ਵੀਡੀਓ

ਕੁੱਤੇ ਨੂੰ ਚੱਲਦੀ ਕਾਰ ਨਾਲ ਬੰਨ੍ਹ ਕੇ ਘਸੀਟਿਆ, ਆਰੋਪੀ ਡਾਕਟਰ ਖ਼ਿਲਾਫ਼ ਕੇਸ ਦਰਜ

By Jasmeet Singh -- September 19, 2022 3:20 pm -- Updated:September 19, 2022 3:23 pm

Rajasthan Dog Viral Video: ਰਾਜਸਥਾਨ ਵਿੱਚ ਇੱਕ ਕੁੱਤੇ ਨਾਲ ਕਥਿਤ ਬੇਰਹਿਮੀ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਕੁੱਤੇ ਨੂੰ ਚੱਲਦੀ ਕਾਰ ਨਾਲ ਬੰਨ੍ਹ ਕੇ ਕਾਫੀ ਦੂਰ ਤੱਕ ਘਸੀਟਿਆ ਗਿਆ। ਇਸ ਦੌਰਾਨ ਬੇਸਹਾਰਾ ਕੁੱਤਾ ਕਾਰ ਦੇ ਪਿੱਛੇ ਭੱਜਦਾ ਦੇਖਿਆ ਗਿਆ। ਘਟਨਾ ਦੌਰਾਨ ਉੱਥੋਂ ਲੰਘ ਰਹੇ ਕੁਝ ਲੋਕਾਂ ਨੇ ਸਾਰੀ ਘਟਨਾ ਦੀ ਵੀਡੀਓ ਰਿਕਾਰਡ ਕਰ ਲਈ। ਕਲਿੱਪ ਵਾਇਰਲ ਹੋਣ ਤੋਂ ਬਾਅਦ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਦੀ ਪਛਾਣ ਡਾਕਟਰ ਵਜੋਂ ਹੋਈ ਹੈ।

ਇਹ ਮਾਮਲਾ ਜੋਧਪੁਰ ਦਾ ਦੱਸਿਆ ਜਾ ਰਿਹਾ ਹੈ। ਹਾਸਿਲ ਜਾਣਕਾਰੀ ਮੁਤਾਬਕ ਸਰਕਾਰੀ ਹਸਪਤਾਲ ਦੇ ਪਲਾਸਟਿਕ ਸਰਜਨ ਦੇ ਖਿਲਾਫ ਇੱਕ ਅਵਾਰਾ ਕੁੱਤੇ ਨੂੰ ਆਪਣੀ ਕਾਰ ਨਾਲ ਬੰਨ੍ਹਣ ਅਤੇ ਉਸਨੂੰ ਸੜਕ 'ਤੇ ਘਸੀਟਣ ਦਾ ਮਾਮਲਾ ਦਰਜ ਕੀਤਾ ਗਿਆ।

ਮੁਲਜ਼ਮ ਡਾਕਟਰ ਰਜਨੀਸ਼ ਗਲਵਾ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 428 (ਜਾਨਵਰ ਨੂੰ ਮਾਰਨਾ ਜਾਂ ਅਪੰਗ ਕਰਨਾ) ਅਤੇ ਜਾਨਵਰਾਂ ਲਈ ਬੇਰਹਿਮੀ ਰੋਕੂ ਐਕਟ ਦੀ ਧਾਰਾ 11 (ਜਾਨਵਰਾਂ ਨਾਲ ਬੇਰਹਿਮੀ) ਤਹਿਤ ਮਾਮਲਾ ਦਰਜ ਕੀਤੀ ਗਿਆ ਹੈ।

ਹਾਲਾਂਕਿ ਇਸ ਸਬੰਧ 'ਚ ਗਲਵਾ ਵਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਐਸਐਨ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦਿਲੀਪ ਕਚਵਾਹਾ ਨੇ ਦੱਸਿਆ ਕਿ ਮੁਲਜ਼ਮ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ 24 ਘੰਟਿਆਂ ਵਿੱਚ ਜਵਾਬ ਮੰਗਿਆ ਗਿਆ ਹੈ।

ਦਰਅਸਲ ਕੁਝ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾਈ ਸੀ। ਇਸ ਦੇ ਨਾਲ ਹੀ ਉਨ੍ਹਾਂ ਡਾਕਟਰ ਨੂੰ ਗੱਡੀ ਰੋਕਣ ਲਈ ਕਿਹਾ ਅਤੇ ਕੁੱਤੇ ਨੂੰ ਛੁਡਵਾਇਆ। ਇਸ ਦੌਰਾਨ ‘ਡੌਗ ਹੋਮ ਫਾਊਂਡੇਸ਼ਨ’ ਦੇ ਇੱਕ ਕੇਅਰਟੇਕਰ ਨੇ ਦੱਸਿਆ ਕਿ ਕੁੱਤੇ ਦੀ ਇੱਕ ਲੱਤ ਵਿੱਚ ਫਰੈਕਚਰ ਹੈ, ਜਦੋਂ ਕਿ ਦੂਜੀ ਲੱਤ ਅਤੇ ਗਰਦਨ 'ਚ ਜ਼ਖਮਾਂ ਦੀ ਪੁਸ਼ਟੀ ਹੋਈ ਹੈ।


-PTC News

  • Share