ਸਰਕਾਰ ਪਟਿਆਲਾ 'ਚ ਖੋਲ੍ਹੇਗੀ ਰਾਜ ਦਾ ਪਹਿਲਾ ਸੰਕੇਤ ਭਾਸ਼ਾ ਕੇਂਦਰ: ਚੇਤਨ ਸਿੰਘ ਜੌੜਾਮਾਜਰਾ
ਪਟਿਆਲਾ ਐਸੋਸੀਏਸ਼ਨ ਆਫ਼ ਡੈਫ਼ ਦੇ ਪ੍ਰਧਾਨ ਜਗਦੀਪ ਸਿੰਘ ਵੱਲੋਂ ਇੱਥੇ ਕਰਵਾਏ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਹਰ ਨਾਗਰਿਕ ਸੰਕੇਤ ਭਾਸ਼ਾ ਸਿੱਖੇ ਤਾਂ ਕਿ ਅਸੀਂ ਬੋਲਣ ਅਤੇ ਸੁਣਨ ਤੋਂ ਅਸਮਰਥ ਲੋਕਾਂ ਦੀਆਂ ਭਾਵਨਾਵਾਂ ਸਮਝ ਕੇ ਇਨ੍ਹਾਂ ਨਾਲ ਵਾਰਤਾਲਾਪ ਸੁਖਾਂਵੇਂ ਮਾਹੌਲ 'ਚ ਕਰ ਸਕੀਏ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਹਰਮੀਤ ਸਿੰਘ ਪਠਾਣਮਾਜਰਾ, ਗੁਰਲਾਲ ਘਨੌਰ, ਗੁਰਦੇਵ ਸਿੰਘ ਦੇਵ ਮਾਨ ਤੇ ਕੁਲਵੰਤ ਸਿੰਘ ਬਾਜ਼ੀਗਰ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਮੌਜੂਦ ਸਨ।
ਚੇਤਨ ਸਿੰਘ ਜੌੜਾਮਾਜਰਾ ਨੇ ਬੋਲਣ ਤੇ ਸੁਨਣ ਤੋਂ ਅਸਮਰੱਥ ਵਿਅਕਤੀਆਂ ਵੱਲੋਂ ਜਿੰਦਗੀ ਜਿਊਣ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਸਲਾਮ ਕਰਦਿਆਂ ਕਿਹਾ ਕਿ ਅਜਿਹੇ ਲੋਕਾਂ 'ਚ ਜਜ਼ਬਾ ਆਮ ਵਿਅਕਤੀ ਤੋਂ ਵੀ ਵੱਧ ਹੁੰਦਾ ਹੈ ਪਰੰਤੂ ਇਨ੍ਹਾਂ ਨੂੰ ਸਹੀ ਮੌਕੇ ਪ੍ਰਦਾਨ ਨਹੀਂ ਹੁੰਦੇ। ਉਨ੍ਹਾਂ ਭਰੋਸਾ ਦਿੱਤਾ ਕਿ ਹੁਣ ਭਗਵੰਤ ਮਾਨ ਸਰਕਾਰ ਦਿਵਿਆਂਗਜਨਾਂ ਸਮੇਤ ਸਮੂਹ ਪੰਜਾਬੀਆਂ ਦੀਆਂ ਉਮੀਦਾਂ ਉਪਰ ਪੂਰੀ ਤਰ੍ਹਾਂ ਖਰ੍ਹਾ ਉਤਰੇਗੀ।
ਪਟਿਆਲਾ ਐਸੋਸੀਏਸ਼ਨ ਆਫ਼ ਡੈਫ਼ ਦੇ ਪ੍ਰਧਾਨ ਜਗਦੀਪ ਸਿੰਘ ਨੇ ਬੋਲਣ ਤੇ ਸੁਨਣ ਤੋਂ ਅਸਮਰੱਥ ਵਿਅਕਤੀਆਂ ਦੀਆਂ ਮੰਗਾਂ ਸਿਹਤ ਮੰਤਰੀ ਤੇ ਵਿਧਾਇਕ ਸਾਹਿਬਾਨ ਦੇ ਸਨਮੁੱਖ ਰੱਖਦਿਆਂ ਕਿਹਾ ਕਿ ਅਜਿਹੇ ਵਿਅਕਤੀ ਇਕੱਲੇ ਬੋਲ ਤੇ ਸੁਣ ਨਹੀਂ ਸਕਦੇ ਪ੍ਰੰਤੂ ਦਿਮਾਗੀ ਤੌਰ 'ਤੇ ਉਹ ਡੰਬ ਨਹੀਂ ਹਨ, ਜਿਹਾ ਕਿ ਪਹਿਲਾਂ ਕਿਹਾ ਜਾਂਦਾ ਸੀ। ਇਸ ਲਈ ਇਨ੍ਹਾਂ ਦੀਆਂ ਭਾਵਨਾਂਵਾਂ ਨੂੰ ਸਮਝਣ ਲਈ ਸੰਕੇਤ ਭਾਸ਼ਾ ਸਿਖਾਉਣ ਦੇ ਯੋਗ ਪ੍ਰਬੰਧ ਕੀਤੇ ਜਾਣ।
ਰਿਪੋਰਟ-ਗਗਨਦੀਪ ਅਹੂਜਾ
ਇਹ ਵੀ ਪੜ੍ਹੋ;NIA ਨੇ ਅੱਤਵਾਦੀ ਗਿਰੋਹ ਦੇ 3 ਨੇਤਾਵਾਂ ਨੂੰ ਕੀਤਾ ਗ੍ਰਿਫ਼ਤਾਰ
-PTC News