ਬਠਿੰਡਾ ’ਚ ਚਿੱਟੇ ਦੀ ਓਵਰਡੋਜ਼ ਨੇ ਲਈ 28 ਸਾਲਾ ਨੌਜਵਾਨ ਦੀ ਜਾਨ
ਬਠਿੰਡਾ: ਪੰਜਾਬ ਵਿਚ ਨਸ਼ਾ ਲਗਾਤਾਰ ਵੱਧ ਰਿਹਾ ਹੈ। ਰੋਜਾਨਾ ਨਸ਼ੇ ਨਾਲ ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਅੱਜ ਤਾਜਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿਥੇ ਚਿੱਟੇ ਨੇ ਇਕ ਹੋਰ ਨੌਜਵਾਨ ਦੀ ਜਾਨ ਲੈ ਲਈ ਹੈ। ਮਿਲੀ ਜਾਣਕਾਰੀ ਦੇ ਮਤਾਬਿਕ ਰਿੰਗ ਰੋਡ ’ਤੇ ਇਕ ਖ਼ੇਤ ’ਚ ਬਣੇ ਕਮਰੇ ’ਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ, ਜੋ ਮੂੰਧੇ-ਮੂੰਹ ਪਿਆ ਸੀ। ਨੌਜਵਾਨ ਦੀ ਲਾਸ਼ ਦੇ ਨੇੜੇ ਸਰਿੰਜ ਬਰਾਮਦ ਹੋਣ ਕਰਕੇ ਇਹ ਕਿਹਾ ਜਾ ਰਿਹਾ ਹੈ ਕਿ ਇਸ ਨੌਜਵਾਨ ਦੀ ਮੌਤ ਚਿੱਟੇ ਦੀ ਓਵਰਡੋਜ਼ ਨਾਲ ਹੋਈ ਹੈ।
ਜ਼ਿਕਰਯੋਗ ਹੈ ਕਿ 4 ਦਿਨ ਪਹਿਲਾਂ ਵੀ ਮਾਡਲ ਟਾਊਨ ਫੇਜ਼-3 ਨਜਦੀਕ ਵੀ ਇਸ ਤਰ੍ਹਾਂ ਚਿੱਟੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਸੀ, ਉਸ ਦੀ ਲਾਸ਼ ਵੀ ਇਸੇ ਤਰ੍ਹਾਂ ਮੂੰਧੇ-ਮੂੰਹ ਪਈ ਬਰਾਮਦ ਹੋਈ ਸੀ। ਪੁਲਿਸ ਇਸ ਮਾਮਲੇ ਬਾਰੇ ਸੂਚਨਾ ਮਿਲੀ ਸੀ ਕਿ ਸਹਾਰਾ ਜਨ ਸੇਵਾ ਨੂੰ ਰਿੰਗ ਰੋਡ ਦੇ ਨਜ਼ਦੀਕ ਖੇਤ ’ਚ ਬਣੇ ਇਕ ਕਮਰੇ ’ਚ ਨੌਜਵਾਨ ਦੀ ਲਾਸ਼ ਮਿਲੀ ਹੈ।
ਇਸ ਦੇ ਨਾਲ ਸੰਸਥਾ ਮੈਂਬਰ ਤੁਰੰਤ ਮੌਕੇ ’ਤੇ ਪਹੁੰਚੇ ਜਦਕਿ ਥਾਣਾ ਸਦਰ ਪੁਲਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਕੀਤੀ। ਪੁਲਸ ਦੀ ਕਾਰਵਾਈ ਤੋਂ ਬਾਅਦ ਸੰਸਥਾ ਮੈਂਬਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
-PTCNews