ ਸ਼ਾਹੀ ਜਾਇਦਾਦ ਦੇ ਕੇਅਰਟੇਕਰ ਵਜੋਂ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਸੀ।
-PTC News