SGPC at Dibrugarh Jail: ਅੰਮ੍ਰਿਤਪਾਲ ਸਿੰਘ ਨੂੰ ਮਿਲ ਅੰਮ੍ਰਿਤਸਰ ਪਰਤਿਆ ਪਰਿਵਾਰ; ਹੋਰਾਂ ਸਿੰਘਾਂ ਦੇ ਪਰਿਵਾਰਾਂ ਨੇ ਵੀ ਕੀਤੀ ਨੌਜਵਾਨਾਂ ਨਾਲ ਮੁਲਾਕਾਤ
ਅੰਮ੍ਰਿਤਸਰ: ਪੰਜਾਬ ਤੋਂ ਗ੍ਰਿਫ਼ਤਾਰ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਕੀਤੇ ਗਏ ਨੌਜਵਾਨਾਂ ਦੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਕੱਲ੍ਹ 27 ਅਪ੍ਰੈਲ ਨੂੰ ਮੁਲਾਕਾਤ ਕਰਵਾਈ ਗਈ। ਨੌਜਵਾਨਾਂ ਦੇ ਪਰਿਵਾਰਕ ਮੈਂਬਰ ਮੁਲਾਕਾਤ ਕਰਕੇ ਅੱਜ ਸ੍ਰੀ ਅੰਮ੍ਰਿਤਸਰ ਵਾਪਸ ਪੁੱਜੇ ਹਨ।
- ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਅੰਮ੍ਰਿਤਪਾਲ ਲਈ ਬਣਾਇਆ ਗਿਆ ਵੱਖਰਾ ਸੈੱਲ, ਆਈਬੀ ਅਧਿਕਾਰੀਆਂ ਨੇ ਕੀਤੀ ਪੁੱਛਗਿੱਛ!
ਇਹ ਮੁਲਾਕਾਤ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਹੋਈ। ਐਡਵੋਕੇਟ ਸਿਆਲਕਾ 27 ਅਪ੍ਰੈਲ ਨੂੰ ਸਵੇਰੇ ਪੰਜਾਬ ਤੋਂ ਹਵਾਈ ਮਾਰਗ ਰਾਹੀਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਡਿਬਰੂਗੜ੍ਹ ਪੁੱਜੇ ਸਨ ਅਤੇ ਜੇਲ੍ਹ ਪ੍ਰਸਾਸ਼ਨ ਨਾਲ ਗੱਲਬਾਤ ਕਰਕੇ ਨੌਜਵਾਨਾਂ ਨਾਲ ਮੁਲਾਕਾਤ ਕੀਤੀ।
ਮੁਲਾਕਾਤ ਕਰਨ ਵਾਲੇ ਪਰਿਵਾਰਕ ਮੈਂਬਰਾਂ ਵਿੱਚ ਗੁਰਮੀਤ ਸਿੰਘ ਬੁੱਕਣਵਾਲਾ ਦੇ ਮਾਤਾ ਬੀਬੀ ਸਵਰਨਜੀਤ ਕੌਰ, ਭਗਵੰਤ ਸਿੰਘ ਬਾਜੇਕੇ ਦੇ ਪਿਤਾ ਹਰਜਿੰਦਰ ਸਿੰਘ, ਕੁਲਵੰਤ ਸਿੰਘ ਰਾਓਕੇ ਦੇ ਪਤਨੀ ਬੀਬੀ ਵੀਰਪਾਲ ਕੌਰ, ਬਸੰਤ ਸਿੰਘ ਦੇ ਪਿਤਾ ਸੁਰਜੀਤ ਸਿੰਘ, ਹਰਜੀਤ ਸਿੰਘ ਜੱਲ੍ਹਪੁਰ ਖੈੜਾ ਦੇ ਭਰਾ ਅਤੇ ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ, ਵਰਿੰਦਰ ਸਿੰਘ ਦੇ ਮਾਤਾ ਬੀਬੀ ਸਿਮਰਜੀਤ ਕੌਰ, ਪਪਲਪ੍ਰੀਤ ਸਿੰਘ ਦੇ ਮਾਤਾ ਬੀਬੀ ਮਨਧੀਰ ਕੌਰ ਅਤੇ ਗੁਰਇੰਦਰਪਾਲ ਸਿੰਘ ਦੇ ਭਰਾ ਸੁਰਿੰਦਰਪਾਲ ਸਿੰਘ ਸ਼ਾਮਿਲ ਸਨ।
ਐਡਵੋਕੇਟ ਸਿਆਲਕਾ ਨੇ ਦੱਸਿਆ ਕਿ ਡਿਬਰੂਗੜ੍ਹ ਜੇਲ੍ਹ ਵਿਖੇ ਨਜ਼ਰਬੰਦ ਕੀਤੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਨਾਲ ਮਿਲਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਮੁਲਾਕਾਤ ਲਈ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ, ਡਿਬਰੂਗੜ੍ਹ ਜੇਲ੍ਹ ਪ੍ਰਸਾਸ਼ਨ ਅਤੇ ਸਥਾਨਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸਹਿਯੋਗ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਕਾਰਨ 27 ਅਪ੍ਰੈਲ ਨੂੰ ਪੰਜਾਬ ਅੰਦਰ ਛੁੱਟੀ ਹੋਣ ਕਰਕੇ ਮੁਲਾਕਾਤ ਦੀ ਪਰਵਾਨਗੀ ਵਾਸਤੇ ਕੁਝ ਦੇਰੀ ਹੋਈ ਸੀ ਪਰੰਤੂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਮਨਜ਼ੂਰੀ ਆਉਣ ਉਪਰੰਤ ਦੇਰ ਸ਼ਾਮ ਤੱਕ ਮੁਲਾਕਾਤ ਸੁਖਾਵੇਂ ਮਾਹੌਲ ਵਿੱਚ ਹੋਈ। ਮੁਲਾਕਾਤ ਕਰਕੇ ਨਜ਼ਰਬੰਦਾਂ ਦੇ ਪਰਿਵਾਰਕ ਮੈਂਬਰ ਤਸੱਲੀ ਵਿਚ ਹਨ।
- ਅੰਮ੍ਰਿਤਪਾਲ ਨੇ ਆਤਮ ਸਮਰਪਣ ਲਈ ਕਿਉਂ ਚੁਣਿਆ ਸੰਤ ਭਿੰਡਰਾਵਾਲਿਆ ਦਾ ਜੱਦੀ ਪਿੰਡ ਰੋਡੇ ? ਜਾਣੋ
ਐਡਵੋਕਟ ਸਿਆਲਕਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਮਾਮਲੇ ਤੇ ਸੰਜੀਦਾ ਭੂਮਿਕਾ ਨਿਭਾਈ ਜਾ ਰਹੀ ਹੈ। ਐਡਵਕੇਟ ਸਿਆਲਕਾ ਨੇ ਕਿਹਾ ਕਿ ਇਨ੍ਹਾਂ ਕਾਰਜਾਂ ਵਾਸਤੇ ਉਸਾਰੂ ਸੋਚ ਰੱਖਣ ਵਾਲੇ ਨਿਆਂ ਪਸੰਦ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸਖ਼ਸ਼ੀਅਤਾਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਜਾਵੇਗਾ।
- With inputs from our correspondent