ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ 17 ਅਪਰਾਧਕ ਕੇਸਾਂ ’ਚ ਮਿਲੀ ਜ਼ਮਾਨਤ, ਭਲਕੇ ਪਰਤਣਗੇ ਘਰ
ਲੁਧਿਆਣਾ : ਲੋਕ ਇਨਸਾਫ਼ ਪਾਰਟੀ ਮੁਖੀ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਜਬਰ ਜਨਾਹ, ਇਰਾਦਾ ਕਤਲ, ਭਗੌੜਾ ਤੇ ਮਾਣਹਾਨੀ ਕੇਸ ਤੋਂ ਇਲਾਵਾ ਕਈ ਹੋਰ ਕੇਸਾਂ ਵਿਚੋਂ ਜਮਾਨਤ ਮਿਲ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸਿਮਰਜੀਤ ਸਿੰਘ ਬੈਂਸ ਸ਼ੁੱਕਰਵਾਰ ਨੂੰ ਰਿਹਾਅ ਹੋ ਕੇ ਘਰ ਪਰਤਣਗੇ। ਦੱਸ ਦੇਈਏ ਕਿ ਬੈਂਸ ਨੇ ਜਬਰ ਜਨਾਹ ਮਾਮਲੇ ਵਿੱਚ 8 ਮਹੀਨੇ ਪਹਿਲਾਂ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ।
ਹਾਈਪ੍ਰੋਫਾਈਲ ਜਬਰ ਜਨਾਹ ਕੇਸ ਵਿਚ ਜਨਵਰੀ 2023 ਵਿਚ ਜ਼ਮਾਨਤ ਮਿਲਣ ਪਿੱਛੋਂ ਦੂਜੇ ਹੋਰਨਾਂ 16 ਕੇਸਾਂ ਵਿਚ ਵੀ ਬੈਂਸ ਨੂੰ ਜ਼ਮਾਨਤ ਮਿਲ ਗਈ ਹੈ। 10 ਫਰਵਰੀ ਨੂੰ ਉਨ੍ਹਾਂ ਦੇ ਸਮਰਥਕ ਕਾਰਾਂ ਦੇ ਕਾਫ਼ਲੇ ਨਾਲ ਬਰਨਾਲਾ ਜੇਲ੍ਹ ਤੋਂ ਉਨ੍ਹਾਂ ਨੂੰ ਲੈਣ ਲਈ ਜਾ ਰਹੇ ਹਨ।
ਸਿਮਰਜੀਤ ਸਿੰਘ ਬੈਂਸ ਦੀ ਰਿਹਾਈ ਬਾਰੇ ਫੇਸਬੁੱਕ ਉੱਤੇ ਪੋਸਟ ਪਾਈ ਹੋਈ ਹੈ। ਫੇਸਬੁੱਕ ਉੱਤੇ ਲਿਖਿਆ ਹੈ ਕਿ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ 10 ਫਰਵਰੀ ਨੂੰ ਦੁਪਹਿਰ 12 ਵਜੇ ਜੇਲ੍ਹ ਵਿਚੋਂ ਰਿਹਾਅ ਹੋਣ ਜਾ ਰਹੇ ਹਨ। ਜ਼ਿਕਰਯੋਗ ਹੈ ਕਿ 2022 ਵਿੱਚ ਬੈਂਸ ਨੂੰ ਵਿਧਵਾ ਮਹਿਲਾ ਨਾਲ ਜਬਰ ਜਨਾਹ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
- PTC NEWS