ਬਠਿੰਡਾ ਪੁਲਿਸ ਨੇ ਬਜ਼ੁਰਗ ਮਹਿਲਾ 'ਤੇ ਢਾਹਿਆ ਤਸ਼ੱਦਦ, ਗੁੱਤ ਫੜਕੇ ਧਰਤੀ 'ਤੇ ਸੁੱਟਿਆ ,ਵੀਡੀਓ ਵਾਇਰਲ

By  Shanker Badra August 27th 2018 11:28 AM -- Updated: August 27th 2018 11:31 AM

ਬਠਿੰਡਾ ਪੁਲਿਸ ਨੇ ਬਜ਼ੁਰਗ ਮਹਿਲਾ 'ਤੇ ਢਾਹਿਆ ਤਸ਼ੱਦਦ, ਗੁੱਤ ਫੜਕੇ ਧਰਤੀ 'ਤੇ ਸੁੱਟਿਆ ,ਵੀਡੀਓ ਵਾਇਰਲ:ਬਠਿੰਡਾ ਦੇ ਭਗਤਾ ਭਾਈ ਕਾ ਦੀ ਪੁਲਿਸ ਵੱਲੋਂ ਮਜ਼ਦੂਰਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਦਰਅਸਲ ਬਠਿੰਡਾ ਦੇ ਪਿੰਡ ਸੁੱਖਾਨੰਦ ਕੋਲ ਇੱਕ ਭੱਠੇ 'ਤੇ ਕੰਮ ਕਰਦੇ ਮਜ਼ਦੂਰਾਂ ਦਾ ਆਪਣੇ ਭੱਠਾ ਮਾਲਕਾਂ ਨਾਲ ਪੈਸਿਆਂ ਦਾ ਮਾਮਲਾ ਸੀ,ਜਿਸਦੇ ਚਲਦਿਆਂ ਉਨ੍ਹਾਂ ਭੱਠਾ ਮਜ਼ਦੂਰਾਂ ਨੇ ਆਪਣਾ ਬਣਦਾ ਮਿਹਨਤਾਨਾ ਲੈਣ ਲਈ ਅੱਜ ਭੱਠੇ 'ਤੇ ਧਰਨਾ ਲਗਾ ਦਿੱਤਾ।ਜਿਸ ਤੋਂ ਬਾਅਦ ਸੰਘਰਸ਼ ਦੇ ਤੀਜੇ ਦਿਨ ਸ਼ਾਂਤਮਈ ਤੌਰ ’ਤੇ ਧਰਨਾ ਦੇ ਰਹੇ ਇਨ੍ਹਾਂ ਮਜ਼ਦੂਰਾਂ ਉੱਤੇ ਪੁਲਿਸ ਨੇ ਅਣਮਨੁੱਖੀ ਢੰਗ ਨਾਲ ਕਥਿਤ ਤੌਰ ’ਤੇ ਲਾਠੀਚਾਰਜ ਕੀਤਾ।

ਪੁਲਿਸ ਨੌਜਵਾਨਾਂ ਨੂੰ ਧੱਕੇ ਨਾਲ ਗੱਡੀ ਵਿਚ ਬਿਠਾਉਣ ਲੱਗੀ ਪਰ ਨੌਜਵਾਨਾਂ ਵੱਲੋਂ ਮਨ੍ਹਾ ਕੀਤਾ ਗਿਆ।ਇਸ ਵਿਚਕਾਰ ਭੱਠਾ ਮਜ਼ਦੂਰਾਂ ਨਾਲ ਧੱਕਾ ਕਰਦੀ ਪੁਲਿਸ ਨੂੰ ਦੇਖ ਇੱਕ ਬਜ਼ੁਰਗ ਔਰਤ ਨੇ ਪੁਲਿਸ ਨੂੰ ਨੌਜਵਾਨਾਂ ਨੂੰ ਛੱਡ ਦੇਣ ਲਈ ਕਿਹਾ ਪਰ ਪੁਲਿਸ ਨੇ ਉਸ ਬਜ਼ੁਰਗ ਔਰਤ ਦੀ ਸੁਣਨ ਦੀ ਬਜਾਏ ਬਜ਼ੁਰਗ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ।ਇੰਨਾ ਹੀ ਨਹੀਂ ਪੁਲਿਸ ਮੁਲਾਜ਼ਮ ਨੇ ਬਜ਼ੁਰਗ ਮਹਿਲਾ ਦੀ ਗੁੱਤ ਤੋਂ ਫੜ ਕੇ ਉਸਨੂੰ ਧਰਤੀ 'ਤੇ ਪਟਕਾ ਕੇ ਸੁੱਟ ਦਿੱਤਾ।ਜਿਸਦੀ ਸਾਰੀ ਘਟਨਾ ਕੋਲ ਖੜ੍ਹੇ ਕਿਸੇ ਨੌਜਵਾਨ ਨੇ ਆਪਣੇ ਮੋਬਾਈਲ ਫੋਨ ਵਿਚ ਕੈਦ ਕਰ ਲਈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।ਇਨ੍ਹਾਂ ਹੀ ਨਹੀਂ ਪੁਲਿਸ ਨੇ ਉਨ੍ਹਾਂ ’ਚੋਂ ਦੋ ਨੌਜਵਾਨਾਂ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਥਾਣੇ ਲਿਜਾ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ।

ਪੁਲਿਸ ਵੱਲੋਂ ਕੀਤੀ ਕੁੱਟਮਾਰ 'ਚ ਜ਼ਖ਼ਮੀ ਹੋਏ ਨੌਜਵਾਨ ਰਾਜੂ ਸਿੰਘ,ਜਗਮੋਹਨ ਸਿੰਘ ਅਤੇ 55 ਸਾਲਾ ਬਿਰਧ ਔਰਤ ਜਸਵੀਰ ਕੌਰ ਨੂੰ ਕੱਲ ਦੇਰ ਸ਼ਾਮ ਸੀਐਚਸੀ ਬਾਜਾਖਾਨਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਲਈ ਕੋਈ ਸਿਵਲ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਤਾਂ ਕੀ ਆਉਣਾ ਸੀ ਬਲਕਿ ਇਨ੍ਹਾਂ ਦੇ ਬਿਆਨ ਲੈਣ ਲਈ ਕੋਈ ਜਾਂਚ ਅਫ਼ਸਰ ਵੀ ਨਹੀਂ ਪਹੁੰਚਿਆ।

ਫਿਲਹਾਲ ਭੱਠਾ ਮਜ਼ਦੂਰਾਂ ਨਾਲ ਕਿਸਦੀ ਸ਼ੈਅ ਅਤੇ ਕਿਹੜੇ ਕਾਰਨਾਂ ਕਰਕੇ ਤਸ਼ੱਦਦ ਕੀਤਾ,ਇਸਦਾ ਪਤਾ ਤਾਂ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ ਪਰ ਸੋਸ਼ਲ ਮੀਡੀਆ 'ਤੇ ਪੁਲਿਸ ਦੀ ਇਸ ਸ਼ਰਮਨਾਕ ਘਟਨਾ ਨੂੰ ਇੱਕ ਵਾਰ ਫਿਰ ਤੋਂ ਲੋਕਾਂ ਵੱਲੋਂ ਨਿੰਦਿਆ ਜਾ ਰਿਹਾ ਹੈ।

https://www.facebook.com/pindawalemundelive/videos/2139359902969939/

-PTCNews

Related Post