ਸਾਬਕਾ CM ਕੈਪਟਨ ਦੇ ਸਲਾਹਕਾਰ ਰਹਿ ਚੁੱਕੇ ਭਰਤਇੰਦਰ ਸਿੰਘ ਚਾਹਲ ਦੀਆਂ ਵਧੀਆਂ ਮੁਸ਼ਕਿਲਾਂ, ਜਾਣੋ ਕੀ ਹੈ ਮਾਮਲਾ
ਗਗਨਦੀਪ ਅਹੁਜਾ (ਪਟਿਆਲਾ, 3 ਅਗਸਤ): ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਕੀਤਾ ਗਿਆ ਹੈ।
ਭਰਤਇੰਦਰ ਸਿੰਘ ਚਹਿਲ ਖ਼ਿਲਾਫ਼ ਮਾਮਲਾ ਦਰਜ
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਐਫ.ਆਈ.ਆਰ. ਨੰ. 26 ਮਿਤੀ 02-08-2023 ਨੂੰ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੀਆਂ ਧਾਰਾਵਾਂ 13(1)ਬੀ, 13(2) ਅਧੀਨ ਥਾਣਾ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ ਵਿਖੇ ਭਰਤਇੰਦਰ ਸਿੰਘ ਚਹਿਲ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮਾਰਚ 2017 ਤੋਂ ਸਤੰਬਰ 2021 ਤੱਕ ਸਾਬਕਾ ਮੀਡੀਆ ਸਲਾਹਕਾਰ ਚਾਹਲ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਆਮਦਨ 7,85,16,905 ਰੁਪਏ ਸੀ ਜਦੋਂਕਿ 31,79,89,011 ਰੁਪਏ ਖਰਚ ਕੀਤੇ ਗਏ, ਜੋ ਕਿ ਆਮਦਨ ਦੇ ਜ਼ਾਹਰਾ ਸਰੋਤਾਂ ਤੋਂ ਲਗਭਗ 305 ਫ਼ੀਸਦ ਵੱਧ ਹਨ।
'ਮਾਮਲੇ ਦੀ ਅਗਲੇਰੀ ਜਾਂਚ ਜਾਰੀ'
ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਭਰਤਇੰਦਰ ਸਿੰਘ ਚਾਹਲ ਨੇ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ‘ਤੇ ਕਈ ਜਾਇਦਾਦਾਂ ਬਣਾਈਆਂ, ਜਿਨ੍ਹਾਂ ਵਿੱਚ ਸਰਹਿੰਦ ਰੋਡ ਪਟਿਆਲਾ ਉਤੇ ਸਥਿਤ ਦਸਮੇਸ਼ ਲਗਜ਼ਰੀ ਵੈਡਿੰਗ ਰਿਜ਼ੋਰਟ (ਅਲਕਾਜ਼ਾਰ), ਮਿੰਨੀ ਸਕੱਤਰੇਤ ਰੋਡ ਪਟਿਆਲਾ ਉਤੇ 2595 ਗਜ਼ ਦੀ ਪੰਜ ਮੰਜ਼ਿਲਾ ਕਮਰਸ਼ੀਅਲ ਇਮਾਰਤ (ਪਸ਼ੂ ਪਾਲਣ ਵਿਭਾਗ ਦੀ ਸਾਈਟ), ਨਾਭਾ ਰੋਡ 'ਤੇ ਟੋਲ ਪਲਾਜ਼ਾ ਨੇੜੇ ਪਿੰਡ ਕਲਿਆਣ ਵਿਖੇ 72 ਕਨਾਲ 14 ਮਰਲੇ ਜ਼ਮੀਨ ਸ਼ਾਮਲ ਹੈ। ਇਸ ਤੋਂ ਇਲਾਵਾ ਉਸ ਨੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਮਾਲਾਹੇੜੀ ਅਤੇ ਹਰਬੰਸਪੁਰਾ ਵਿਖੇ ਵੀ ਜ਼ਮੀਨ ਖਰੀਦੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: Free power scheme In Punjab: ਕੇਂਦਰ ਸਰਕਾਰ ਦਾ ਨਵਾਂ ਹੁਕਮ; ਸਬਸੀਡੀ ਬਿੱਲ ਅਡਵਾਂਸ ਦੇਵੇ ਸਰਕਾਰ ਨਹੀਂ ਤਾਂ...
- PTC NEWS