ਮੁੱਖ ਖਬਰਾਂ

ਨਵ ਵਿਆਹੀ ਪਤਨੀ ਤੋਂ ਚਾਹੁੰਦਾ ਸੀ ਤਲਾਕ ਤਾਂ ਆਪਣੀ ਹੀ ਕਿਡਨੈਪਿੰਗ ਦਾ ਡਰਾਮਾ ਰਚ ਛੱਡਿਆ

By Jasmeet Singh -- June 29, 2022 6:50 pm -- Updated:June 29, 2022 6:52 pm

ਸ੍ਰੀ ਮੁਕਤਸਰ ਸਾਹਿਬ, 29 ਜੂਨ: ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਵਿਚ ਆਪਣੀ ਨਵ ਵਿਆਹੀ ਘਰਵਾਲੀ ਤੋਂ ਤਲਾਕ ਲੈਣ ਲਈ ਵਿਅਕਤੀ ਨੇ ਖ਼ੁਦ ਲਈ ਹੀ ਕਿਡਨੈਪਿੰਗ ਦਾ ਡਰਾਮਾ ਰਚਿਆ। ਆਖਿਰਕਾਰ ਪੁਲਿਸ ਨੇ ਇਸ ਸਾਰੇ ਡਰਾਮੇ ਦਾ ਪਰਦਾਫਾਸ਼ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਰਾਹ ਜਾਂਦੇ ਗੋਲਡੀ ਬਰਾੜ ਨਾਲ ਕੁੱਟਮਾਰ ਦਾ ਪੂਰਾ ਸੱਚ ਆਇਆ ਸਾਹਮਣੇ

ਮਾਮਲਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕੁੱਕਰੀਆਂ ਨਾਲ ਜੁੜਿਆ ਹੋਇਆ ਹੈ। ਬੀਤੇ ਦਿਨੀਂ ਪਿੰਡ ਕੁੱਕਰੀਆ ਦੇ ਵਾਸੀ ਰਾਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਲੜਕਾ ਗਗਨਦੀਪ ਸਿੰਘ ਉਰਫ ਗੱਗੀ ਜਿਸ ਦੀ ਉਮਰ 23 ਸਾਲ ਹੈ ਅਤੇ ਉਸਦਾ ਵਿਆਹ ਅਬੋਹਰ ਦੇ ਨੇੜਲੇ ਇੱਕ ਪਿੰਡ ਵਿੱਚ ਹੋਇਆ ਹੈ। ਉਸਦੇ ਬੇਟੇ ਨੇ ਜਿਸ ਦਿਨ ਦਾ ਵਿਆਹ ਕਰਵਾਇਆ ਹੈ ਉਸ ਦਿਨ ਤੋਂ ਹੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਅਤੇ ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਸ ਨੇ ਇਸ ਲੜਕੀ ਨਾਲ ਵਿਆਹ ਕਰਵਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਜੇਕਰ ਉਸ ਨੇ ਤਲਾਕ ਨਾ ਲਿਆ ਤਾਂ ਉਸ ਦਾ ਹਸ਼ਰ ਮਾੜਾ ਕੀਤਾ ਜਾਵੇਗਾ।

14 ਜੂਨ ਨੂੰ ਉਸਦਾ ਬੇਟਾ ਗਗਨਦੀਪ ਸਿੰਘ ਅਚਾਨਕ ਘਰੋਂ ਗਾਇਬ ਹੋ ਗਿਆ ਅਤੇ ਉਸ ਦਾ ਮੋਬਾਇਲ ਵੀ ਬੰਦ ਆਉਣ ਲੱਗਾ, ਸ਼ਾਮ ਸਮੇਂ ਉਸ ਦੇ ਭਾਣਜੇ ਦੇ ਫ਼ੋਨ ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਵਟਸਐਪ ਦੇ ਰਾਹੀਂ ਇੱਕ ਆਡੀਓ ਕਲਿੱਪ 'ਤੇ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਨੇ ਗਗਨਦੀਪ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ ਅਜਿਹੇ ਕਈ ਧਮਕੀ ਭਰੇ ਮੈਸੇਜ ਫੋਨ ਤੇ ਆਏ। ਧਮਕੀ ਦੇਣ ਵਾਲੇ ਨੇ ਕਿਹਾ ਕਿ ਗਗਨਦੀਪ ਦੀ ਪਤਨੀ ਤੋਂ ਤਲਾਕ ਦੇ ਕਾਗਜ਼ ਲਿਖਵਾ ਕੇ ਭੇਜ ਦਿੱਤੇ ਜਾਣ ਅਤੇ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਗਗਨਦੀਪ ਦਾ ਕਤਲ ਕਰ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਇੱਕ ਫੋਟੋ ਜਿਸ ਵਿੱਚ ਗਗਨਦੀਪ ਦੇ ਹੱਥ ਪੈਰ ਬੰਨ੍ਹ ਕੇ ਮੂੰਹ ਵਿਚ ਕੱਪੜਾ ਪਾ ਕੇ ਬੇਹੋਸ਼ੀ ਦੀ ਹਾਲਤ ਵਿਚ ਅਤੇ ਜਿਸ ਕੋਲ ਇੱਕ ਵਿਅਕਤੀ ਦੇਸੀ ਕੱਟਾ ਫੜ ਕੇ ਖੜ੍ਹਾ ਹੈ ਵੀ ਭੇਜੀ ਗਈ। ਉਧਰ ਪੁਲਿਸ ਨੇ ਜਦ ਸਾਰੇ ਮਾਮਲੇ ਦੀ ਬਾਰੀਕੀ ਨਾਲ ਤਫਤੀਸ਼ ਸ਼ੁਰੂ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਗਗਨਦੀਪ ਨੂੰ ਕਿਸੇ ਨੇ ਅਗਵਾ ਨਹੀਂ ਕੀਤਾ ਬਲਕਿ ਉਹ ਖ਼ੁਦ ਹੀ ਇਹ ਡਰਾਮਾ ਕਰ ਰਿਹਾ ਹੈ।

ਉਸ ਨੇ ਆਪਣੀ ਆਵਾਜ਼ ਬਦਲ ਕੇ ਕਿਸੇ ਅਣਪਛਾਤੀ ਜਗ੍ਹਾ ਤੋਂ ਵਾਰ ਵਾਰ ਆਡੀਓ ਕਲਿੱਪ ਭੇਜੇ ਸਨ, ਜਿਨ੍ਹਾਂ ਵਿੱਚ ਧਮਕੀ ਦਿੱਤੀ ਗਈ। ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਗਗਨਦੀਪ ਅੰਮ੍ਰਿਤਸਰ ਦੇ ਇਕ ਹੋਟਲ ਵਿਚ ਲੁਕਿਆ ਹੋਇਆ ਸੀ, ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਦੀ ਇਕ ਟੀਮ ਨੇ ਗਗਨਦੀਪ ਸਿੰਘ ਨੂੰ ਉਥੋਂ ਕਾਬੂ ਕਰ ਲਿਆ ਅਤੇ ਪੁੱਛਗਿੱਛ ਦੌਰਾਨ ਉਸ ਨੇ ਇਹ ਸਾਰੀ ਸਚਾਈ ਵੀ ਕਬੂਲ ਲਈ।

ਇਹ ਵੀ ਪੜ੍ਹੋ: ਸਰਕਾਰ ਦੀਆਂ ਮਾੜੀ ਨੀਤੀਆਂ ਕਾਰਨ ਲੱਗ ਸਕਦੀ ਸੂਬੇ ’ਚ ਆਰਥਿਕ ਐਮਰਜੈਂਸੀ : ਪ੍ਰੋ. ਚੰਦੂਮਾਜਰਾ

ਇਸ ਦੌਰਾਨ ਗਗਨਦੀਪ ਤੋਂ ਇਕ ਦੇਸੀ ਪਿਸਤੌਲ ਜੋ ਕੇ ਫੋਟੋ ਵਿਚ ਵਿਖਾਇਆ ਜਾ ਰਿਹਾ ਸੀ ਉਹ ਵੀ ਬਰਾਮਦ ਕੀਤਾ ਗਿਆ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਗਗਨਦੀਪ ਆਪਣੀ ਪਤਨੀ ਤੋਂ ਤਲਾਕ ਲੈਣਾ ਚਾਹੁੰਦਾ ਸੀ ਅਤੇ ਉਸ ਲਈ ਉਸ ਨੇ ਸਾਰਾ ਡਰਾਮਾ ਰਚਿਆ। ਫਿਲਹਾਲ ਪੁਲਿਸ ਨੇ ਗਗਨਦੀਪ ਨੂੰ ਕਾਬੂ ਕਰਕੇ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


-PTC News

  • Share