Sat, May 18, 2024
Whatsapp

ਸ਼੍ਰੋਮਣੀ ਕਮੇਟੀ ਲੰਮੀਆਂ ਸਜ਼ਾਵਾਂ ਵਾਲੇ 9 ਬੰਦੀ ਸਿੰਘਾਂ ਨੂੰ ਹਰ ਮਹੀਨੇ ਦੇਵੇਗੀ 20 ਹਜ਼ਾਰ ਰੁਪਏ ਸਨਮਾਨ ਭੱਤਾ - ਐਡਵੋਕੇਟ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਮੇ ਸਮੇਂ ਤੋਂ ਦੇਸ਼ ਦੀਆਂ ਜੇਲ੍ਹਾਂ ਵਿਚ ਬੰਦ 9 ਸਿੱਖਾਂ ਨੂੰ ਸਨਮਾਨ ਭੱਤੇ ਵਜੋਂ ਹਰ ਮਹੀਨੇ 20-20 ਹਜ਼ਾਰ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਸਬੰਧੀ ਯੂਐਨਓ ਅਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਤੱਕ ਵੀ ਪਹੁੰਚ ਕੀਤੀ ਜਾਵੇਗੀ।

Written by  Jasmeet Singh -- January 27th 2023 06:34 PM
ਸ਼੍ਰੋਮਣੀ ਕਮੇਟੀ ਲੰਮੀਆਂ ਸਜ਼ਾਵਾਂ ਵਾਲੇ 9 ਬੰਦੀ ਸਿੰਘਾਂ ਨੂੰ ਹਰ ਮਹੀਨੇ ਦੇਵੇਗੀ 20 ਹਜ਼ਾਰ ਰੁਪਏ ਸਨਮਾਨ ਭੱਤਾ - ਐਡਵੋਕੇਟ ਧਾਮੀ

ਸ਼੍ਰੋਮਣੀ ਕਮੇਟੀ ਲੰਮੀਆਂ ਸਜ਼ਾਵਾਂ ਵਾਲੇ 9 ਬੰਦੀ ਸਿੰਘਾਂ ਨੂੰ ਹਰ ਮਹੀਨੇ ਦੇਵੇਗੀ 20 ਹਜ਼ਾਰ ਰੁਪਏ ਸਨਮਾਨ ਭੱਤਾ - ਐਡਵੋਕੇਟ ਧਾਮੀ

ਅੰਮ੍ਰਿਤਸਰ, 27 ਜਨਵਰੀ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਮੇ ਸਮੇਂ ਤੋਂ ਦੇਸ਼ ਦੀਆਂ ਜੇਲ੍ਹਾਂ ਵਿਚ ਬੰਦ 9 ਸਿੱਖਾਂ ਨੂੰ ਸਨਮਾਨ ਭੱਤੇ ਵਜੋਂ ਹਰ ਮਹੀਨੇ 20-20 ਹਜ਼ਾਰ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਸਬੰਧੀ ਯੂਐਨਓ ਅਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਤੱਕ ਵੀ ਪਹੁੰਚ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਅੱਜ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਤਿੰਨ-ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਸਿੱਖਾਂ ਪ੍ਰਤੀ ਸਰਕਾਰਾਂ ਦਾ ਅਨਿਆਂ ਮਨੁੱਖੀ ਅਧਿਕਾਰਾਂ ਦਾ ਵੱਡਾ ਉਲੰਘਣ ਹੈ, ਜਿਸ ਨੂੰ ਲੈ ਕੇ ਅੰਤਰਰਾਸ਼ਟਰੀ ਮੰਚਾਂ ’ਤੇ ਅਵਾਜ਼ ਉਠਾਈ ਜਾਵੇਗੀ। 

ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਨੇ ਲੰਮੀਆਂ ਸਜ਼ਾਵਾਂ ਵਾਲੇ 9 ਸਿੱਖ ਬੰਦੀਆਂ ਨੂੰ 20-20 ਹਜ਼ਾਰ ਰੁਪਏ ਮਾਸਿਕ ਸਨਮਾਨ ਭੱਤਾ ਦੇਣ ਅਤੇ ਲੋੜ ਅਨੁਸਾਰ ਕਾਨੂੰਨੀ ਮੱਦਦ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵਿਚ ਭਾਈ ਗੁਰਦੀਪ ਸਿੰਘ ਖੇੜਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਲਖਵਿੰਦਰ ਸਿੰਘ ਲੱਖਾ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਭਾਈ ਰਾਜੋਆਣਾ ਨੂੰ ਪਹਿਲਾ ਹੀ ਇਹ ਸਨਮਾਨ ਭੱਤਾ ਦਿੱਤਾ ਜਾ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ 1984 ਤੋਂ ਲੈ ਕੇ ਸ਼੍ਰੋਮਣੀ ਕਮੇਟੀ ਸੰਘਰਸ਼ੀ ਸਿੱਖਾਂ ਨਾਲ ਖੜ੍ਹਦੀ ਆ ਰਹੀ ਹੈ ਅਤੇ ਇਸੇ ਦੀ ਲਗਾਤਾਰਤਾ ਵਿਚ ਵਚਨਬੱਧ ਰਹੇਗੀ।


ਉਨ੍ਹਾਂ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਆਰੰਭੀ ਦਸਤਖ਼ਤੀ ਮੁਹਿੰਮ ਹੋਰ ਪ੍ਰਚੰਡ ਕੀਤੀ ਜਾਵੇਗੀ ਅਤੇ ਸਿੱਖ ਜਥੇਬੰਦੀਆਂ, ਵਿਦਿਅਕ ਅਦਾਰਿਆਂ, ਸਿੰਘ ਸਭਾਵਾਂ ਅਤੇ ਮਨੁੱਖੀ ਹੱਕਾਂ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਨਾਲ ਲੈ ਕੇ ਇਸ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਹਰ ਪੱਧਰ ’ਤੇ ਲੜਿਆ ਜਾਵੇਗਾ ਅਤੇ ਸਰਕਾਰਾਂ ਨੂੰ ਸਿੱਖ ਕੌਮ ਦੀ ਅਵਾਜ਼ ਅੱਗੇ ਝੁਕਣਾ ਹੀ ਪਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧ ਵਿਚ ਕਾਨੂੰਨੀ ਲੋੜਾਂ ਲਈ ਸੀਨੀਅਰ ਐਡਵੋਕੇਟ ਪੂਰਨ ਸਿੰਘ ਹੁੰਦਲ, ਪਰਮਜੀਤ ਸਿੰਘ ਥਿਆੜਾ, ਬਲਤੇਜ ਸਿੰਘ ਢਿੱਲੋਂ, ਭਗਵੰਤ ਸਿੰਘ ਸਿਆਲਕਾ, ਅਮਰਜੀਤ ਸਿੰਘ ਧਾਰਨੀ ਅਤੇ ਅਰਸ਼ਦੀਪ ਸਿੰਘ ਕਲੇਰ ’ਤੇ ਅਧਾਰਿਤ ਕਾਨੂੰਨੀ ਸਲਾਹਕਾਰ ਬੋਰਡ ਦਾ ਗਠਨ ਕੀਤਾ ਗਿਆ ਹੈ, ਜੋ ਬੰਦੀ ਸਿੰਘਾਂ ਦੇ ਪਰਿਵਾਰਾਂ ਦੀ ਕਾਨੂੰਨੀ ਮੱਦਦ ਲਈ ਕਾਰਜਸ਼ੀਲ ਰਹੇਗਾ।

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਕਤਲ ਤੇ ਬਲਾਤਕਾਰ ਦੇ ਦੋਸ਼ਾਂ ਵਿਚ ਸਜ਼ਾ ਭੁਗਤ ਰਹੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਸਰਕਾਰਾਂ ਵੱਲੋਂ ਦਿੱਤੀ ਜਾ ਰਹੀ ਸਰਪ੍ਰਸਤੀ ਦਾ ਸਖ਼ਤ ਨੋਟਿਸ ਲੈਂਦਿਆਂ ਉਸ ਵਿਰੁੱਧ ਹਾਈਕੋਰਟ ਵਿਚ ਰਿਟ ਪਟੀਸ਼ਨ ਪਾਉਣ ਦਾ ਵੀ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਪੈਰੋਲ ’ਤੇ ਆਏ ਰਾਮ ਰਹੀਮ ਨੂੰ ਸੂਬਾ ਮਹਿਮਾਨ ਵਜੋਂ ਸੱਦਣਾ ਨਿਆਂਪਾਲਿਕਾ ਦੀ ਵੱਡੀ ਤੌਹੀਨ ਹੈ ਅਤੇ ਇਸ ਦੇ ਨਾਲ ਹੀ ਉਸ ਨੂੰ ਬਾਰ-ਬਾਰ ਪੈਰੋਲ ਦੇਣਾ ਅਤੇ 90 ਦਿਨਾਂ ਦੀ ਸਜ਼ਾ ਮੁਆਫ਼ ਕਰਨਾ ਸੱਭਿਅਕ ਸਮਾਜ ਵਿਚ ਸਵੀਕਾਰਨਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਮ ਰਹੀਮ ਵਿਰੁੱਧ ਬੇਅਦਬੀ ਦੇ ਮਾਮਲਿਆਂ ਵਿਚ ਵੀ ਅਦਾਲਤੀ ਪ੍ਰਕਿਰਿਆ ਜਾਰੀ ਹੈ, ਲਿਹਾਜ਼ਾ ਉਸ ਦੇ ਬਾਹਰ ਆਉਣ ਨਾਲ ਕੇਸ ਪ੍ਰਭਾਵਤ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਸੰਜੀਦਾ ਮਾਮਲੇ ’ਤੇ ਸ਼੍ਰੋਮਣੀ ਕਮੇਟੀ ਹਾਈ ਕੋਰਟ ਜਾਵੇਗੀ ਅਤੇ ਲੋੜ ਪੈਣ ’ਤੇ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਜਾਵੇਗੀ।

ਹੋਰ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਕਿ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੀਆਂ ਪੰਥਕ ਸੇਵਾਵਾਂ ਦੇ ਮੱਦੇਨਜ਼ਰ ਉਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮਹਾਰਾਜਾ ਨਾਭਾ ਨੇ ਗੁਰਦੁਆਰਾ ਸੁਧਾਰ ਲਹਿਰ ਦੀ ਹਮਾਇਤ ਕਰਨ ਦੇ ਨਾਲ-ਨਾਲ ਸੰਨ 1909 ਵਿਚ ਅਨੰਦ ਮੈਰਿਜ ਐਕਟ ਪਾਸ ਕਰਵਾਉਣ ਵਿਚ ਅਹਿਮ ਯੋਗਦਾਨ ਪਾਇਆ। ਇਸ ਦੇ ਨਾਲ ਹੀ ਜਦੋਂ ਸਾਕਾ ਨਨਕਾਣਾ ਸਾਹਿਬ ਵਾਪਰਿਆ ਤਾਂ ਸ਼੍ਰੋਮਣੀ ਕਮੇਟੀ ਦੇ ਸੱਦੇ ’ਤੇ ਕਾਲੀਆਂ ਦਸਤਾਰਾਂ ਬੰਨ੍ਹ ਕੇ ਰੋਸ ਪ੍ਰਗਟ ਕਰਨ ਵਾਲਿਆਂ ਵਿਚ ਮਹਾਰਾਜਾ ਨਾਭਾ ਵੀ ਸ਼ਾਮਲ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਬਾਬਾ ਚੰਦਾ ਸਿੰਘ ਜੀ ਕੱਟੂ ਵਾਲਿਆਂ ਦੀ ਤਸਵੀਰ ਵੀ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। 

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਵਾਤਾਵਰਣ ਦੀ ਸੰਭਾਲ ਲਈ ਵੀ ਪ੍ਰਭਾਵਸ਼ਾਲੀ ਲਹਿਰ ਨੂੰ ਅੱਗੇ ਵਧਾਏਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਗੁਰਦੁਆਰਾ ਸਾਹਿਬਾਨ ਦੇ ਇੱਕ-ਇੱਕ ਏਕੜ ਰਕਬੇ ਵਿਚ ਵਿਰਾਸਤੀ ਜੰਗਲ ਸਥਾਪਤ ਕੀਤੇ ਜਾ ਚੁੱਕੇ ਹਨ ਅਤੇ ਇਸ ਨੂੰ ਹੋਰ ਅੱਗੇ ਵਧਾਉਂਦਿਆਂ ਹੁਣ ਹਰ ਵਿਦਿਅਕ ਅਦਾਰੇ ਅਤੇ ਗੁਰਦੁਆਰਾ ਸਾਹਿਬਾਨ ਵਿਚ ਭਰਵੇਂ ਰੁੱਖ ਲਗਾਏ ਜਾਣਗੇ। ਇਸ ਦੇ ਨਾਲ ਹੀ ਮਿੱਟੀ, ਹਵਾ ਅਤੇ ਪਾਣੀ ਦੀ ਸ਼ੁਧਤਾ ਲਈ ਚੇਤਨਤਾ ਫੈਲਾਉਣ ਵਾਸਤੇ ਕਿਤਾਬਚੇ ਤਿਆਰ ਕਰਕੇ ਲੱਖਾਂ ਦੀ ਗਿਣਤੀ ਵਿਚ ਵੰਡੇ ਜਾਣਗੇ।

ਪੰਜ ਪਿਆਰਿਆਂ ਦੇ ਨਾਂ ’ਤੇ ਅੰਮ੍ਰਿਤਸਰ ’ਚ ਬਣੇ ਸਿਹਤ ਕੇਂਦਰਾਂ ਨੂੰ ਆਮ ਆਦਮੀ ਕਲੀਨਿਕ ਵਜੋਂ ਬਦਲਣ ਦੀ ਸਖ਼ਤ ਨਿੰਦਾ

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਪੰਜਾਬ ਦੀ ਆਪ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਤ ਯਾਦਗਾਰਾਂ ਨਾਲ ਛੇੜ-ਛਾੜ ਕਰਨ ਸਬੰਧੀ ਨਿੰਦਾ ਮਤਾ ਪਾਸ ਕਰਦਿਆਂ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਤਾੜਨਾ ਕੀਤੀ ਕਿ ਉਹ ਸਿਆਸੀ ਲਾਭ ਲਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ਤੋਂ ਬਾਜ ਆਉਣ। ਪੱਤਰਕਾਰਾਂ ਨਾਲ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਖਾਲਸਾ ਸਾਜਣਾ ਦਿਵਸ ਦੇ 300 ਸਾਲਾ ਮੌਕੇ ਅਕਾਲੀ ਸਰਕਾਰ ਵੱਲੋਂ ਅੰਮ੍ਰਿਤਸਰ ਵਿਚ ਪੰਜ ਪਿਆਰਿਆਂ ਦੇ ਨਾਂ ’ਤੇ ਪੰਜ ਸਿਹਤ ਕੇਂਦਰ ਸਥਾਪਤ ਕੀਤੇ ਗਏ ਸਨ, ਜਿਨ੍ਹਾਂ ਨੂੰ ਆਮ ਆਦਮੀ ਕਲੀਨਿਕ ਵਜੋਂ ਬਦਲ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖ ਕੌਮ ਦੀਆਂ ਯਾਦਗਾਰਾਂ ਦੀ ਤੌਹੀਨ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜ ਪਿਆਰਿਆਂ ਦੇ ਨਾਂ ਵਾਲੇ ਸਿਹਤ ਕੇਂਦਰਾਂ ਨੂੰ ਭਗਵੰਤ ਮਾਨ ਵੱਲੋਂ ਆਪਣੀ ਤਸਵੀਰ ਵਾਲੇ ਬੋਰਡ ਲਗਾ ਕੇ ਆਮ ਆਦਮੀ ਕਲੀਨਿਕ ਘੋਸ਼ਿਤ ਕੀਤਾ ਗਿਆ ਹੈ, ਜਿਸ ਨੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਅੰਦਰ ਗੁਰੂ ਸਾਹਿਬਾਨ ਤੋਂ ਬਾਅਦ ਪੰਜ ਪਿਆਰੇ ਸਾਹਿਬਾਨ ਦਾ ਸਤਿਕਾਰ ਹੈ ਅਤੇ ਦੁੱਖ ਦੀ ਗੱਲ ਹੈ ਕਿ ਸ੍ਰੀ ਭਗਵੰਤ ਮਾਨ ਪੰਜਾਬ ਦੇ ਇਤਿਹਾਸ ਅਤੇ ਵਿਰਾਸਤ ਨੂੰ ਖੋਰਾ ਲਗਾ ਰਿਹਾ ਹੈ। 

ਉਨ੍ਹਾਂ ਸਵਾਲ ਕੀਤਾ ਕਿ ਕੀ ਸ੍ਰੀ ਭਗਵੰਤ ਮਾਨ ਪੰਜ ਪਿਆਰੇ ਸਾਹਿਬਾਨ ਤੋਂ ਉੱਪਰ ਹੈ, ਜੋ ਇਨ੍ਹਾਂ ਧਾਰਮਿਕ ਯਾਦਗਾਰਾਂ ਨੂੰ ਆਪਣੀ ਪਾਰਟੀ ਦੇ ਨਾਂ ਹੇਠ ਉਭਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਇਸ ਕਾਰਵਾਈ ਨੂੰ ਤੁਰੰਤ ਵਾਪਸ ਲੈਣ ਦੀ ਤਾੜਨਾ ਕਰਦੀ ਹੈ ਅਤੇ ਜੇਕਰ ਇਸ ਵਿਚ ਦੇਰੀ ਕੀਤੀ ਗਈ ਤਾਂ ਸਿੱਖ ਰੋਹ ਵਧਣ ਦੀ ਜ਼ੁੰਮੇਵਾਰ ਸਰਕਾਰ ਹੋਵੇਗੀ। ਦੱਸਣਯੋਗ ਹੈ ਕਿ 1999 ਵਿਚ 300 ਸਾਲਾ ਮੌਕੇ ਅਕਾਲੀ ਸਰਕਾਰ ਵੱਲੋਂ ਪੰਜ ਪਿਆਰੇ ਸਾਹਿਬਾਨ ਦੇ ਨਾਂ ’ਤੇ ਅੰਮ੍ਰਿਤਸਰ ’ਚ ਵੱਖ-ਵੱਖ ਥਾਵਾਂ ’ਤੇ ਇਹ ਪੰਜ ਸਿਹਤ ਕੇਂਦਰ ਬਣਾਏ ਗਏ ਸਨ। ਇਨ੍ਹਾਂ ਵਿਚ ਭਾਈ ਦਇਆ ਸਿੰਘ ਜੀ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ ਮੁਸ਼ਤਫਾਬਾਦ, ਭਾਈ ਧਰਮ ਸਿੰਘ ਜੀ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ ਰਣਜੀਤ ਐਵੀਨਿਊ, ਭਾਈ ਹਿੰਮਤ ਸਿੰਘ ਜੀ ਸੈਟੇਲਾਈਟ ਹਸਪਤਾਲ ਘਣੂਪੁਰ ਕਾਲੇ, ਭਾਈ ਮੋਹਕਮ ਸਿੰਘ ਜੀ ਸੈਟੇਲਾਈਟ ਹਸਪਤਾਲ ਸਕੱਤਰੀ ਬਾਗ ਅਤੇ ਭਾਈ ਸਾਹਿਬ ਸਿੰਘ ਜੀ ਸਰਕਾਰੀ ਹਸਪਤਾਲ ਫਤਾਹਪੁਰ ਸ਼ਾਮਲ ਹਨ। 

ਅੰਤਰਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਦਾ ਕੀਤਾ ਗਠਨ

ਸ਼੍ਰੋਮਣੀ ਕਮੇਟੀ ਨੇ ਅੰਤਰਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਦਾ ਗਠਨ ਕਰਦਿਆਂ ਇਸ ਵਿਚ ਫਿਲਹਾਲ 13 ਮੈਂਬਰ ਸ਼ਾਮਲ ਕੀਤੇ ਹਨ। ਅੱਜ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਇਸ ਸਲਾਹਕਾਰ ਬੋਰਡ ਨੂੰ ਅੰਤਮ ਛੋਹਾਂ ਦਿੱਤੀਆਂ ਗਈਆਂ। ਜਾਣਕਾਰੀ ਦਿੰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਮੌਜੂਦਾ ਸਮੇਂ ਸਿੱਖ ਕੌਮ ਪੂਰੇ ਵਿਸ਼ਵ ਵਿਚ ਫੈਲੀ ਹੋਈ ਹੈ ਅਤੇ ਗਲੋਬਲ ਪੱਧਰ ’ਤੇ ਸਿੱਖ ਮਸਲਿਆਂ ਸਬੰਧੀ ਇਹ ਸਲਾਹਕਾਰ ਬੋਰਡ ਕਾਰਜ ਕਰੇਗਾ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ’ਚ ਐਲਾਨ ਕੀਤਾ ਗਿਆ ਸੀ, ਜਿਸ ਅਨੁਸਾਰ ਮੁੱਢਲੇ ਤੌਰ ’ਤੇ 13 ਮੈਂਬਰ ਲਏ ਗਏ ਹਨ, ਜਿਸ ਵਿਚ ਅਗਲੇ ਸਮਿਆਂ ਦੌਰਾਨ ਵਾਧਾ ਕੀਤਾ ਜਾਵੇਗਾ। 

ਉਨ੍ਹਾਂ ਦੱਸਿਆ ਕਿ ਇਨ੍ਹਾਂ 13 ਮੈਂਬਰਾਂ ਵਿਚ ਇੰਦਰਜੀਤ ਸਿੰਘ ਬੱਲ ਟਰਾਂਟੋ ਕੈਨੇਡਾ, ਦਲਬੀਰ ਸਿੰਘ ਯੂਬਾ ਸਿਟੀ ਅਮਰੀਕਾ, ਗੁਰਨਾਮ ਸਿੰਘ ਪੰਨਵਾਂ ਅਮਰੀਕਾ, ਜਤਿੰਦਰਪਾਲ ਸਿੰਘ ਕੈਲੇਫੋਰਨੀਆ ਅਮਰੀਕਾ, ਦਰਸ਼ਨ ਸਿੰਘ ਧਾਲੀਵਾਲ ਰੱਖੜਾ ਅਮਰੀਕਾ, ਬਲਵੰਤ ਸਿੰਘ ਧਾਮੀ ਯੂਕੇ, ਡਾ. ਕੰਵਲਜੀਤ ਕੌਰ ਯੂਕੇ, ਗੁਰਮੀਤ ਸਿੰਘ ਰੰਧਾਵਾ ਚੇਅਰਮੈਨ ਸਿੱਖ ਕੌਂਸਲ ਯੂਕੇ, ਹਰਪਾਲ ਸਿੰਘ ਖਾਲਸਾ ਦਰਬਾਰ ਕੈਨੇਡਾ, ਰਾਜਬੀਰ ਸਿੰਘ ਸਰੀ ਕੈਨੇਡਾ, ਨਿਰਮਲ ਸਿੰਘ ਚੰਦੀ ਕੈਨੇਡਾ, ਗੁਰਚਰਨਜੀਤ ਸਿੰਘ ਲਾਂਬਾ ਅਮਰੀਕਾ, ਮਲਕੀਤ ਸਿੰਘ ਧਾਮੀ ਵੈਨਕੂਵਰ ਕੈਨੇਡਾ ਸ਼ਾਮਲ ਕੀਤੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜਲਦ ਹੀ ਇਸ ਸਲਾਹਕਾਰ ਬੋਰਡ ਵਿਚ ਯੂਰਪ, ਆਸਟ੍ਰੇਲੀਆ, ਨਿਊਜੀਲੈਂਡ ਅਤੇ ਹੋਰ ਦੇਸ਼ਾਂ ਤੋਂ ਵੀ ਨੁਮਾਇੰਦੇ ਸ਼ਾਮਲ ਕੀਤੇ ਜਾਣਗੇ। 

ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ, ਜਰਨੈਲ ਸਿੰਘ ਕਰਤਾਰਪੁਰ, ਸੁਰਜੀਤ ਸਿੰਘ ਤੁਗਲਵਾਲ, ਬਾਵਾ ਸਿੰਘ ਗੁਮਾਨਪੁਰਾ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਗੁਰਨਾਮ ਸਿੰਘ ਜੱਸਲ, ਪਰਮਜੀਤ ਸਿੰਘ ਖਾਲਸਾ, ਸ਼ੇਰ ਸਿੰਘ ਮੰਡਵਾਲਾ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਮਲਕੀਤ ਸਿੰਘ ਚੰਗਾਲ, ਸਕੱਤਰ ਪ੍ਰਤਾਪ ਸਿੰਘ, ਓਐਸਡੀ ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਸੁਖਮਿੰਦਰ ਸਿੰਘ, ਕੁਲਵਿੰਦਰ ਸਿੰਘ ਰਮਦਾਸ, ਗੁਰਿੰਦਰ ਸਿੰਘ ਮਥਰੇਵਾਲ, ਸਿਮਰਜੀਤ ਸਿੰਘ, ਮੀਤ ਸਕੱਤਰ ਗੁਰਦਿਆਲ ਸਿੰਘ, ਗੁਰਚਰਨ ਸਿੰਘ ਕੁਹਾਲਾ, ਸ਼ਾਹਬਾਜ ਸਿੰਘ, ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ ਆਦਿ ਮੌਜੂਦ ਸਨ।

- PTC NEWS

Top News view more...

Latest News view more...

LIVE CHANNELS
LIVE CHANNELS