Wrestler’s Protest: ਜੰਤਰ-ਮੰਤਰ 'ਤੇ ਹੋਇਆ ਹੰਗਾਮਾ, ਹਿਰਾਸਤ 'ਚ ਲਏ ਭਲਵਾਨ; ਪੁਲਿਸ ਨੇ ਭਲਵਾਨਾਂ ਦੇ ਉਖਾੜੇ ਤੰਬੂ
Wrestler’s Protest: ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸਿੰਘ ਖਿਲਾਫ ਧਰਨੇ 'ਤੇ ਬੈਠੇ ਭਲਵਾਨਾਂ ਅਤੇ ਮਹਿਲਾ ਕਿਸਾਨਾਂ ਦੀ ਐਤਵਾਰ ਨੂੰ ਮਹਾਪੰਚਾਇਤ ਹੋਵੇਗੀ। ਇਸੇ ਸਬੰਧ ਵਿੱਚ ਜਦੋਂ ਪੁਲਿਸ ਨੇ ਨਵੇਂ ਸੰਸਦ ਭਵਨ ਵੱਲ ਜਾ ਰਹੇ ਭਲਵਾਨਾਂ ਨੂੰ ਰੋਕਿਆ ਤਾਂ ਦੋਵਾਂ ਵਿੱਚ ਝੜਪ ਹੋ ਗਈ। ਅੱਗੇ ਵਧਣ ਲਈ ਭਲਵਾਨਾਂ ਨੇ ਪੁਲਿਸ ਵੱਲੋਂ ਲਾਏ ਬੈਰੀਕੇਡ ਤੋੜ ਦਿੱਤੇ। ਜਿਸ ਤੋਂ ਬਾਅਦ ਮਾਮਲਾ ਕਾਫੀ ਭਖ ਗਿਆ। ਦੱਸ ਦੇਈਏ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਅਤੇ ਇਸ ਨੂੰ ਦੇਸ਼ ਨੂੰ ਸਮਰਪਿਤ ਕੀਤਾ। ਉੱਥੇ ਹੀ ਭਲਵਾਨਾਂ ਵੱਲੋਂ ਰੋਸ ਪ੍ਰਦਰਸ਼ਨ ਕਰਨ ਦੇ ਲਈ ਅੱਗੇ ਵਧਿਆ ਜਾ ਰਿਹਾ ਸੀ।
ਦੱਸ ਦਈਏ ਕਿ ਪਿਛਲੇ ਇੱਕ ਮਹੀਨੇ ਤੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਦੇ ਖਿਲਾਫ ਭਲਵਾਨ ਜੰਤਰ-ਮੰਤਰ 'ਤੇ ਧਰਨਾ ਦੇ ਰਹੇ ਹਨ। ਇਸੇ ਲੜੀ 'ਚ ਐਤਵਾਰ ਨੂੰ ਨਵੀਂ ਪਾਰਲੀਮੈਂਟ ਦੇ ਸਾਹਮਣੇ ਮਹਿਲਾ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ, ਇਸ ਮਹਾਪੰਚਾਇਤ 'ਚ ਹਿੱਸਾ ਲੈਣ ਲਈ ਭਲਵਾਨ ਉਸ ਪਾਸੇ ਜਾ ਰਹੇ ਸੀ। ਪਰ ਦਿੱਲੀ ਪੁਲਿਸ ਨੇ ਇਸ ਮਹਾਂਪੰਚਾਇਤ ਦੀ ਇਜਾਜ਼ਤ ਨਹੀਂ ਦਿੱਤੀ।
ਇਜਾਜ਼ਤ ਨਾ ਮਿਲਣ ਦੇ ਬਾਵਜੂਦ ਭਲਵਾਨ ਨਵੀਂ ਸੰਸਦ ਭਵਨ ਨੇੜੇ ਪਹੁੰਚ ਗਏ, ਜਿਸ ਤੋਂ ਬਾਅਦ ਪੁਲਿਸ ਅਤੇ ਭਲਵਾਨਾਂ ਵਿਚਾਲੇ ਝੜਪ ਹੋ ਗਈ। ਭਲਵਾਨਾਂ ਨੇ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡ ਤੋੜ ਦਿੱਤੇ, ਜਿਸ ਤੋਂ ਬਾਅਦ ਪੁਲਿਸ ਨੇ ਬਲ ਦੀ ਵਰਤੋਂ ਵੀ ਕੀਤੀ। ਇਸ ਦੌਰਾਨ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ।
#WATCH | Mahapanchayat will certainly be held today. We're fighting for our self-respect.They're inaugurating the new Parliament building today, but murdering democracy in the country.We appeal to the administration to release our people detained by police: Wrestler Bajrang Punia pic.twitter.com/VI4kGLxGWV — ANI (@ANI) May 28, 2023
ਇਸ ਸਬੰਧ ‘ਚ ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਨੇ ਕਿਹਾ ਕਿ ਅੱਜ ਨਿਸ਼ਚਿਤ ਤੌਰ 'ਤੇ ਮਹਾਪੰਚਾਇਤ ਹੋਵੇਗੀ। ਅਸੀਂ ਆਪਣੇ ਸਵੈਮਾਣ ਲਈ ਲੜ ਰਹੇ ਹਾਂ। ਉਹ ਅੱਜ ਨਵੀਂ ਸੰਸਦ ਭਵਨ ਦਾ ਉਦਘਾਟਨ ਕਰ ਰਹੇ ਹਨ, ਪਰ ਦੇਸ਼ ਵਿੱਚ ਲੋਕਤੰਤਰ ਦਾ ਕਤਲ ਹੋ ਰਿਹਾ ਹੈ। ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਸਾਡੇ ਲੋਕਾਂ ਨੂੰ ਰਿਹਾਅ ਕੀਤਾ ਜਾਵੇ।
ਓਲੰਪੀਅਨ ਭਲਵਾਨਾਂ ਦੇ ਸਮਰਥਨ ‘ਚ ਐਸਜੀਪੀਸੀ
ਦਿੱਲੀ ਦੇ ਜੰਤਰ ਮੰਤਰ ਵਿਖੇ ਸੰਘਰਸ਼ ਕਰ ਰਹੇ ਓਲੰਪੀਅਨ ਭਲਵਾਨਾਂ ਦੇ ਸਮਰਥਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ 29 ਮਈ ਨੂੰ ਦਿੱਲੀ ਜਾਵੇਗਾ। ਇਸ ਵਫ਼ਦ ਵਿਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਸ਼ਾਮਲ ਹੋਣਗੇ।
ਕਾਬਿਲੇਗੌਰ ਹੈ ਕਿ ਧਰਨੇ 'ਤੇ ਬੈਠੇ ਭਲਵਾਨਾਂ ਵੱਲੋਂ ਬ੍ਰਿਜ ਭੂਸ਼ਣ ਸਿੰਘ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਅਸਤੀਫੇ ਅਤੇ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Soldier of Punjab Martyred: ਅਸਾਮ ‘ਚ ਦੇਸ਼ ਦੀ ਰੱਖਿਆ ਕਰਦਿਆਂ ਪੰਜਾਬ ਦਾ ਫ਼ੌਜੀ ਜਵਾਨ ਸ਼ਹੀਦ, ਅੱਜ ਪਿੰਡ ਪਹੁੰਚੇਗੀ ਮ੍ਰਿਤਕ ਦੇਹ
- PTC NEWS