adv-img
ਮੁੱਖ ਖਬਰਾਂ

ਯਾਦਵਿੰਦਰਾ ਪਬਲਿਕ ਸਕੂਲ ਮੋਹਾਲੀ ਨੇ ਕ੍ਰਿਕਟ ਚੈਂਪੀਅਨਸ਼ਿਪ 'ਚ ਗੱਡੇ ਝੰਡੇ

By Ravinder Singh -- October 22nd 2022 06:15 PM

ਚੰਡੀਗੜ੍ਹ : ਬੀਕੇ ਬਿਰਲਾ ਸਕੂਲ, ਪੁਣੇ ਵਿੱਚ ਹੋਈ ਆਲ ਇੰਡੀਆ ਇੰਟਰ ਪਬਲਿਕ ਸਕੂਲ ਅੰਡਰ-14 ਕ੍ਰਿਕਟ ਚੈਂਪੀਅਨਪ 'ਚ ਯਾਦਵਿੰਦਰਾ ਪਬਲਿਕ ਸਕੂਲ (ਵਾਈ.ਪੀ.ਐਸ.) ਮੋਹਾਲੀ ਨੇ ਜਿੱਤ ਦੇ ਝੰਡੇ ਗੱਡੇ। ਫਾਈਨਲ ਮੈਚ ਵਿੱਚ ਵਾਈਪੀਐਸ ਮੋਹਾਲੀ ਨੇ ਡੀਪੀਐਸ ਮਥੁਰਾ ਰੋਡ, ਦਿੱਲੀ ਨੂੰ 26 ਦੌੜਾਂ ਨਾਲ ਹਰਾ ਕੇ ਟਰਾਫੀ ਜਿੱਤੀ। ਟਾਸ ਜਿੱਤ ਕੇ ਵਾਈਪੀਐਸ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਟੀਮ ਦੇ ਕਪਤਾਨ ਅਯਾਨ ਸ੍ਰੀਵਾਸਤਵ (33) ਅਤੇ ਉਪ ਕਪਤਾਨ ਅਨਹਦ ਸਿੰਘ ਸੰਧੂ (46) ਵਿਚਕਾਰ 99 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਨਾਲ ਟੀਮ ਨੇ ਨਿਰਧਾਰਤ 20 ਓਵਰਾਂ 'ਚ 115/6 ਦੌੜਾਂ ਬਣਾਈਆਂ। ਮੋਹਾਲੀ ਟੀਮ ਦੇ ਗੇਂਦਬਾਜ਼ਾਂ ਦੀ ਲਗਾਤਾਰ ਨਪੀ-ਤੁਲੀ ਗੇਂਦਬਾਜ਼ੀ ਦੇ ਚੱਲਦਿਆਂ ਡੀਪੀਐਸ ਮਥੁਰਾ ਦੀ ਟੀਮ ਨੇ 17.5 ਓਵਰਾਂ 'ਚ ਮਹਿਜ਼ 89 ਦੌੜਾਂ ਬਣਾਕੇ ਹੀ ਗੋਡੇ ਟੇਕ ਦਿੱਤੇ।

ਯਾਦਵਿੰਦਰਾ ਪਬਲਿਕ ਸਕੂਲ ਮੋਹਾਲੀ ਨੇ ਕ੍ਰਿਕਟ ਚੈਂਪੀਅਨਸ਼ਿਪ 'ਚ ਗੱਡੇ ਝੰਡੇਇਸ ਮੈਚ ਵਿਚ ਅਨਹਦ ਸੰਧੂ ਵੱਲੋਂ ਇੱਕ ਸ਼ਾਨਦਾਰ ਕੈਚ ਖਿੱਚ ਦਾ ਕੇਂਦਰ ਬਣਿਆ, ਜੋ ਉਸਨੇ ਲਗਭਗ 15 ਮੀਟਰ ਪਿੱਛੇ ਦੌੜ ਕੇ ਲਿਆ। ਇਸ ਨੇ ਕ੍ਰਿਕਟ ਪ੍ਰੇਮੀਆਂ ਨੂੰ 1983 ਵਿਸ਼ਵ ਕੱਪ ਦੌਰਾਨ ਸਰ ਵਿਵ ਰਿਚਰਡਸ ਨੂੰ ਆਊਟ ਕਰਨ ਲਈ ਕਪਿਲ ਦੁਆਰਾ ਲਏ ਗਏ ਕੈਚ ਦੀ ਯਾਦ ਤਾਜ਼ਾ ਕਰ ਦਿੱਤੀ। ਵਾਈਪੀਐਸ ਮੋਹਾਲੀ ਦਾ ਕਪਤਾਨ ਅਯਾਨ ਸ੍ਰੀਵਾਸਤਵ ਟੂਰਨਾਮੈਂਟ ਦੇ ਕੁਆਰਟਰ, ਸੈਮੀ ਅਤੇ ਫਾਈਨਲ ਵਿੱਚ ਮੈਨ ਆਫ ਦਾ ਮੈਚ ਰਿਹਾ ਅਤੇ ਟੂਰਨਾਮੈਂਟ ਦੌਰਾਨ ਕੁੱਲ 146 ਦੌੜਾਂ ਅਤੇ ਉਪ ਕਪਤਾਨ ਅਨਹਦ ਸੰਧੂ ਨੇ 139 ਦੌੜਾਂ ਬਣਾਈਆਂ। ਮਹਿਜ਼ 11 ਸਾਲਾਂ ਦੇ ਉਭਰਦੇ ਵਿਕਟਕੀਪਰ ਹਰਜਗਤੇਸਵਰ ਖਹਿਰਾ ਨੇ 5 ਖਿਡਾਰੀਆਂ ਨੂੰ ਸਟੰਪ ਦੇ ਪਿੱਛੇ ਆਊਟ ਕਰਨ ਲਈ ਵਾਹ-ਵਾਹ ਬਟੋਰੀ ਤੇ ਸਰਵੋਤਮ ਵਿਕਟਕੀਪਰ ਵਜੋਂ ਚੁਣਿਆ ਗਿਆ। ਆਫ ਸਪਿੰਨਰ ਵੀਰ ਸਿੰਘ ਭਸੀਨ 8 ਵਿਕਟਾਂ ਲੈ ਕੇ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ ਬਣਿਆ।

ਇਹ ਵੀ ਪੜ੍ਹੋ : ਐਡਵੋਕੇਟ ਧਾਮੀ ਵੱਲੋਂ ਮਾਨਸਾ ’ਚ ਰਾਮ ਰਹੀਮ ਦੇ ਡੇਰਾ ਖੋਲ੍ਹਣ ਦੇ ਐਲਾਨ ’ਤੇ ਸਖ਼ਤ ਪ੍ਰਤੀਕਰਮ

ਇਸ ਤੋਂ ਇਲਾਵਾ ਟੂਰਨਾਮੈਂਟ ਦੌਰਾਨ ਵਾਈਪੀਐਸ ਦੇ ਅਕਾਂਸ ਠਾਕੁਰ ਨੇ 7, ਅਯਾਨ ਸ੍ਰੀਵਾਸਤਵ ਨੇ 5, ਗੁਰਮਨ ਸਿੱਧੂ ਨੇ 5 ਤੇ ਜਸਕੀਰਤ ਸਿੰਘ ਨੇ 4 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਟੂਰਨਾਮੈਂਟ ਵਿੱਚ ਵਾਈਪੀਐਸ ਮੋਹਾਲੀ ਨੇ ਸੈਮੀਫਾਈਨਲ ਵਿੱਚ ਡੀਪੀਐਸ ਆਰਕੇ ਪੁਰਮ, ਦਿੱਲੀ ਨੂੰ 59 ਦੌੜਾਂ ਨਾਲ ਹਰਾਇਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵਾਈਪੀਐਸ ਮੁਹਾਲੀ ਨੇ 20 ਓਵਰਾਂ 'ਚ 125 ਦੌੜਾਂ ਬਣਾਈਆਂ ਜਿਸ ਦੇ ਜਵਾਬ 'ਚ ਡੀਪੀਐਸ ਆਰਕੇ ਪੁਰਮ ਦੀ ਟੀਮ ਸਿਰਫ 66 ਦੌੜਾਂ ਉਤੇ ਢੇਰ ਹੋ ਗਈ। ਕੁਆਰਟਰ ਫਾਈਨਲ 'ਚ ਵਾਈਪੀਐਸ ਮੁਹਾਲੀ ਨੇ ਬੀਕੇ ਬਿਰਲਾ ਸਕੂਲ, ਪੁਣੇ ਨੂੰ 19.3 ਓਵਰਾਂ 'ਚ 115 ਦੌੜਾਂ ਦਾ ਪਿੱਛਾ ਕਰਦਿਆਂ ਹਰਾਇਆ। ਵਾਈਪੀਐਸ ਮੁਹਾਲੀ ਟੂਰਨਾਮੈਂਟ ਦੇ ਲੀਗ ਮੈਚਾਂ 'ਚ ਵੀ ਅਜੇਤੂ ਰਹੀ। ਟੀਮ ਨੂੰ ਇਕ ਵਧਾਈ ਸੰਦੇਸ਼ 'ਚ ਡਾਇਰੈਕਟਰ ਵਾਈਪੀਐਸ ਮੇਜਰ ਜਨਰਲ ਟੀਪੀਐਸ ਵੜੈਚ ਨੇ ਕਿਹਾ ਕਿ ਕੋਵਿਡ-19 ਤੋਂ ਬਾਅਦ ਖੇਡ ਗਤੀਵਿਧੀਆਂ ਸ਼ੁਰੂ ਕਰਨਾ ਬਹੁਤ ਚੁਣੌਤੀਪੂਰਨ ਸੀ ਪਰ ਸਾਡੇ ਸਪੋਰਟਸ ਸਟਾਫ ਦੇ ਸਹਿਯੋਗ ਤੇ ਸਖ਼ਤ ਮਿਹਨਤ ਨਾਲ 'ਯਾਦਵਿੰਦਰੀਆਂ' ਨੇ ਮੁੜ ਤੋਂ ਸਾਰੇ ਭਾਰਤ 'ਚ ਆਪਣੀ ਸ਼ਾਨ ਨੂੰ ਬਰਕਰਾਰ ਰੱਖਦਿਆਂ ਸਫ਼ਲਤਾ ਦਾ ਹਸਤਾਖ਼ਰ ਦਰਜ ਕੀਤਾ ਹੈ। ਵਾਈਪੀਐਸ ਮੁਹਾਲੀ ਟੀਮ ਦੇ ਕੋਚ ਤੇ ਇੰਚਾਰਜ ਪ੍ਰਵੀਨ ਸਿੰਘਾ ਨੇ ਦੱਸਿਆ ਕਿ ਟੂਰਨਾਮੈਂਟ 'ਚ ਜਾਣ ਤੋਂ ਪਹਿਲਾਂ ਉਨ੍ਹਾਂ ਟ੍ਰਾਈਸਿਟੀ ਦੇ ਸਰਵੋਤਮ ਸਕੂਲ ਤੇ ਅਕੈਡਮੀ ਦੀਆਂ ਟੀਮਾਂ ਨਾਲ 6 ਅਭਿਆਸ ਮੈਚ ਖੇਡੇ। ਕੋਚ ਨੇ ਅੱਗੇ ਕਿਹਾ ਕਿ ਵਾਈਪੀਐਸ ਦੇ ਮੁੰਡਿਆਂ ਨੇ ਅਭਿਆਸ ਮੈਚਾਂ 'ਚ ਯੂਟੀ ਇੰਟਰ ਸਕੂਲ ਮੁਕਾਬਲੇ ਦੇ ਜੇਤੂ ਡੀਏਵੀ ਸੈਕਟਰ 8 ਤੇ ਰੁਨਰ ਅਪਸੇਂਟ ਜੋਸਫ ਸੈਕਟਰ 44 ਨੂੰ ਹਰਾਇਆ।''

-PTC News

  • Share