ਮੂਸੇਵਾਲਾ ਕਤਲਕਾਂਡ ’ਚ ਸ਼ਾਮਲ ਸਚਿਨ ਬਿਸ਼ਨੋਈ 'ਤੇ ਅਮਿਤ ਸ਼ਾਹ ਨੇ ਲੋਕ ਸਭਾ 'ਚ ਕਹੀ ਵੱਡੀ ਗੱਲ!
Sidhu Moosewala Case: ਵਿਰੋਧੀ ਧਿਰ ਵੱਲੋਂ ਲਿਆਏ ਗਏ ਬੇਭਰੋਸਗੀ ਮਤੇ (No confidence motion) 'ਤੇ ਆਪਣੇ ਭਾਸ਼ਣ ਦੇ ਦੌਰਾਨ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ NIA ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਅਪਰਾਧੀ ਸਚਿਨ ਬਿਸ਼ਨੋਈ ਉਰਫ਼ ਸਚਿਨ ਥਾਪਨ (26) ਨੂੰ ਅਜ਼ਰਬਾਈਜਾਨ ਤੋਂ ਭਾਰਤ ਲੈ ਕੇ ਆਈ।
ਦੱਸ ਦਈਏ ਕਿ ਪੰਜਾਬੀ ਗਾਇਕ ਦੇ ਕਤਲ ਦੀ ਸਾਜ਼ਿਸ਼ ਦਾ ਦੋਸ਼ੀ ਸਚਿਨ ਤਿਲਕ ਰਾਜ ਟੁਟੇਜਾ ਦੇ ਨਾਂ 'ਤੇ ਸੰਗਮ ਵਿਹਾਰ ਦੇ ਪਤੇ 'ਤੇ ਬਣਿਆ ਜਾਅਲੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜ ਗਿਆ ਸੀ। ਮੂਸੇਵਾਲਾ ਦੇ ਕਤਲ ਤੋਂ ਬਾਅਦ ਸਚਿਨ ਨੇ ਇੰਟਰਨੈੱਟ ਮੀਡੀਆ 'ਤੇ ਇਸ ਕਤਲੇਆਮ ਦੀ ਜ਼ਿੰਮੇਵਾਰੀ ਵੀ ਲਈ ਸੀ। ਇਸ ਤੋਂ ਪਹਿਲਾਂ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਸਚਿਨ ਖਿਲਾਫ 12 ਅਪਰਾਧਿਕ ਮਾਮਲੇ ਦਰਜ ਹਨ।
ਸਚਿਨ ਗੈਂਗਸਟਰ ਲਾਰੈਂਸ ਦਾ ਭਤੀਜਾ ਹੈ। ਉਹ ਮੂਸੇਵਾਲਾ ਕਤਲ ਕਾਂਡ ਦੇ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਹੈ।
ਐੱਚਜੀਐੱਸ ਧਾਲੀਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ
ਬੀਤੇ ਕੁਝ ਦਿਨ ਪਹਿਲਾ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੇ ਸਪੈਸ਼ਲ ਸੀਪੀ (ਕਮਿਸ਼ਨਰ ਆਫ਼ ਪੁਲਿਸ) ਐੱਚਜੀਐੱਸ ਧਾਲੀਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਚਿਨ ਬਿਸ਼ਨੋਈ ਉਰਫ਼ ਸਚਿਨ ਥਾਪਨ ਨੂੰ ਫੜ੍ਹਨ ਬਾਰੇ ਦੱਸਿਆ ਸੀ।
ਧਾਲੀਵਾਲ ਮੁਤਾਬਕ ਇੱਕ ਅਗਸਤ ਦੀ ਸਵੇਰ ਸਚਿਨ ਥਾਪਨ (ਸਚਿਨ ਬਿਸ਼ਨੋਈ) ਨੂੰ ਬਾਕੂ, ਅਜ਼ਰਬਾਇਜਾਨ ਤੋਂ ਲਿਆਂਦਾ ਗਿਆ ਹੈ।
ਉਨ੍ਹਾਂ ਮੁਤਾਬਕ 29 ਮਈ, 2022 ਨੂੰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਦੋ ਦਿਨਾਂ ਬਾਅਦ ਸਚਿਨ ਥਾਪਨ ਨੇ ਇੱਕ ਟੀਵੀ ਚੈਨਲ ਨੂੰ ਕਾਲ ਕਰਕੇ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਧਾਲੀਵਾਲ ਨੇ ਅੱਗੇ ਦੱਸਿਆ, ‘‘ਇਸ ਤੋਂ ਬਾਅਦ ਹੀ ਲਗਾਤਾਰ ਲਗਭਗ ਪਿਛਲੇ ਸਵਾ ਸਾਲ ਤੋਂ ਸਪੈਸ਼ਲ ਸੈੱਲ ਵੱਲੋਂ ਕੋਸ਼ਿਸ਼ਾਂ ਚੱਲ ਰਹੀਆਂ ਸੀ ਤੇ ਇਸੇ ਤਹਿਤ ਸ਼ੁਰੂਆਤ ਵਿੱਚ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਚਾਰ ਸ਼ੂਟਰਾਂ ਨੂੰ ਮੁਲਕ ਦੇ ਵੱਖ-ਵੱਖ ਹਿੱਸਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ, ਇਸੇ ਤਹਿਤ ਮੁੱਖ ਮੁਲਜ਼ਮ ਲਾਰੈਂਸ ਬਿਸ਼ਨੋਈ ਨੂੰ ਵੀ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਂਦਾ ਗਿਆ ਸੀ ਤੇ ਸਾਡੇ ਰਿਮਾਂਡ ਦੌਰਾਨ ਉਸ ਨੇ ਸਾਰੀਆਂ ਗੱਲਾਂ ਬਾਰੇ ਦੱਸਿਆ ਸੀ।’’
ਸਚਿਨ ਥਾਪਨ ਨੂੰ ਫੜ੍ਹਨ ਬਾਰੇ ਧਾਲੀਵਾਲ ਨੇ ਦੱਸਿਆ ਕਿ ਇਸੇ ਸਿਲਸਿਲੇ ਤਹਿਤ ਉਨ੍ਹਾਂ ਦੀ ਟੀਮ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਸੀ। ਉਨ੍ਹਾਂ ਇਸ ਬਾਰੇ ਦੱਸਿਆ, ‘‘ਸਾਡੀ ਟੀਮ ਅਜ਼ਰਬਾਇਜਾਨ ਦੀ ਸਰਕਾਰ, ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ ਤੋਂ ਇਲਾਵਾ ਸੀਬੀਆਈ ਤੇ ਇੰਟਰਪੋਲ ਸਣੇ ਤਮਾਮ ਖ਼ੂਫ਼ੀਆ ਏਜੰਸੀਆਂ ਦੀ ਮਦਦ ਨਾਲ ਸਚਿਨ ਨੂੰ ਅਜ਼ਰਬਾਇਜਾਨ ਤੋਂ ਭਾਰਤ ਲਿਆਉਣਾ ਸਫ਼ਲ ਹੋ ਸਕੀ ਹੈ।’’
- PTC NEWS