ਮੁੱਖ ਖਬਰਾਂ

ਬਠਿੰਡਾ ਤੋਂ ਹਨੂੰਮਾਨ ਚਾਲੀਸਾ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ

By Jasmeet Singh -- May 17, 2022 7:59 am -- Updated:May 17, 2022 8:38 am

ਪੀਟੀਸੀ ਬਿਊਰੋ, 17 ਮਈ: ਆਖ਼ਿਰ ਕੌਣ ਪਹੁੰਚ ਰਿਹਾ ਸਿੱਖਾਂ 'ਤੇ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ, ਪਹਿਲਾਂ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਪਿੱਛੇ ਕੌਣ ਹਨ ਉਸਦਾ ਪਤਾ ਲਗਾਉਣ 'ਚ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਹੁਣ ਤੱਕ ਅਸਮਰਥ ਰਿਹਾ ਅਤੇ ਹੁਣ ਸੋਮਾਰ ਸ਼ਾਮ ਬਠਿੰਡਾ ਦੇ ਕਿਲ੍ਹੇ ਨੇੜੇ ਹਿੰਦੂ ਭਾਈਚਾਰੇ ਦੀ ਧਾਰਮਿਕ ਪੋਥੀ ਹਨੂੰਮਾਨ ਚਾਲੀਸਾ ਦੇ ਸੜੇ ਹੋਏ ਅੰਗ ਮਿਲਣ ਨਾਲ ਹਿੰਦੂ ਭਾਈਚਾਰੇ ਵਿਚ ਭਾਰੀ ਰੋਸ ਮਿਲ ਰਿਹਾ ਹੈ।

ਇਹ ਵੀ ਪੜ੍ਹੋ: ਪਟਿਆਲਾ ਜ਼ਿਲ੍ਹੇ 'ਚ ਬੇਅਦਬੀ ਦੀ ਘਟਨਾ ਹੋਈ, ਪੁਲਿਸ ਵੱਲੋਂ ਜਾਂਚ ਸ਼ੁਰੂ

ਮਾਮਲੇ ਦੀ ਜਾਣਕਾਰੀ ਪ੍ਰਾਪਤ ਕਰਦਿਆਂ ਹੀ ਭਾਰੀ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ ਤਾਂ ਜੋ ਕਿਸੇ ਵੀ ਹਾਲਤ 'ਚ ਸ਼ਾਂਤੀ ਭੰਗ ਨਾ ਹੋਵੇ, ਜਿਸਤੋਂ ਬਾਅਦ ਪੁਲਿਸ ਨੇ ਹਨੂੰਮਾਨ ਚਾਲੀਸਾ ਦੇ ਅੱਧ ਸੜੇ ਹੋਏ ਅੰਗਾਂ ਨੂੰ ਲੈ ਕੇ ਫੋਰੈਂਸਿਕ ਟੀਮ ਦੇ ਹਵਾਲੇ ਕਰ ਦਿੱਤਾ ਹੈ, ਫੋਰੈਂਸਿਕ ਟੀਮ ਹੁਣ ਇਨ੍ਹਾਂ ਸਾੜੇ ਗਏ ਅੰਗਾਂ ਤੋਂ ਫਿੰਗਰਪ੍ਰਿੰਟ ਵਰਗੇ ਸੁਰਾਗਾਂ ਦਾ ਪਤਾ ਲਗਾਉਣ 'ਚ ਜੁੱਟ ਗਈ ਹੈ।

ਮੌਕੇ 'ਤੇ ਪਹੁੰਚੀਆਂ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਦੇਰ ਸ਼ਾਮ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਕਿਲ੍ਹੇ ਦੇ ਕੋਲ ਹਨੂੰਮਾਨ ਚਾਲੀਸਾ ਨੂੰ ਅਗਨ ਭੇਂਟ ਕਰ ਸੁੱਟ ਦਿੱਤਾ ਸੀ। ਜਿਸਤੋਂ ਬਾਅਦ ਉਨ੍ਹਾਂ ਨੂੰ ਮੌਕੇ ਤੋਂ ਹਨੂੰਮਾਨ ਚਾਲੀਸਾ ਦੇ ਕੁੱਝ ਪੰਨੇ ਪੂਰੀ ਤਰਾਂ ਅਤੇ ਕੁੱਝ ਪੰਨੇ ਅੱਧੇ ਸੜੇ ਹੋਏ ਮਿਲੇ। ਉਨ੍ਹਾਂ ਸ਼ੱਕ ਜਤਾਇਆ ਹੈ ਕਿ ਉਕਤ ਘਟਨਾ ਨੂੰ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਦੀ ਨੀਅਤ ਨਾਲ ਅੰਜਾਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਨਹਿੰਗ ਸਿੰਘਾਂ ਨੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ

ਦੂਜੇ ਪਾਸੇ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਕਿ ਪੁਲਿਸ ਉਕਤ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਬੀਤੇ ਦਿਨ ਪਟਿਆਲਾ ਜ਼ਿਲ੍ਹੇ ਦੇ ਪਿੰਡ ਕਰਹਾਲੀ ਸਾਹਿਬ ਵਿਖੇ ਵੀ ਬੇਆਦਬੀ ਨਾਲ ਜੁੜੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਪਿੰਡ ਕਰਹਾਲੀ ਸਾਹਿਬ ਦੇ ਗੁਰਦੁਆਰਾ ਨਜ਼ਦੀਕ ਨਿਤਨੇਮ ਦੀ ਦੋ ਪੋਥੀ ਸਾਹਿਬ ਵਿੱਚੋਂ ਪਾੜੇ ਹੋਏ ਅੰਗ, ਇੱਕ ਸ੍ਰੀ ਸਾਹਿਬ, ਦੋ ਕੜੇ ਮਿਲੇ ਹਨ। ਇਸ ਦਾ ਪਤਾ ਉਸ ਸਮੇਂ ਲੱਗਾ ਜਦੋਂ ਰਜਬਾਹੇ ਦੀ ਸਫ਼ਾਈ ਕਰ ਰਹੇ ਮਨਰੇਗਾ ਮਜ਼ਦੂਰਾਂ ਦੀ ਨਜਰ ਧਾਰਮਿਕ ਸਮਾਨ ਉੱਤੇ ਪਈ।

ਜਿਸ ਸਬੰਧੀ ਤੁਰੰਤ ਪੁਲਿਸ ਚੌਂਕੀ ਰਾਮਨਗਰ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪਹੁੰਚੇ ਸਬੰਧਤ ਚੌਂਕੀ ਦੀ ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਭਾਈ ਸਾਹਿਬ ਤੋਂ ਅਰਦਾਸ ਬੇਨਤੀ ਕਰਵਾਉਣ ਤੋਂ ਬਾਅਦ ਗੁਰਬਾਣੀ ਦੇ ਨਿਤਨੇਮ ਦੀ ਪੋਥੀ ਸਾਹਿਬ ਨੂੰ ਰਜਬਾਹੇ ਤੋਂ ਚੁੱਕ ਕੇ ਨੇੜਲੇ ਇਤਿਹਾਸਕ ਅਸਥਾਨ ਕਰਹਾਲੀ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕਰਵਾ ਦਿੱਤਾ।

-PTC News

  • Share