ਗਰਭਵਤੀ ਪਤਨੀ ਨਾਲ 45 KM ਪੈਦਲ ਚੱਲ ਪੰਜਾਬੀ ਨੇ ਬਾਰਡਰ ਕੀਤਾ ਪਾਰ, ਜਾਣੋ ਦਰਦਨਾਕ ਹੱਡਬੀਤੀ
Ukraine Russia War: ਯੂਕਰੇਨ ਵਿੱਚ ਪਿਛਲੇ ਛੇ ਦਿਨਾਂ ਤੋਂ ਲਗਾਤਾਰ ਹਮਲੇ ਜਾਰੀ ਹਨ ਅਤੇ ਅੱਜ ਇਹ ਜੰਗ 7ਵੇਂ ਦਿਨ 'ਚ ਦਾਖਲ ਹੋ ਚੁੱਕੀ ਹੈ।ਹੁਣ ਤੱਕ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਯੂਕਰੇਨ ਵਿੱਚ ਰਹਿ ਰਹੇ ਭਾਰਤੀਆਂ ਨੂੰ ਲੈ ਕੇ ਪਿੱਛੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੇਹੱਦ ਫਿਕਰਮੰਦ ਹਨ। ਉਹ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਗੁਹਾਰ ਲਗਾ ਰਹੇ ਹਨ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਠੀਕ ਵਾਪਸ ਭਾਰਤ ਲਿਆਉਣ ਲਈ ਅਹਿਮ ਕਦਮ ਚੁੱਕੇ ਜਾਣ।ਇਸ ਵਿਚਕਾਰ ਇਕ ਦਰਦ ਭਰੀ ਖ਼ਬਰ ਸਾਹਮਣੇ ਆਈ ਹੈ ਨੂਰਪੁਰਬੇਦੀ ਦੇ ਪਿੰਡ ਖੇੜਾ ਕਲਮੋਟ ਦੀ ਜਿੱਥੋਂ ਦੇ ਇੱਕ ਪਰਿਵਾਰ ਦਾ ਪੁੱਤਰ ਤੇ ਉਨ੍ਹਾਂ ਦੀ ਨੁੰਹ ਯੂਕਰੇਨ ਵਿੱਚ ਪੜ੍ਹਨ ਚਲੇ ਗਏ ਸਨ ਪਰ ਰੂਸ ਤੇ ਯੂਕਰੇਨ ਦੀ ਜੰਗ ਲੱਗਣ ਤੋਂ ਬਾਅਦ ਉਹ ਪੋਲੈਂਡ ਰਸਤੇ ਵਾਪਸ ਆਉਣ ਦੀ ਯੋਜਨਾ ਬਣਾ ਰਹੇ ਸਨ।
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਸ ਜੰਗ ਦੌਰਾਨ ਉਨ੍ਹਾਂ ਦੋਵਾਂ ਨੂੰ ਬੇਹੱਦ ਮਾੜੇ ਹਾਲਾਤਾਂ ਵਿੱਚੋਂ ਲੰਘਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਜੰਗ ਸ਼ੁਰੂ ਹੋਈ ਤਾਂ ਉਸ ਤੋਂ ਅਗਲੇ ਤਿੰਨ ਦਿਨ ਤਕ ਉਨ੍ਹਾਂ ਦਾ ਪੁੱਤਰ ਅਤੇ ਨੁੰਹ ਦੋਵਾਂ ਤੋਂ ਅਲੱਗ ਅਲੱਗ ਰਹੇ ਤੇ ਜਦੋਂ ਵਾਪਸ ਤਿੰਨ ਦਿਨ ਬਾਅਦ ਮਿਲੇ ਫਿਰ ਉਨ੍ਹਾਂ ਨੇ ਪੋਲੈਂਡ ਰਸਤੇ ਭਾਰਤ ਆਉਣ ਦੇ ਲਈ ਇਕ ਟੈਕਸੀ ਕੀਤੀ।
ਦੁੱਖ ਵਾਲੀ ਗੱਲ ਇਹ ਹੈ ਕਿ ਟੈਕਸੀ ਵਾਲੇ ਨੇ ਉਨ੍ਹਾਂ ਨੂੰ ਅੱਧ ਰਸਤੇ 'ਚ ਹੀ ਉਤਾਰ ਦਿੱਤਾ। ਫਿਰ ਉਨ੍ਹਾਂ ਨੂੰ 45 ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨੁੰਹ ਗਰਭਵਤੀ ਹੈ ਤੇ ਇਹੋ ਜਿਹੀ ਹਾਲਤ ਵਿੱਚ ਉਸ ਦੇ ਕੋਲ ਕੋਈ ਵੀ ਡਾਕਟਰੀ ਸਹਾਇਤਾ ਮੌਜੂਦ ਨਹੀਂ ਹੈ। ਇਨ੍ਹਾਂ ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਨੂੰ ਕਿਹਾ ਗਿਆ ਹੈ ਤੇ ਹੁਣ ਇਹ ਪਰਿਵਾਰ ਸਰਕਾਰ ਤੇ ਪ੍ਰਸ਼ਾਸਨ ਨੂੰ ਗੁਹਾਰ ਲਗਾ ਰਿਹਾ ਹੈ ਕਿ ਜਲਦ ਤੋਂ ਜਲਦ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਭਾਰਤ ਲਿਆਉਣ ਦੇ ਲਈ ਕੋਈ ਕਾਰਵਾਈ ਕੀਤੀ ਜਾਵੇ।
-PTC News