ਬਰਫ਼ ਖਿਸਕਣ ਕਰਕੇ 7 ਭਰਤੀ ਫ਼ੌਜੀ ਹੋਏ ਲਾਪਤਾ, ਤਲਾਸ਼ ਜਾਰੀ
ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਸੈਕਟਰ ਵਿਚ ਬਰਫ਼ ਖਿਸਕਣ ਕਾਰਨ ਸੱਤ ਭਾਰਤੀ ਫ਼ੌਜੀ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਫੌਜ ਦੇ ਸੂਤਰਾਂ ਨੇ ਦੱਸਿਆ ਕਿ ਸੱਤ ਭਾਰਤੀ ਫੌਜ ਦੇ ਜਵਾਨ ਗਸ਼ਤ ਦਾ ਹਿੱਸਾ ਸਨ ਜਦੋਂ 14,500 ਫੁੱਟ ਦੀ ਉਚਾਈ ਵਾਲੇ ਖੇਤਰ ਵਿੱਚ ਬਰਫ ਦਾ ਤੋਦਾ ਡਿੱਗ ਗਿਆ।
ਇਹ ਵੀ ਪੜ੍ਹੋ: ਪੰਜਾਬ ਦੀ ਭਾਰਤੀ ਮੋਂਗਾ ਬਣੀ ਮਿਸਿਜ਼ ਯੂਨੀਵਰਸਲ ਕੁਈਨ 2021
ਬਚਾਅ ਟੀਮਾਂ ਭਾਰਤੀ ਫੌਜ ਦੇ ਸੱਤ ਜਵਾਨਾਂ ਦੀ ਭਾਲ ਕਰ ਰਹੀਆਂ ਹਨ, ਜੋ ਐਤਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਸੈਕਟਰ ਵਿੱਚ ਬਰਫ਼ ਦੇ ਤੋਦੇ ਡਿੱਗਣ ਤੋਂ ਬਾਅਦ ਲਾਪਤਾ ਹੋ ਗਏ ਸਨ। ਫੌਜ ਨੇ ਕਿਹਾ ਕਿ "ਕਮੇਂਗ ਸੈਕਟਰ ਦੇ ਉੱਚਾਈ ਵਾਲੇ ਖੇਤਰ ਵਿੱਚ ਗਸ਼ਤ ਤੇ ਗਏ ਫੌਜੀਆਂ ਦੇ ਇੱਕ ਹਿੱਸੇ 'ਤੇ ਬਰਫ਼ ਦੇ ਤੋਦੇ ਨਾਲ ਮਾਰੇ ਜਾਣ ਦੀ ਰਿਪੋਰਟ ਹੈ। ਇਸ ਸਮੇਂ ਖੋਜ ਅਤੇ ਬਚਾਅ ਕਾਰਜ ਚੱਲ ਰਹੇ ਹਨ। ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਵਿਸ਼ੇਸ਼ ਟੀਮਾਂ ਨੂੰ ਏਅਰਲਿਫਟ ਕੀਤਾ ਗਿਆ ਹੈ।"
ਭਾਰਤੀ ਫੌਜ ਨੇ ਇੱਕ ਬਿਆਨ ਵਿੱਚ ਕਿਹਾ, "ਪਿਛਲੇ ਕੁਝ ਦਿਨਾਂ ਤੋਂ ਭਾਰੀ ਬਰਫ਼ਬਾਰੀ ਦੇ ਨਾਲ ਖੇਤਰ ਵਿੱਚ ਖਰਾਬ ਮੌਸਮ ਦੇਖਿਆ ਜਾ ਰਿਹਾ ਹੈ।"
ਪਿਛਲੇ ਸਾਲ ਅਕਤੂਬਰ ਵਿੱਚ ਉੱਤਰਾਖੰਡ ਦੇ ਮਾਊਂਟ ਤ੍ਰਿਸ਼ੂਲ ਉੱਤੇ ਜਲ ਸੈਨਾ ਦੇ ਪੰਜ ਜਵਾਨ ਬਰਫ਼ ਖਿਸਕਣ ਕਰਕੇ ਫਸ ਗਏ ਸਨ, ਜਿੱਥੇ ਉਨ੍ਹਾਂ ਨੂੰ ਇੱਕ ਮੁਹਿੰਮ 'ਤੇ ਭੇਜਿਆ ਗਿਆ ਸੀ। ਬਾਅਦ ਵਿੱਚ ਉਨ੍ਹਾਂ ਦੀਆਂ ਲਾਸ਼ਾਂ ਹੀ ਬਰਾਮਦ ਕੀਤੀਆਂ ਗਈਆਂ ਸਨ।
ਫਰਵਰੀ 2020 ਵਿੱਚ ਵੀ ਸਿਆਚਿਨ ਗਲੇਸ਼ੀਅਰ ਵਿੱਚ ਬਰਫ਼ਬਾਰੀ ਅਤੇ ਬਰਫ਼ ਖਿਸਕਣ ਕਾਰਨ ਛੇ ਫੌਜੀ ਜਵਾਨਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 11 ਹੋਰ ਵੀ ਅਜਿਹੀਆਂ ਘਟਨਾਵਾਂ ਵਿੱਚ ਮਾਰੇ ਗਏ ਸਨ।
ਇਹ ਵੀ ਪੜ੍ਹੋ: ਕੁੱਤੇ ਤੇ ਸਾਨ੍ਹ ਦਾ ਹੋਇਆ ਮੁਕਾਬਲਾ, ਵੀਡੀਓ ਹੋ ਰਹੀ ਹੈ ਸੋਸ਼ਲ ਮੀਡੀਆ 'ਤੇ ਵਾਇਰਲ
ਸੂਤਰਾਂ ਨੇ ਦੱਸਿਆ ਕਿ ਤਵਾਂਗ ਅਤੇ ਬੋਮਡਿਲਾ ਵਰਗੇ ਉੱਚਾਈ ਵਾਲੇ ਇਲਾਕਿਆਂ 'ਚ ਹਰ ਸਾਲ ਬਰਫ਼ਬਾਰੀ ਹੁੰਦੀ ਹੈ ਪਰ ਦਾਰੀਆ ਹਿੱਲ 'ਤੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਬਰਫਬਾਰੀ ਹੋਈ ਕਿਉਂਕਿ ਆਖਰੀ ਬਰਫਬਾਰੀ 1988 'ਚ ਦਰਜ ਕੀਤੀ ਗਈ ਸੀ।
-PTC News