ਚੰਡੀਗੜ੍ਹ 'ਚ ਓਮੀਕਰੋਨ ਨੇ ਦਿੱਤੀ ਦਸਤਕ, 20 ਸਾਲਾ ਨੌਜਵਾਨ ਪਾਜ਼ੇਟਿਵ
ਚੰਡੀਗੜ੍ਹ- ਚੰਡੀਗੜ੍ਹ ’ਚ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ ਨੇ ਦਸਤਕ ਦਿੱਤੀ ਹੈ। ਜਾਣਕਾਰੀ ਮੁਤਾਬਿਕ ਇਕ 20 ਸਾਲਾ ਨੌਜਵਾਨ ਇਸ ਦਾ ਸ਼ਿਕਾਰ ਹੋਇਆ ਹੈ। ਉਕਤ ਨੌਜਵਾਨ 22 ਨਵੰਬਰ ਨੂੰ ਇਟਲੀ ਤੋਂ ਪੰਜਾਬ ਆਇਆ ਸੀ ਅਤੇ 1 ਦਸੰਬਰ ਨੂੰ ਕੋਵਿਡ ਨਾਲ ਪੀੜਤ ਪਾਇਆ ਗਿਆ ਸੀ। ਰਾਹਤ ਦੀ ਖਬਰ ਇਹ ਹੈ ਕਿ ਨੌਜਵਾਨ ਦੇ ਸੰਪਰਕ 'ਚ ਆਏ 7 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।
ਸਿਹਤ ਵਿਭਾਗ ਅਨੁਸਾਰ ਇਟਲੀ ਦਾ ਰਹਿਣ ਵਾਲਾ 20 ਸਾਲਾ ਨੌਜਵਾਨ 22 ਨਵੰਬਰ ਨੂੰ ਭਾਰਤ ਪਹੁੰਚਿਆ ਸੀ। ਇਸ ਤੋਂ ਬਾਅਦ ਉਹ ਚੰਡੀਗੜ੍ਹ ਰਹਿੰਦੇ ਆਪਣੇ ਰਿਸ਼ਤੇਦਾਰਾਂ ਕੋਲ ਆ ਗਿਆ। ਇੱਥੇ ਜਦੋਂ ਸਿਹਤ ਵਿਭਾਗ ਨੇ ਉਸ ਦਾ ਕਰੋਨਾ ਟੈਸਟ ਕਰਵਾਇਆ ਤਾਂ ਉਹ ਪਾਜ਼ੇਟਿਵ ਪਾਇਆ ਗਿਆ। ਇਸ ਤੋਂ ਬਾਅਦ 1 ਦਸੰਬਰ ਨੂੰ ਉਸ ਦਾ ਸੈਂਪਲ ਜਾਂਚ ਲਈ ਨਵੀਂ ਦਿੱਲੀ ਓਮਿਕਰੋਨ ਭੇਜਿਆ ਗਿਆ ਸੀ।
ਉਸੇ ਦਿਨ ਇਸ ਨੌਜਵਾਨ ਦੇ ਸੰਪਰਕ ਵਿੱਚ ਆਏ ਸੱਤ ਹੋਰ ਵਿਅਕਤੀਆਂ ਦੀ ਵੀ ਕਰੋਨਾ ਰਿਪੋਰਟ ਕੀਤੀ ਗਈ ਸੀ, ਜਿਸ ਵਿੱਚ ਇਨ੍ਹਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ, ਹਾਲਾਂਕਿ ਸਾਰਿਆਂ ਨੂੰ ਕੁਆਰੰਟੀਨ ਵਿੱਚ ਰੱਖਿਆ ਗਿਆ ਹੈ। 11 ਦਸੰਬਰ ਨੂੰ ਜਦੋਂ ਸਿਹਤ ਵਿਭਾਗ ਨੂੰ ਨੌਜਵਾਨ ਦੀ ਰਿਪੋਰਟ ਮਿਲੀ ਤਾਂ ਕੋਰੋਨਾ ਦਾ ਨਵਾਂ ਰੂਪ ਓਮਾਈਕਰੋਨ ਪਾਇਆ ਗਿਆ। ਹੁਣ ਐਤਵਾਰ ਨੂੰ ਫਿਰ ਤੋਂ ਨੌਜਵਾਨ ਦਾ ਕੋਰੋਨਾ ਟੈਸਟ ਕੀਤਾ ਗਿਆ ਹੈ। ਚੰਡੀਗੜ੍ਹ ਸਿਹਤ ਵਿਭਾਗ ਉਸ ਦੀ ਰਿਪੋਰਟ ਦੀ ਉਡੀਕ ਕਰ ਰਿਹਾ ਹੈ।
ਇਸ ਤੋਂ ਪਹਿਲਾਂ ਨਵੰਬਰ ਦੇ ਆਖਿਰ ਵਿੱਚ, ਦੱਖਣੀ ਅਫਰੀਕਾ ਤੋਂ ਪਰਤਿਆ ਇੱਕ ਯਾਤਰੀ, ਉਸਦੀ ਪਤਨੀ ਅਤੇ ਨੌਕਰ ਚੰਡੀਗੜ੍ਹ ਵਿੱਚ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ।
-PTC News