ਸੁਧੀਰ ਸੂਰੀ ਦੇ ਭਰਾ ਬ੍ਰਿਜ਼ ਸੂਰੀ ਦੇ ਘਰ ਦੇ ਬਾਹਰ ਦੋ ਹਥਿਆਰਬੰਦ ਨੌਜਵਾਨ ਆਏ ਨਜ਼ਰ
ਅੰਮ੍ਰਿਤਸਰ: ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਭਰਾ ਬ੍ਰਿਜ਼ ਸੂਰੀ ਦੇ ਘਰ ਦੇ ਬਾਹਰ ਦੋ ਹਥਿਆਰਬੰਦ ਨੌਜਵਾਨ ਖੜ੍ਹੇ ਦਿਖਾਈ ਦਿੱਤੇ ਹਨ। ਦੱਸ ਦਈਏ ਕਿ ਸੂਰੀ ਦੇ ਭਰਾ ਨੂੰ ਵਿਦੇਸ਼ਾਂ ਤੋਂ ਕਾਲਾਂ ਆ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।
ਦੱਸ ਦਈਏ ਕਿ 2 ਹਥਿਆਰਬੰਦ ਨੌਜਵਾਨ ਬ੍ਰਿਜ਼ ਸੂਰੀ ਦੇ ਘਰ ਦੇ ਬਾਹਰ ਪਹੁੰਚ ਗਏ ਤਾਂ ਸੂਰੀ ਨੇ ਗੋਲੀ ਚਲਾ ਦਿੱਤੀ। ਸੂਰੀ ਵੱਲੋਂ ਗੋਲੀ ਚਲਾਉਣ ਤੋਂ ਬਾਅਦ ਦੋਵੇਂ ਨੌਜਵਾਨ ਫ਼ਰਾਰ ਹੋ ਗਏ, ਜਾਣਕਾਰੀ ਅਨੁਸਾਰ ਉਨ੍ਹਾਂ ਦੇ ਹੱਥਾਂ 'ਚ ਹਥਿਆਰ ਸਨ।
_75dc41cf018c355fc9feaca5a3f71995_1280X720.webp)
ਬ੍ਰਿਜ ਮੋਹਨ ਸੂਰੀ ਨੇ ਕਿਹਾ ਕਿ ਪਹਿਲਾਂ ਮੈਨੂੰ ਅਣਜਾਣ ਨੰਬਰਾਂ ਤੋਂ ਕਾਲਾਂ ਆਉਂਦੀਆਂ ਸਨ। ਫੋਨ ਕਰਨ ਵਾਲਿਆਂ ਨੇ ਕਿਹਾ ਕਿ ਉਹ ਘਰ ਨੂੰ ਬੰਬ ਨਾਲ ਉਡਾ ਦੇਵੇਗਾ ਤਾਂ ਬ੍ਰਿਜ਼ ਮੋਹਨ ਸੂਰੀ ਨੇ ਕਿਹਾ ਕਿ ਜਦੋਂ ਮੈਂ ਬਾਹਰ ਆਇਆ ਤਾਂ ਮੈਨੂੰ ਦੋ ਨੌਜਵਾਨ ਖੜ੍ਹੇ ਮਿਲੇ।
ਇਹ ਸਭ ਦੇਖ ਕੇ ਉਨ੍ਹਾਂ ਨੇ ਪੁਲਿਸ ਨੂੰ ਬੁਲਾਇਆ ਤਾਂ ਪੁਲਿਸ ਬ੍ਰਿਜ ਮੋਹਨ ਸੂਰੀ ਦੇ ਘਰ ਪਹੁੰਚੀ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋਈ। ਪੁਲਿਸ ਵੱਲੋਂ ਇਲਾਕੇ 'ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
_5b2ce6a1921d50098f48c30e5438448f_1280X720.webp)
ਕੌਣ ਹੈ ਸੁਧੀਰ ਸੂਰੀ?
ਸੁਧੀਰ ਸੂਰੀ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸਨ। ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਚ ਕਾਫ਼ੀ ਸਰਗਰਮ ਸਨ ਤੇ ਆਪਣੇ ਬਿਆਨਾਂ ਕਰਕੇ ਵਿਵਾਦਾਂ 'ਚ ਰਹੇ। ਉਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਵੀ ਵਿਵਾਦਤ ਟਿੱਪਣੀਆਂ ਕੀਤੀਆਂ ਸਨ। ਸੂਰੀ ਦਾ ਸਿੱਖ ਜਥੇਬੰਦੀਆਂ ਨਾਲ ਲਗਾਤਾਰ ਟਕਰਾਅ ਰਿਹਾ।
ਸੁਧੀਰ ਸੂਰੀ ਖ਼ਾਲਿਸਤਾਨ ਸਮਰਥਕਾਂ ਦੇ ਨਿਸ਼ਾਨੇ ’ਤੇ ਸਨ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਕਤਲ ਦੀ ਸਾਜ਼ਿਸ਼ ਦਾ ਖ਼ੁਲਾਸਾ ਹੋਇਆ ਸੀ, ਜੋ ਵਿਦੇਸ਼ ’ਚ ਬੈਠੇ ਖ਼ਾਲਿਸਤਾਨ ਸਮਰਥਕਾਂ ਨੇ ਰਚੀ ਸੀ। ਸੁਧੀਰ ਸੂਰੀ ਇਸ ਸਾਲ ਜੁਲਾਈ 'ਚ ਇਕ ਵਿਸ਼ੇਸ਼ ਭਾਈਚਾਰੇ ਖ਼ਿਲਾਫ਼ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਲਈ ਗ੍ਰਿਫ਼ਤਾਰ ਕੀਤੇ ਗਏ ਸਨ, ਜਿਸ ਤੋਂ ਬਾਅਦ ਉਹ ਸੁਰਖੀਆਂ ਵਿੱਚ ਆਏ ਸਨ। ਸੁਧੀਰ ਵੱਲੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤੀ ਗਈ ਸੀ, ਜਿਸ ਵਿਚ ਉਹ ਆਪਣੇ ਸਮਰਥਕਾਂ ਨਾਲ ਇਕ ਭਾਈਚਾਰੇ ਵਿਰੁੱਧ ਇਤਰਾਜ਼ਯੋਗ ਸ਼ਬਦਾਵਲੀ ਇਸਤੇਮਾਲ ਕਰਦੇ ਹੋਏ ਨਜ਼ਰ ਆਏ ਸਨ।
ਮਨਿੰਦਰ ਮੋਂਗਾ ਦੇ ਸਹਿਯੋਗ ਨਾਲ.....
- PTC NEWS