7th Pay Commission: ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ, ਇਨ੍ਹਾਂ ਨੂੰ ਮਿਲੇਗਾ 15% DA ਵਿੱਚ ਵਾਧੇ ਦਾ ਲਾਭ
7th Pay Commission: ਦੀਵਾਲੀ ਦੇ ਮੌਕੇ 'ਤੇ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਲਈ ਮਹਿੰਗਾਈ ਭੱਤਾ ਵਧਾਉਣ ਦਾ ਐਲਾਨ ਕੀਤਾ ਸੀ। ਸਰਕਾਰ ਨੇ ਸੱਤਵੇਂ ਤਨਖਾਹ ਕਮਿਸ਼ਨ ਤਹਿਤ ਮੁਲਾਜ਼ਮਾਂ ਦਾ ਡੀਏ 4 ਫੀਸਦੀ ਵਧਾ ਕੇ 46 ਫੀਸਦੀ ਕਰ ਦਿੱਤਾ ਸੀ। ਹੁਣ ਛੇਵੇਂ ਅਤੇ ਪੰਜਵੇਂ ਤਨਖਾਹ ਕਮਿਸ਼ਨ ਮੁਤਾਬਕ ਤਨਖਾਹ ਲੈਣ ਵਾਲੇ ਮੁਲਾਜ਼ਮਾਂ ਲਈ ਵੱਡੀ ਖਬਰ ਆ ਰਹੀ ਹੈ। ਸਰਕਾਰ ਨੇ ਇਨ੍ਹਾਂ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (ਡੀਏ) ਵਿੱਚ ਵੀ ਵਾਧਾ ਕੀਤਾ ਹੈ।
ਡੀਏ ਵਿੱਚ ਕਿੰਨਾ ਵਾਧਾ?
ਛੇਵੇਂ ਤਨਖਾਹ ਕਮਿਸ਼ਨ ਦੇ ਅਧੀਨ ਆਉਂਦੇ ਕੇਂਦਰੀ ਜਨਤਕ ਖੇਤਰ ਦੇ ਉਦਯੋਗਾਂ (CPSEs) ਦੇ ਕਰਮਚਾਰੀਆਂ ਲਈ ਮੂਲ ਤਨਖਾਹ 'ਤੇ ਡੀਏ ਮੌਜੂਦਾ 221% ਤੋਂ ਵਧਾ ਕੇ 230% ਕਰ ਦਿੱਤਾ ਗਿਆ ਹੈ। ਭਾਵ ਇਸ ਵਾਰ ਇਸ ਵਿੱਚ 9 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਮੁਲਾਜ਼ਮਾਂ ਲਈ ਮਹਿੰਗਾਈ ਭੱਤੇ ਦੀ ਬਦਲੀ ਹੋਈ ਦਰ 1 ਜੁਲਾਈ 2023 ਤੋਂ ਪ੍ਰਭਾਵੀ ਹੋ ਜਾਵੇਗੀ। ਪੰਜਵੇਂ ਤਨਖ਼ਾਹ ਕਮਿਸ਼ਨ ਅਧੀਨ ਆਉਂਦੇ ਮੁਲਾਜ਼ਮਾਂ ਦੇ ਡੀਏ ਵਿੱਚ ਵੀ ਸਰਕਾਰ ਵੱਲੋਂ ਵਾਧਾ ਕੀਤਾ ਗਿਆ ਹੈ। ਇਨ੍ਹਾਂ ਮੁਲਾਜ਼ਮਾਂ ਦਾ ਡੀਏ ਦੋ ਵਰਗਾਂ ਅਨੁਸਾਰ ਵਧਾਇਆ ਗਿਆ ਹੈ।
15 ਫੀਸਦੀ ਦਾ ਵਾਧਾ ਹੋਇਆ ਹੈ
ਅਜਿਹੇ ਮੁਲਾਜ਼ਮਾਂ ਨੂੰ 50 ਫੀਸਦੀ ਡੀਏ ਨੂੰ ਮੁੱਢਲੀ ਤਨਖ਼ਾਹ ਵਿੱਚ ਰਲੇਵੇਂ ਦਾ ਲਾਭ ਨਹੀਂ ਦਿੱਤਾ ਗਿਆ। ਅਜਿਹੇ ਕਰਮਚਾਰੀਆਂ ਦਾ ਮੌਜੂਦਾ 462% ਡੀਏ ਵਧਾ ਕੇ 477% ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਮੁਲਾਜ਼ਮਾਂ ਲਈ ਡੀਏ ਦੀ ਮੌਜੂਦਾ ਦਰ ਨੂੰ 412 ਫੀਸਦੀ ਤੋਂ ਵਧਾ ਕੇ 427 ਫੀਸਦੀ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ 50 ਫੀਸਦੀ ਡੀ.ਏ ਨੂੰ ਮੁੱਢਲੀ ਤਨਖਾਹ ਵਿੱਚ ਮਿਲਾ ਕੇ ਲਾਭ ਦਿੱਤਾ ਗਿਆ ਹੈ। ਇਸ ਤਰ੍ਹਾਂ ਦੋਵਾਂ ਵਰਗਾਂ ਦੇ ਮੁਲਾਜ਼ਮਾਂ ਨੂੰ 15 ਫੀਸਦੀ ਡੀਏ ਵਾਧੇ ਦਾ ਲਾਭ ਮਿਲ ਰਿਹਾ ਹੈ।
ਸੱਤਵੇਂ ਤਨਖ਼ਾਹ ਕਮਿਸ਼ਨ ਤਹਿਤ ਅਕਤੂਬਰ ਮਹੀਨੇ ਵਿੱਚ ਕੇਂਦਰੀ ਮੁਲਾਜ਼ਮਾਂ ਦੇ ਡੀਏ ਵਿੱਚ 4 ਫ਼ੀਸਦੀ ਦਾ ਵਾਧਾ ਕੀਤਾ ਗਿਆ ਸੀ। ਉਸ ਸਮੇਂ ਮੁਲਾਜ਼ਮਾਂ ਦਾ ਡੀਏ 42 ਫ਼ੀਸਦੀ ਸੀ, ਜਿਸ ਨੂੰ ਸਰਕਾਰ ਨੇ ਵਧਾ ਕੇ 46 ਫ਼ੀਸਦੀ ਕਰ ਦਿੱਤਾ ਹੈ। ਨਵੀਂ ਦਰ 1 ਜੁਲਾਈ ਤੋਂ ਲਾਗੂ ਹੋ ਗਈ ਹੈ। ਸਰਕਾਰ ਦੇ ਇਸ ਫੈਸਲੇ ਨਾਲ 49 ਲੱਖ ਕੇਂਦਰੀ ਕਰਮਚਾਰੀਆਂ ਅਤੇ 65 ਲੱਖ ਪੈਨਸ਼ਨਰਾਂ ਨੂੰ ਫਾਇਦਾ ਹੋਇਆ ਹੈ।
- PTC NEWS