ਕੋਵਿਡ ਦੀ ਲਾਗ ਦੀ ਰਫ਼ਤਾਰ ਜਾਰੀ, ਦੇਸ਼ 'ਚ ਪਿਛਲੇ 24 ਘੰਟਿਆਂ 'ਚ 3,805 ਨਵੇਂ ਕੇਸ ਆਏ
ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਮਾਮੂਲੀ ਵਾਧਾ ਹੋਇਆ ਹੈ। ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 3,805 ਨਵੇਂ ਕੋਵਿਡ -19 ਮਾਮਲੇ ਦਰਜ ਕੀਤੇ ਗਏ ਹਨ। ਕੋਰੋਨਾ ਕਾਰਨ ਪਿਛਲੇ 24 ਘੰਟਿਆਂ ਵਿੱਚ 22 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ 3,168 ਕੋਰੋਨਾ ਤੋਂ ਠੀਕ ਹੋਏ ਹਨ।
3,168 ਲੋਕ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਰਿਕਵਰੀ ਦਾ ਅੰਕੜਾ 4,25,54,416 ਤੱਕ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 4,87,544 ਟੈਸਟ ਕੀਤੇ ਗਏ ਹਨ। ਜਿਸ ਤੋਂ ਬਾਅਦ ਕੁੱਲ ਟੈਸਟਾਂ ਦਾ ਅੰਕੜਾ ਵੀ 84.03 ਕਰੋੜ ਤੱਕ ਪਹੁੰਚ ਗਿਆ ਹੈ। ਰਾਸ਼ਟਰ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ 190.00 ਕਰੋੜ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। 6 ਮਈ ਦੀ ਰਿਪੋਰਟ 'ਚ 3,545 ਨਵੇਂ ਮਾਮਲੇ ਸਾਹਮਣੇ ਆਏ ਸਨ।
ਇਸ ਦੌਰਾਨ 27 ਮਰੀਜ਼ਾਂ ਦੀ ਵੀ ਮੌਤ ਹੋ ਗਈ ਸੀ, ਹੁਣ ਐਕਟਿਵ ਕੇਸ 20,303 ਹੋ ਗਏ ਹਨ। ਐਕਟਿਵ ਕੇਸ ਕੁੱਲ ਲਾਗ ਦਾ 0.05 ਫ਼ੀਸਦੀ ਹਨ। ਪਿਛਲੇ ਕੁਝ ਦਿਨਾਂ ਤੋਂ ਦੇਸ਼ 'ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵੱਧਦੇ ਨਜ਼ਰ ਆ ਰਹੇ ਹਨ। ਹਾਲਾਂਕਿ ਮਈ ਤੋਂ ਪਹਿਲਾਂ ਕੁਝ ਮਹੀਨਿਆਂ 'ਚ ਦੇਸ਼ ਭਰ 'ਚ ਕੋਰੋਨਾ ਦੇ ਮਾਮਲਿਆਂ 'ਚ ਕਮੀ ਆਈ ਸੀ ਜਿਸ ਨੂੰ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਸੀ। ਇਸ ਲਈ ਜ਼ਿਆਦਾਤਰ ਰਾਜਾਂ ਨੇ ਕੋਰੋਨਾ ਪਾਬੰਦੀਆਂ ਨੂੰ ਵੀ ਹਟਾਉਣ ਦਾ ਫ਼ੈਸਲਾ ਕੀਤਾ ਸੀ ਪਰ ਕੋਰੋਨਾ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਨੇ ਇਕ ਵਾਰ ਫਿਰ ਸੂਬਾ ਸਰਕਾਰਾਂ ਦੀ ਚਿੰਤਾ ਵਧਾ ਦਿੱਤੀ ਹੈ।
ਰਾਜਸਥਾਨ ਦੇ ਜੈਪੁਰ ਵਿੱਚ ਮਾਮਲੇ ਕਾਫੀ ਵੱਧ ਹਨ ਜਿਸ ਕਾਰਨ ਸਿਹਤ ਵਿਭਾਗ ਲਈ ਚਿੰਤਾ ਦਾ ਵਿਸ਼ਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਵੀ ਕੋਰੋਨਾ ਦੇ ਕੇਸਾਂ ਦੀ ਰਫਤਾਰ ਵਿੱਚ ਤੇਜ਼ੀ ਆ ਰਹੀ ਹੈ। ਪਟਿਆਲਾ ਵਿੱਚ ਦੋ ਦਿਨ ਲਗਾਤਾਰ ਵੱਧ ਆ ਰਹੇ ਕੇਸਾਂ ਕਾਰਨ ਸਿਹਤ ਵਿਭਾਗ ਦੀਆਂ ਦਿੱਕਤਾਂ ਵੱਧ ਗਈਆਂ ਹਨ।
ਇਹ ਵੀ ਪੜ੍ਹੋ : ਇਮਾਰਤ ਨੂੰ ਅੱਗ ਲੱਗਣ ਨਾਲ 7 ਲੋਕ ਜ਼ਿੰਦਾ ਸੜੇ