91 ਫੁੱਟ ਉਚਾ ਨਿਸ਼ਾਨ ਸਾਹਿਬ ਬਣਿਆ ਇਸ ਸ਼ਹਿਰ ਦੀ ਸ਼ਾਨ, ਜਾਣੋ ਕੀ ਹੈ ਖਾਸੀਅਤ
ਖਰਗੋਨ (ਮੱਧ ਪ੍ਰਦੇਸ਼ ): ਸਿੱਖ ਧਰਮ ਵਿੱਚ ਨਿਸ਼ਾਨ ਸਾਹਿਬ ਦੀ ਵੱਖਰੀ ਮਹੱਤਤਾ ਹੈ ਅਤੇ ਹੁਣ ਇਸ ਨੂੰ ਵੇਖਦਿਆਂ ਮੱਧ ਪ੍ਰਦੇਸ਼ ਦੇ ਇੱਕ ਗੁਰਦੁਆਰਾ ਸਾਹਿਬ 'ਚ ਸਭ ਤੋਂ ਉਚੇ ਨਿਸ਼ਾਨ ਸਾਹਿਬ ਦੀ ਸਥਾਪਨਾ ਕੀਤੀ ਗਈ ਹੈ। ਖਰਗੋਨ ਸ਼ਹਿਰ 'ਚ ਸਥਾਪਤ ਕੀਤੇ ਇਸ ਨਿਸ਼ਾਨ ਸਾਹਿਬ ਨੂੰ ਸ਼ਰਧਾਲੂ ਇਸ ਨਿਸ਼ਾਨ ਸਾਹਿਬ ਨੂੰ ਦੂਰੋਂ ਵੀ ਦੇਖ ਸਕਦੇ ਹਨ। ਖਾਸ ਗੱਲ ਇਹ ਹੈ ਕਿ ਚੋਲਾ ਬਦਲਣ ਲਈ ਇਥੇ ਇੱਕ ਆਟੋਮੈਟਿਕ ਲਿਫਟ ਵੀ ਲਗਾਈ ਗਈ ਹੈ।
ਇਹ ਹੈ ਖਾਸੀਅਤ
91 ਫੁੱਟ ਉਚੇ ਅਤੇ ਇੱਕ ਫੁੱਟ ਚੌੜੇ ਨਿਸ਼ਾਨ ਸਾਹਿਬ ਨੂੰ ਹਾਲਾਂਕਿ ਲੋਕ ਦੂਰੋਂ ਵੀ ਦੇਖ ਸਕਣਗੇ, ਪਰ ਇਸ ਦੇ ਨਾਲ ਹੀ ਇਸਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਰਾਤ ਨੂੰ ਇਹ ਚਮਕਦਾ ਹੋਇਆ ਦਿਖਾਈ ਦੇਵੇਗਾ। ਨਿਸ਼ਾਨ ਸਾਹਿਬ ਦਾ ਭਾਰ ਢਾਈ ਟਨ ਤੋਂ ਵੀ ਵੱਧ ਹੈ, ਜਿਸ ਦੀ ਲਾਗਤ ਕੁੱਲ 11 ਲੱਖ ਰੁਪਏ ਦੱਸੀ ਜਾ ਰਹੀ ਹੈ।
ਜੱਦੋ-ਜ਼ਹਿਦ ਬਾਅਦ ਹੋਈ ਨਿਸ਼ਾਨ ਸਾਹਿਬ ਦੀ ਸਥਾਪਨਾ
ਦੱਸਿਆ ਜਾ ਰਿਹਾ ਹੈ ਕਿ ਨਿਸ਼ਾਨ ਸਾਹਿਬ ਦੀ ਸਥਾਪਨਾ ਦੌਰਾਨ ਪ੍ਰਬੰਧਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਮੁੰਬਈ ਤੋਂ ਨਿਸ਼ਾਨ ਸਾਹਿਬ ਨੂੰ ਤਿਆਰ ਕਰਨ ਲਈ ਵਿਸ਼ੇਸ਼ ਤੌਰ 'ਤੇ ਵਫਦ ਸੱਦਿਆ ਗਿਆ, ਜਿਸ ਨੇ ਇਸ ਨੂੰ 5 ਦਿਨ 'ਚ ਤਿਆਰ ਕੀਤਾ। ਉਪਰੰਤ 13 ਦਸੰਬਰ ਨੂੰ 4 ਘੰਟਿਆਂ ਦੀ ਜੱਦੋ ਜਹਿਦ ਬਾਅਦ ਤਿੰਨ ਕ੍ਰੇਨਾਂ ਅਤੇ 30 ਮੁਲਾਜ਼ਮਾਂ ਦੀ ਮਦਦ ਨਾਲ ਨਿਸ਼ਾਨ ਸਾਹਿਬ ਸਥਾਪਤ ਕੀਤਾ ਗਿਆ।
ਜਿ਼ਕਰਯੋਗ ਹੈ ਕਿ ਜਿਸ ਗੁਰਦੁਆਰਾ ਸਾਹਿਬ ਵਿੱਚ ਇਹ ਨਿਸ਼ਾਨ ਸਾਹਿਬ ਸਥਾਪਤ ਕੀਤਾ ਗਿਆ ਹੈ, ਉਹ 50 ਸਾਲ ਤੋਂ ਵੱਧ ਪੁਰਾਣਾ ਹੈ। ਇਥੇ ਸਾਲ ਵਿੱਚ ਚਾਰ ਵਾਰੀ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਜਾਂਦਾ ਹੈ, ਜੋ ਕਿ ਆਟੋਮੈਟਿਕ ਲਿਫਟ ਕਾਰਨ ਹੋਰ ਵੀ ਆਸਾਨ ਹੋ ਜਾਵੇਗਾ।
- PTC NEWS