Fri, Feb 13, 2026
Whatsapp

Delhi schools bomb threat: ਰਾਜਧਾਨੀ ਦੇ ਕਈ ਸਕੂਲਾਂ ਨੂੰ ਧਮਕੀ ਭਰੇ ਈਮੇਲ, ਸੁਰੱਖਿਆ ਏਜੰਸੀਆਂ ਅਲਰਟ View in English

9 ਫ਼ਰਵਰੀ ਨੂੰ ਵੀ 15 ਤੋਂ ਵੱਧ ਸਕੂਲਾਂ ਨੂੰ ਬੰਬ ਧਮਕੀ ਵਾਲੇ ਈਮੇਲ ਮਿਲੇ ਸਨ, ਜੋ ਬਾਅਦ ਵਿੱਚ ਝੂਠੇ ਸਾਬਤ ਹੋਏ।

Reported by:  PTC News Desk  Edited by:  Jasleen Kaur -- February 13th 2026 11:44 AM
Delhi schools bomb threat: ਰਾਜਧਾਨੀ ਦੇ ਕਈ ਸਕੂਲਾਂ ਨੂੰ ਧਮਕੀ ਭਰੇ ਈਮੇਲ, ਸੁਰੱਖਿਆ ਏਜੰਸੀਆਂ ਅਲਰਟ

Delhi schools bomb threat: ਰਾਜਧਾਨੀ ਦੇ ਕਈ ਸਕੂਲਾਂ ਨੂੰ ਧਮਕੀ ਭਰੇ ਈਮੇਲ, ਸੁਰੱਖਿਆ ਏਜੰਸੀਆਂ ਅਲਰਟ

Delhi schools bomb threat:  ਦਿੱਲੀ ਦੇ ਕਈ ਸਕੂਲਾਂ ਨੂੰ ਸ਼ੁੱਕਰਵਾਰ ਸਵੇਰੇ ਬੰਬ ਧਮਕੀ ਵਾਲੇ ਈਮੇਲ ਮਿਲਣ ਕਾਰਨ ਹੜਕੰਪ ਮਚ ਗਿਆ। ਜਾਣਕਾਰੀ ਮਿਲਦੇ ਹੀ ਦਿੱਲੀ ਪੁਲਿਸ, ਫਾਇਰ ਬ੍ਰਿਗੇਡ ਅਤੇ ਬੰਬ ਨਿਰੋਧਕ ਦਸਤੇ ਮੌਕੇ ‘ਤੇ ਪਹੁੰਚੇ ਅਤੇ ਸਕੂਲ ਕੈਂਪਸਾਂ ਵਿੱਚ ਵਿਸਥਾਰਪੂਰਵਕ ਜਾਂਚ ਸ਼ੁਰੂ ਕੀਤੀ ਗਈ।

ਪੁਲਿਸ ਅਧਿਕਾਰੀਆਂ ਮੁਤਾਬਕ ਸਵੇਰੇ ਕਰੀਬ 9.12 ਵਜੇ ਤਿੰਨ ਸਕੂਲਾਂ ਵੱਲੋਂ ਧਮਕੀ ਭਰੇ ਈਮੇਲ ਦੀ ਸੂਚਨਾ ਮਿਲੀ। ਇਨ੍ਹਾਂ ਵਿੱਚ ਝੰਡੇਵਾਲਾਨ ਸਥਿਤ ਬੀਟੀ ਤਮਿਲ ਸਕੂਲ, ਸਰਦਾਰ ਪਟੇਲ ਵਿਦਿਆਲਿਆ ਅਤੇ ਦ ਬ੍ਰਿਟਿਸ਼ ਸਕੂਲ ਸ਼ਾਮਲ ਹਨ। ਇਸ ਤੋਂ ਬਾਅਦ ਹੋਰ ਸਕੂਲਾਂ ਨੇ ਵੀ ਇਸੇ ਤਰ੍ਹਾਂ ਦੇ ਈਮੇਲ ਮਿਲਣ ਦੀ ਜਾਣਕਾਰੀ ਦਿੱਤੀ।


ਸਾਵਧਾਨੀ ਵਜੋਂ ਸਕੂਲ ਪ੍ਰਸ਼ਾਸਨਾਂ ਨੇ ਵਿਦਿਆਰਥੀਆਂ ਨੂੰ ਤੁਰੰਤ ਇਮਾਰਤਾਂ ਤੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ। ਇੱਕ ਸਕੂਲ ਵੱਲੋਂ ਮਾਪਿਆਂ ਨੂੰ ਭੇਜੇ ਸੁਨੇਹੇ ਵਿੱਚ ਕਿਹਾ ਗਿਆ ਕਿ ਸੁਰੱਖਿਆ ਸੰਬੰਧੀ ਚੇਤਾਵਨੀ ਮਿਲੀ ਹੈ ਅਤੇ ਪੁਲਿਸ ਟੀਮਾਂ ਜ਼ਰੂਰੀ ਕਾਰਵਾਈ ਕਰ ਰਹੀਆਂ ਹਨ। ਵਿਦਿਆਰਥੀ ਸੁਰੱਖਿਅਤ ਹਨ ਅਤੇ ਜਦੋਂ ਇਲਾਕਾ ਪੂਰੀ ਤਰ੍ਹਾਂ ਸੁਰੱਖਿਅਤ ਘੋਸ਼ਿਤ ਕਰ ਦਿੱਤਾ ਜਾਵੇਗਾ ਤਾਂ ਕਲਾਸਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ।

ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਕਿਸੇ ਵੀ ਸਕੂਲ ਤੋਂ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਜਾਂਚ ਟੀਮਾਂ ਵੱਲੋਂ ਤਫਤੀਸ਼ ਜਾਰੀ ਹੈ ਅਤੇ ਈਮੇਲ ਭੇਜਣ ਵਾਲਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਗੌਰਤਲਬ ਹੈ ਕਿ ਪਿਛਲੇ ਇੱਕ ਹਫ਼ਤੇ ਵਿੱਚ ਇਹ ਦੂਜੀ ਵਾਰ ਹੈ ਜਦੋਂ ਦਿੱਲੀ ਦੇ ਸਕੂਲਾਂ ਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਹਨ। 9 ਫ਼ਰਵਰੀ ਨੂੰ ਵੀ 15 ਤੋਂ ਵੱਧ ਸਕੂਲਾਂ ਨੂੰ ਬੰਬ ਧਮਕੀ ਵਾਲੇ ਈਮੇਲ ਮਿਲੇ ਸਨ, ਜੋ ਬਾਅਦ ਵਿੱਚ ਝੂਠੇ ਸਾਬਤ ਹੋਏ।

ਇਸ ਤੋਂ ਪਹਿਲਾਂ ਹਫ਼ਤੇ ਦੇ ਸ਼ੁਰੂ ਵਿੱਚ 13 ਸਕੂਲਾਂ ਨੂੰ ਭੇਜੇ ਗਏ ਈਮੇਲ ਵਿੱਚ ਭੜਕਾਉਂਦੇ ਸੁਨੇਹੇ ਅਤੇ ਸੰਸਦ ‘ਤੇ ਹਮਲੇ ਦੀ ਚੇਤਾਵਨੀ ਵੀ ਦਿੱਤੀ ਗਈ ਸੀ। ਵਿਸਥਾਰਪੂਰਵਕ ਜਾਂਚ ਮਗਰੋਂ ਉਹ ਧਮਕੀ ਵੀ ਝੂਠੀ ਨਿਕਲੀ।

ਦਿੱਲੀ ਤੋਂ ਇਲਾਵਾ ਚੰਡੀਗੜ੍ਹ ਅਤੇ ਮੋਹਾਲੀ ਦੇ ਸਕੂਲਾਂ ਨੂੰ ਵੀ ਹਾਲੀਆ ਦਿਨਾਂ ਵਿੱਚ ਇਸੇ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਹਨ, ਜਿਸ ਕਾਰਨ ਮਾਪਿਆਂ ਅਤੇ ਪ੍ਰਸ਼ਾਸਨ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।

ਪੁਲਿਸ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

- PTC NEWS

Top News view more...

Latest News view more...

PTC NETWORK
PTC NETWORK