ਕੈਪਟਨ ਦੀ ਰਵਨੀਤ ਬਿੱਟੂ ਸਮੇਤ ਕਾਂਗਰਸੀਆਂ ਨੂੰ ਘੁਰਕੀ

By  Shanker Badra June 13th 2018 04:31 PM

ਕੈਪਟਨ ਦੀ ਰਵਨੀਤ ਬਿੱਟੂ ਸਮੇਤ ਕਾਂਗਰਸੀਆਂ ਨੂੰ ਘੁਰਕੀ:ਪਿਛਲੇ ਕਾਫੀ ਦਿਨਾਂ ਤੋਂ ਸਿਆਸਤ ਵਿੱਚ ਇਹ ਚਰਚਾ ਗਰਮਾ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਭਗਵੰਤ ਮਾਨ ਆਪਣੀ ਪਾਰਟੀ ਦੀ ਗਤੀਵਿਧੀਆਂ ਤੋਂ ਜ਼ਿਆਦਾ ਖੁਸ਼ ਨਹੀਂ ਹਨ ਅਤੇ ਜਲਦ ਹੀ ਕਿਸੇ ਨਵੀਂ ਪਾਰਟੀ ਦਾ ਪੱਲਾ ਫੜ੍ਹ ਸਕਦੇ ਹੈ।ਕੁਝ ਦਿਨ ਪਹਿਲਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਭਗਵੰਤ ਮਾਨ ਨੂੰ ਕਾਂਗਰਸ ਜੁਆਇਨ ਕਰ ਲੈਣੀ ਚਾਹੀਦੀ ਹੈ।ਇਸ ਪੂਰੇ ਮੁੱਦੇ 'ਤੇ ਮੰਗਲਵਾਰ ਨੂੰ ਮੁੱਖ ਮੰਤਰੀ ਵੱਲੋਂ ਪ੍ਰੈਸ ਨੋਟ ਦੇ ਜ਼ਰੀਏ ਤਿੱਖੀ ਪ੍ਰਤੀਕ੍ਰਿਆ ਦਿਤੀ ਗਈ।

ਮੁੱਖ ਮੰਤਰੀ ਨੇ ਰਵਨੀਤ ਬਿੱਟੂ ਵਲੋਂ ਦਿੱਤੇ ਬਿਆਨ 'ਤੇ ਹੈਰਾਨਗੀ ਜਤਾਉਂਦਿਆਂ ਕਿਹਾ ਕਿ ਕਾਂਗਰਸ ਦੇ ਸਮੂਹ ਪਾਰਟੀ ਲੀਡਰਾਂ ਨੂੰ ਅਜਿਹੀ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਕਾਂਗਰਸ ਪਾਰਟੀ ਵਿਚ ਲਿਆਉਣ ਬਾਰੇ ਕੋਈ ਵੀ ਫੈਸਲਾ ਪਾਰਟੀ ਹਾਈ ਕਮਾਂਡ ਦੇ ਅਧਿਕਾਰ ਖੇਤਰ ਵਿਚ ਹੁੰਦਾ ਹੈ ਅਤੇ ਬਿਨਾਂ ਪਾਰਟੀ ਨਾਲ ਸੰਪਰਕ ਕੀਤੇ ਲੀਡਰਾਂ ਨੂੰ ਅਜਿਹਾ ਕੋਈ ਵੀ ਬਿਆਨ ਮੀਡੀਆ ਵਿਚ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਜਮਹੂਰੀ ਸੰਸਥਾ ਹੋਣ ਦੇ ਨਾਅ 'ਤੇ ਕਾਂਗਰਸ ਪਾਰਟੀ ਬਿੱਟੂ ਦੀ ਸਲਾਹ ਤੇ ਅੰਦਰੂਨੀ ਪੱਧਰ 'ਤੇ ਵਿਚਾਰ ਕਰ ਸਕਦੀ ਹੈ ਅਤੇ ਅੰਤਮ ਫੈਸਲਾ ਪਾਰਟੀ ਹਾਈ ਕਮਾਨ ਦਾ ਹੋਵੇਗਾ।ਇਸ ਮੌਕੇ ਮੁੱਖ ਮੰਤਰੀ ਦੇ ਪ੍ਰੈਸ ਨੋਟ ਜ਼ਰੀਏ ਅਜਿਹਾ ਕੁਝ ਪ੍ਰਤੀਤ ਨਹੀਂ ਹੋਇਆ ਕਿ ਕਾਂਗਰਸ ਨੂੰ ਆਪਣੇ ਸੀਨੀਅਰ ਐਮ.ਪੀ ਦਾ ਇਹ ਮਸ਼ਵਰਾ ਪਸੰਦ ਨਹੀ ਆਇਆ ਅਤੇ ਕਿਤੇ ਵੀ ਅਜਿਹੀ ਕਿਸੇ ਗੱਲ ਤੋਂ ਇਨਕਾਰ ਕੀਤਾ ਗਿਆ ਹੋਵੇ ਕਿ ਭਗਵੰਤ ਮਾਨ ਨੂੰ ਕਾਂਗਰਸ ਵਿਚ ਥਾਂ ਨਹੀ ਦਿਤੀ ਜਾਵੇਗੀ।

ਹਾਲਾਕਿਂ ਭਗਵੰਤ ਮਾਨ ਵਲੋਂ ਵੀ ਵੱਖਰੇ-ਵੱਖਰੇ ਮੰਚਾਂ ਤੋਂ ਅਜਿਹੀ ਕਿਸੇ ਵੀ ਕਿਆਸਰਾਈ ਤੇ ਟਿੱਪਣੀ ਤੋਂ ਇਨਕਾਰ ਕੀਤਾ ਗਿਆ ਹੈ ਪਰ ਮੁੱਖ ਮੰਤਰੀ ਵਲੋਂ ਪਾਰਟੀ ਦੇ ਸਾਰੇ ਲੀਡਰਾਂ ਨੂੰ ਇੱਕ ਸੁਰ ਵਿਚ ਇਹ ਮਸ਼ਵਰਾ ਜ਼ਰੂਰ ਦੇ ਦਿੱਤਾ ਗਿਆ ਕਿ ਕਾਂਗਰਸੀ ਲੀਡਰ ਅਜਿਹੇ ਮਾਮਲਿਆਂ ਤੇ ਅਨੁਸ਼ਾਸਨ ਜ਼ਰੂਰ ਰੱਖਣ।ਕਿਉਂਕਿ ਅਜਿਹੀ ਕਿਆਸਰਾਈਆਂ ਅਤੇ ਬਿਆਨਬਾਜ਼ੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਲਈ ਖਤਰਨਾਕ ਹੋ ਸਕਦੀਆਂ ਹਨ।ਹੁਣ ਵੇਖਦੇ ਹਾਂ ਕਿ ਅਜਿਹੀ ਬਿਆਨਬਾਜ਼ੀਆਂ ਤੇ ਮੁੱਖ ਮੰਤਰੀ ਦੇ ਪ੍ਰਤੀਕ੍ਰਮ ਦਾ ਕੀ ਅਸਰ ਵੇਖਣ ਨੂੰ ਮਿਲਦਾ ਹੈ।

-PTCNews

Related Post