Dhusi Dam: ਧੁੱਸੀ ਬੰਨ ਵਿੱਚ ਪਏ ਤਿੰਨ ਪਾੜਾਂ ’ਚੋਂ 2 ਨੂੰ ਪੂਰਿਆ; ਜੰਗੀ ਪੱਧਰ 'ਤੇ ਕੰਮ ਜਾਰੀ, ਜਾਣੋ ਹੁਣ ਤੱਕ ਦੀ ਸਥਿਤੀ
Dhusi Dam: ਭਾਖੜਾ ਡੈਮ ਮੈਨੇਜਮੈਂਟ ਬੋਰਡ ਨੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚਾਉਣ ਲਈ ਫਲੱਡ ਗੇਟ ਅਗਲੇ ਚਾਰ ਦਿਨਾਂ ਲਈ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ। ਇਸ ਕਾਰਨ ਸਤਲੁਜ ਦਰਿਆ ਦੇ ਪਾਣੀ ਦੇ ਵਧੇ ਪੱਧਰ ਨੇ ਰੂਪਨਗਰ ਵਿੱਚ ਆਪਣਾ ਅਸਰ ਵਿਖਾਇਆ ਹੈ। ਦੂਜੇ ਪਾਸੇ ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ ਤੋਂ ਬਾਅਦ ਪੌਂਗ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਦਾ ਅਸਰ ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ 'ਤੇ ਵੀ ਪੈਣਾ ਸ਼ੁਰੂ ਹੋ ਗਿਆ।
ਧੁੱਸੀ ਬੰਨ ਵਿੱਚ ਪਏ ਤਿੰਨ ਪਾੜਾਂ ਚੋਂ 2 ਪਾੜਾਂ ਨੂੰ ਪੂਰਿਆ
ਦੂਜੇ ਪਾਸੇ ਧੁੱਸੀ ਬੰਨ ਵਿੱਚ ਪਏ ਤਿੰਨ ਪਾੜਾਂ ਵਿਚੋਂ ਦਲੇਲਪੁਰ ਤੇ ਭੈਣੀ ਮੀਲਵਾਂ ਦੇ ਦੋ ਪਾੜਾਂ ਨੂੰ ਭਰ ਲਿਆ ਗਿਆ ਹੈ ਜਦਕਿ ਪਿੰਡ ਜਗਤਪੁਰ ਟਾਂਡਾ ਵਿਖੇ ਪਏ ਤੀਜੇ ਪਾੜ ਨੂੰ ਭਰਨ ਲਈ ਕੰਮ ਜੰਗੀ ਪੱਧਰ `ਤੇ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਾੜ ਵੀ ਜਲਦੀ ਹੀ ਭਰ ਲਿਆ ਜਾਵੇਗਾ। ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਐੱਨ.ਡੀ.ਆਰ.ਐੱਫ, ਭਾਰਤੀ ਫੌਜ ਅਤੇ ਬੀ.ਐੱਸ.ਐੱਫ ਦੇ 100 ਤੋਂ ਜਿਆਦਾ ਜਵਾਨ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ।
ਰਿਲੀਫ ਕੈਂਪ ਸਥਾਪਤ
ਮਿਲੀ ਜਾਣਕਾਰੀ ਮੁਤਾਬਿਕ 15 ਬੇੜੀਆਂ ਨੂੰ ਰਾਹਤ ਕਾਰਜਾਂ ਵਿੱਚ ਵਰਤਿਆ ਜਾ ਰਿਹਾ ਹੈ, ਇਸ ਤੋਂ ਇਲਾਵਾ ਕਈ ਪਿੰਡਾਂ ਵਿੱਚ ਟਰੈਕਟਰ ਟਰਾਲੀਆਂ ਦੀ ਮਦਦ ਨਾਲ ਵੀ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਹੁਣ ਤੱਕ ਕਰੀਬ 125 ਤੋਂ ਵੱਧ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਪੁਰਾਣਾ ਸ਼ਾਲਾ ਵਿਖੇ ਰਿਲੀਫ ਕੈਂਪ ਸਥਾਪਤ ਕੀਤਾ ਗਿਆ ਹੈ। ਕੱਲ੍ਹ ਤਿਬੜੀ ਵਿਖੇ ਇੱਕ ਹੋਰ ਰਿਲੀਫ ਕੈਂਪ ਸਥਾਪਤ ਕਰ ਦਿੱਤਾ ਜਾਵੇਗਾ।
ਹੈਲਪਲਾਈਨ ਨੰਬਰ ਜਾਰੀ
ਜ਼ਿਲ੍ਹਾ ਵਾਸੀ ਬਿਲਕੁਲ ਨਾ ਘਬਰਾਉਣ, ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਕਿਸੇ ਵੀ ਤਰ੍ਹਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਦੇ ਨੰਬਰ 1800-180-1852 `ਤੇ ਜਾਂ 112 ਉੱਪਰ ਕਾਲ ਕੀਤੀ ਜਾ ਸਕਦੀ ਹੈ।
ਰਿਪੋਰਟਰ ਰਵੀਬਖਸ਼ ਸਿੰਘ ਅਰਸੀ ਦੇ ਸਹਿਯੋਗ ਨਾਲ...
ਇਹ ਵੀ ਪੜ੍ਹੋ: Tax Department: ਮੰਡੀ ਗੋਬਿੰਦਗੜ੍ਹ ’ਚ ਕਰ ਵਿਭਾਗ ਦਾ ਵੱਡਾ ਐਕਸ਼ਨ, ਚੈਕਿੰਗ ਦੌਰਾਨ 101 ਵਾਹਨਾਂ ਖਿਲਾਫ ਕੀਤੀ ਇਹ ਕਾਰਵਾਈ
- PTC NEWS