Punjab CM vs Governor: ਰਾਜਪਾਲ ਨੂੰ CM ਮਾਨ ਦਾ ਮੋੜਵਾਂ ਜਵਾਬ, ਕਿਹਾ-'ਪੰਜਾਬੀਆਂ ਦੇ ਸਬਰ ਦਾ ਇਮਤਿਹਾਨ ਨਾ ਲਓ'
Punjab CM vs Governor: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਵਿਚਾਲੇ ਤਲਖੀ ਲਗਾਤਾਰ ਵਧਦੀ ਜਾ ਰਹੀ ਹੈ। ਬੀਤੇ ਦਿਨ ਰਾਜਪਾਲ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਨੂੰ ਘੇਰਿਆ ਅਤੇ ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਵੀ ਦੇ ਦਿੱਤੀ। ਜਿਸ ’ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੋੜਵਾਂ ਜਵਾਬ ਦਿੱਤਾ ਗਿਆ ਹੈ।
ਸੀਐੱਮ ਮਾਨ ਦਾ ਪੰਜਾਬ ਦੇ ਰਾਜਪਾਲ ਨੂੰ ਮੋੜਵਾਂ ਜਵਾਬ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਪੰਜਾਬ ਦੇ ਰਾਜਪਾਲ ਨੂੰ ਮੋੜਵਾਂ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਗਵਰਨਰ ਵੱਲੋਂ ਲਿਖੀ ਚਿੱਠੀ ਕੋਈ ਨਵੀਂ ਗੱਲ ਨਹੀਂ ਹੈ। ਰਾਜਪਾਲ ਦੇ ਪੱਤਰ ਵਿੱਚ ਸੱਤਾ ਦੀ ਭੁੱਖ ਦਿਖਾਈ ਦੇ ਰਹੀ ਹੈ। ਹੁਕਮ ਕਰਨ ਦੀ ਆਦਤ ਹੈ। ਚਿੱਠੀਆਂ ਵੀ ਸ਼ਾਇਦ ਉੱਪਰ ਤੋਂ ਲਿਖਵਾਉਂਦੇ ਹੋਣਗੇ। ਰਾਜਪਾਲ ਤਾਂ ਸਿਰਫ ਦਸਤਖਤ ਕਰਦੇ ਹੋਣਗੇ।
ਪੰਜਾਬ ’ਚ ਕਾਨੂੰਨ ਵਿਵਸਥਾ ਬਿਲਕੁੱਲ ਠੀਕ-ਸੀਐੱਮ ਮਾਨ
ਸੀਐੱਮ ਮਾਨ ਨੇ ਅੰਕੜੇ ਪੇਸ਼ ਕਰਦਿਆਂ ਕਿ ਨਸ਼ਿਆਂ ਅਤੇ ਕਾਨੂੰਨ ਲਾਗੂ ਕਰਨ ਨਾਲ ਸਬੰਧਤ ਚਿੰਤਾਵਾਂ ਨਾਲ ਨਜਿੱਠਣ ਲਈ ਰਾਜ ਵੱਲੋਂ ਠੋਸ ਕਦਮ ਚੁੱਕੇ ਗਏ ਹਨ। ਪੰਜਾਬ ’ਚ ਕਾਨੂੰਨ ਵਿਵਸਥਾ ਬਿਲਕੁੱਲ ਠੀਕ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਰਾਜਪਾਲ ਦੀ ਗ੍ਰਹਿ ਮੰਤਰਾਲੇ ਨਾਲ ਮੀਟਿੰਗ ਹੁੰਦੀ ਹੈ ਤਾਂ ਅਸੀਂ ਇਹ ਅੰਕੜੇ ਉਨ੍ਹਾਂ ਨੂੰ ਦਿੰਦੇ ਹਾਂ। ਉਹ ਸਭ ਕੁਝ ਜਾਣਦਾ ਹੈ। ਹੁਣ ਚਿੱਠੀ ਕੱਢ ਕੇ ਕਹਿ ਰਹੇ ਹੋ ਕਿ ਕਾਨੂੰਨ ਵਿਵਸਥਾ ਖਰਾਬ ਹੈ।
ਗੱਦੀ ਉਤੋਂ ਲਾਹੁਣ ਦੀਆਂ ਧਮਕੀਆਂ ਦੇਣ ਦਾ ਕੋਈ ਹੱਕ ਨਹੀਂ-ਸੀਐੱਮ ਮਾਨ
ਮੁੱਖ ਮੰਤਰੀ ਨੇ ਕਿਹਾ ਕਿ ਇਹ ਸੱਚ ਤਾਂ ਰਾਜਪਾਲ ਜਾਣਦੇ ਹਨ ਕਿ ਉਨ੍ਹਾਂ ਨੇ ਕਿਸ ਦੇ ਦਬਾਅ ਹੇਠ ਇਹ ਚਿੱਠੀ ਲਿਖੀ ਹੈ ਪਰ ਇਸ ਚਿੱਠੀ ਦੀ ਇਬਾਰਤ ਸਿੱਧੇ ਤੌਰ ਉਤੇ ਪੰਜਾਬੀਆਂ ਦੀ ਹੇਠੀ ਕਰਦੀ ਹੈ ਕਿਉਂਕਿ ਜਮਹੂਰੀਅਤ ਪਸੰਦ ਪੰਜਾਬੀਆਂ ਨੇ ਅਜੇ ਡੇਢ ਸਾਲ ਪਹਿਲਾਂ ਵੱਡਾ ਫਤਵਾ ਦੇ ਕੇ ਸਰਕਾਰ ਚੁਣੀ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਨੂੰ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਗੱਦੀ ਉਤੋਂ ਲਾਹੁਣ ਦੀਆਂ ਧਮਕੀਆਂ ਦੇਣ ਦਾ ਕੋਈ ਹੱਕ ਨਹੀਂ ਹੈ।
'ਵੱਖ-ਵੱਖ ਸੂਬਿਆਂ ਦੇ ਰਾਜਪਾਲਾਂ ਵੱਲੋਂ ਨਹੀਂ ਕਰਨ ਦਿੱਤਾ ਜਾ ਰਿਹਾ ਕੰਮ'
ਉਨ੍ਹਾਂ ਕਿਹਾ ਕਿ ਸੰਵਿਧਾਨ ਮੁਤਾਬਕ ਲੋਕਾਂ ਨੂੰ ਆਪਣੀ ਮਰਜ਼ੀ ਦੀ ਸਰਕਾਰ ਚੁਣਨ ਦਾ ਪੂਰਾ ਹੱਕ ਹੁੰਦਾ ਹੈ ਪਰ ਕੇਂਦਰ ਸਰਕਾਰ ਦੇ ਇਸ਼ਾਰੇ ਉਤੇ ਦੇਸ਼ ਵਿਚ ਦਿੱਲੀ, ਪੱਛਮੀ ਬੰਗਾਲ, ਕੇਰਲਾ, ਤਾਮਿਲਨਾਡੂ ਸਮੇਤ ਹੋਰ ਗੈਰ-ਭਾਜਪਾ ਸਰਕਾਰਾਂ ਨੂੰ ਉਥੋਂ ਦੇ ਰਾਜਪਾਲਾਂ ਵੱਲੋਂ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ।
'ਸਰਕਾਰ ਨੂੰ ਸੱਤਾ ਤੋਂ ਲਾਹੁਣ ਦੀਆਂ ਧਮਕੀਆਂ'
ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿਚ ਰਾਜਪਾਲ ਸੱਤਾ ਦੀ ਵਾਗਡੋਰ ਆਪਣੇ ਹੱਥ ਵਿਚ ਲੈਣ ਲਈ ਸਾਜ਼ਿਸ਼ਾਂ ਰਚ ਰਹੇ ਹਨ ਜਿਸ ਕਰਕੇ ਉਨ੍ਹਾਂ ਦੀ ਸਰਕਾਰ ਨੂੰ ਸੱਤਾ ਤੋਂ ਲਾਹੁਣ ਦੀਆਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਨੇ ਰਾਜਪਾਲ ਨੂੰ ਰਾਜਸਥਾਨ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਆਪਣੀ ਕਿਸਮਤ ਅਜ਼ਮਾਉਣ ਦੀ ਸਲਾਹ ਦਿੱਤੀ।
'ਆਰ.ਡੀ.ਐਫ., ਜੀ.ਐਸ.ਟੀ. ’ਤੇ ਕਿਉਂ ਨਹੀਂ ਬੋਲਦੇ'
ਕੇਂਦਰ ਸਰਕਾਰ ਕੋਲ ਲੰਬਿਤ ਪੰਜਾਬ ਦੇ ਮਸਲਿਆਂ ਬਾਰੇ ਰਾਜਪਾਲ ਵੱਲੋਂ ਚੁੱਪ ਸਾਧ ਲੈਣ ਉਤੇ ਸਵਾਲ ਚੁੱਕਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੂਬੇ ਦਾ ਆਰ.ਡੀ.ਐਫ., ਜੀ.ਐਸ.ਟੀ. ਦਾ ਕਰੋੜਾਂ ਰੁਪਏ ਦਾ ਬਕਾਇਆ ਰੋਕਿਆ ਹੋਇਆ ਹੈ। ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸੂਬੇ ਦੇ ਰਾਜਪਾਲ ਨੇ ਅੱਜ ਤੱਕ ਇਕ ਵੀ ਚਿੱਠੀ ਪੰਜਾਬ ਦੇ ਮਸਲਿਆਂ ਬਾਰੇ ਕੇਂਦਰ ਸਰਕਾਰ ਨੂੰ ਨਹੀਂ ਲਿਖੀ।
'ਰਾਜਪਾਲ ਪੰਜਾਬੀਆਂ ਪ੍ਰਤੀ ਵਫਾਦਾਰ ਨਹੀਂ'
ਉਨ੍ਹਾਂ ਕਿਹਾ ਕਿ ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨਾਲ ਜੋੜਨ ਬਾਰੇ ਹੋਈ ਮੀਟਿੰਗ ਵਿਚ ਵੀ ਪੰਜਾਬ ਦੇ ਰਾਜਪਾਲ ਹਰਿਆਣਾ ਦੇ ਹੱਕ ਵਿਚ ਭੁਗਤਦੇ ਰਹੇ ਜਿਸ ਤੋਂ ਉਨ੍ਹਾਂ ਦੀ ਪੰਜਾਬੀਆਂ ਪ੍ਰਤੀ ਵਫਾਦਾਰੀ ਨਾ ਹੋਣ ਦਾ ਪਤਾ ਲਗਦਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਰਾਜਪਾਲ ਨੇ ਚੰਡੀਗੜ੍ਹ ਵਿਚ ਤੈਨਾਤ ਪੰਜਾਬ ਕਾਡਰ ਦੇ ਐਸ.ਐਸ.ਪੀ. ਨੂੰ ਰਾਤੋ-ਰਾਤ ਅਹੁਦੇ ਤੋਂ ਲਾਹ ਦਿੱਤਾ ਅਤੇ ਛੇ ਮਹੀਨੇ ਇਸ ਅਹੁਦੇ ਤੋਂ ਪੰਜਾਬ ਨੂੰ ਮਹਿਰੂਮ ਰੱਖਿਆ ਗਿਆ।
'ਨੂੰਹ ਵਿੱਚ ਭੜਕੀ ਹਿੰਸਾ ’ਤੇ ਚੁੱਪ ਰਹੇ ਰਾਜਪਾਲ'
ਮੁੱਖ ਮੰਤਰੀ ਨੇ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ ਦੇ ਨੂੰਹ ਵਿੱਚ ਭੜਕੀ ਅੱਗ ਨਾਲ ਵੱਡੀ ਪੱਧਰ ਉਤੇ ਹੋਏ ਜਾਨੀ ਤੇ ਮਾਲੀ ਨੁਕਸਾਨ ਬਾਰੇ ਹਰਿਆਣਾ ਦੇ ਰਾਜਪਾਲ ਨੇ ਚੁੱਪ ਵੀ ਨਹੀਂ ਤੋੜੀ। ਇੱਥੋਂ ਤੱਕ ਕਿ ਅੱਗ ਦੀ ਭੱਠੀ ਵਿਚ ਝੋਕੇ ਗਏ ਸੂਬੇ ਮਨੀਪੁਰ ਦੇ ਸੰਵੇਦਨਸ਼ੀਲ ਹਾਲਤਾਂ ਬਾਰੇ ਵੀ ਉਥੋਂ ਦੇ ਰਾਜਪਾਲ ਨੇ ਕੋਈ ਉਜਰ ਨਹੀਂ ਕੀਤਾ ਪਰ ਪੰਜਾਬ ਦੇ ਰਾਜਪਾਲ ਸੂਬੇ ਦੇ ਲੋਕਾਂ ਦੇ ਹੱਕ ਵਿਚ ਲਗਾਤਾਰ ਉਪਰਾਲੇ ਕਰ ਰਹੀ ਸਰਕਾਰ ਨੂੰ ਡੇਗਣ ਦੀਆਂ ਧਮਕੀਆਂ ਦੇ ਰਹੇ ਹਨ।
ਇਹ ਵੀ ਪੜ੍ਹੋ: Ludhiana Panchayat Department: ਸਰਪੰਚਾਂ ਤੇ ਅਫਸਰਾਂ ’ਤੇ 100 ਕਰੋੜ ਰੁਪਏ ਦੇ ਗਬਨ ਦਾ ਇਲਜ਼ਾਮ, ਜਾਣੋ ਕੀ ਹੈ ਪੂਰਾ ਮਾਮਲਾ
- PTC NEWS