Thu, Dec 18, 2025
Whatsapp

ਚੰਡੀਗੜ੍ਹ ਲਈ ਕਾਂਗਰਸ-ਆਪ ਚੋਣ ਮਨੋਰਥ ਪੱਤਰ ਨੇ ਦੋਵਾਂ ਪਾਰਟੀਆਂ ਦਾ ਪੰਜਾਬ ਵਿਰੋਧੀ ਚੇਹਰਾ ਬੇਨਕਾਬ ਕੀਤਾ: ਸੁਖਬੀਰ ਸਿੰਘ ਬਾਦਲ

ਉਹਨਾਂ ਕਿਹਾ ਕਿ ਇਹ ਕਦਮ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਕੌਮੀ ਪਾਰਟੀਆਂ ਕਦੇ ਵੀ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦੀਆਂ।

Reported by:  PTC News Desk  Edited by:  Amritpal Singh -- May 20th 2024 06:18 PM
ਚੰਡੀਗੜ੍ਹ ਲਈ ਕਾਂਗਰਸ-ਆਪ ਚੋਣ ਮਨੋਰਥ ਪੱਤਰ ਨੇ ਦੋਵਾਂ ਪਾਰਟੀਆਂ ਦਾ ਪੰਜਾਬ ਵਿਰੋਧੀ ਚੇਹਰਾ ਬੇਨਕਾਬ ਕੀਤਾ: ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ ਲਈ ਕਾਂਗਰਸ-ਆਪ ਚੋਣ ਮਨੋਰਥ ਪੱਤਰ ਨੇ ਦੋਵਾਂ ਪਾਰਟੀਆਂ ਦਾ ਪੰਜਾਬ ਵਿਰੋਧੀ ਚੇਹਰਾ ਬੇਨਕਾਬ ਕੀਤਾ: ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਦੇ ਚੰਡੀਗੜ੍ਹ ਬਾਰੇ ਸਾਂਝੇ ਚੋਣ ਮਨੋਰਥ ਪੱਤਰ ਨੇ ਦੋਵਾਂ ਪਾਰਟੀਆਂ ਦਾ ਪੰਜਾਬ ਵਿਰੋਧੀ ਚੇਹਰਾ ਬੇਨਕਾਬ ਕਰ ਦਿੱਤਾ ਹੈ ਕਿਉਂਕਿ ਉਹਨਾਂ ਨੇ ਯੂ ਟੀ ਲਈ ਸੂਬੇ ਦੇ ਅਧਿਕਾਰ ਮੰਗ ਕੇ ਚੰਡੀਗੜ੍ਹ ’ਤੇ ਪੰਜਾਬ ਦੇ ਦਾਅਵੇ ਨੂੰ ਸਰੰਡਰ ਕਰ ਦਿੱਤਾ ਹੈ।

ਇਸਨੂੰ ਦੋਵਾਂ ਪਾਰਟੀਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਗੱਦਾਰੀ ਕਰਾਰ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ-ਆਪ ਦੇ ਸਾਂਝੇ ਉਮੀਦਵਾਰ ਵੱਲੋਂ ਜਾਰੀ ਨਿਆਏ ਪੱਤਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਇੰਡੀਆ ਗਠਜੋੜ ਚੰਡੀਗੜ੍ਹ ਨੂੰ ਦਿੱਲੀ ਵਾਂਗੂ ਵੱਖਰਾ ਰਾਜ ਬਣਾਉਣਾ ਚਾਹੁੰਦਾ ਹੈ।


ਉਹਨਾਂ ਕਿਹਾ ਕਿ ਇਹ ਕਦਮ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਕੌਮੀ ਪਾਰਟੀਆਂ ਕਦੇ ਵੀ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦੀਆਂ। ਉਹਨਾਂ ਕਿਹਾ ਕਿ ਦੋਵਾਂ ਪਾਰਟੀਆਂ ਨੇ ਚੰਡੀਗੜ੍ਹ ’ਤੇ ਪੰਜਾਬ ਦੇ ਦਾਅਵੇ ਨੂੰ ਖੋਰਾ ਲਗਾਇਆ ਹੈ। ਉਹਨਾਂ ਕਿਹਾ  ਕਿ ਇਹ ਸਟੈਂਡ ਨਹਿਰੂ-ਗਾਂਧੀ ਪਰਿਵਾਰ ਦੇ ਨਾਲ-ਨਾਲ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਏ ਪੰਜਾਬ ਵਿਰੋਧੀ ਸਟੈਂਡ ਮੁਤਾਬਕ ਹੈ। ਉਹਨਾਂ ਦੱਸਿਆਕਿ  ਕਿਵੇਂ ਇੰਦਰਾ ਗਾਂਧੀ ਨੇ ਪੰਜਾਬ ਨੂੰ ਉਸਦੀ ਰਾਜਧਾਨੀ ਦੇਣ ਤੋਂ ਇਹ ਕਹਿੰਦਿਆਂ ਪੰਜ ਸਾਲ ਲਈ ਟਾਲ ਦਿੱਤਾ ਸੀ ਕਿ ਹਰਿਆਣਾ ਨੂੰ ਆਪਣੀ ਰਾਜਧਾਨੀ ਬਣਾਉਣ ਵਾਸਤੇ ਸਮਾਂ ਲੱਗੇਗਾ। ਉਹਨਾਂ ਦੱਸਿਆ ਕਿ ਇਸੇ ਤਰੀਕੇ ਰਾਜੀਵ ਗਾਂਧੀ ਨੇ ਰਾਜੀਵ-ਲੌਂਗੋਵਾਲ ਸਮਝੌਤੇ ਮੁਤਾਬਕ 26 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਨੂੰ ਦੇਣ ਤੋਂ ਨਾਂਹ ਕਰ ਦਿੱਤੀ ਸੀ।

ਆਪ ਵੱਲੋਂ ਹਾਲ ਹੀ ਵਿਚ ਦਿੱਤੇ ਧੋਖੇ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਹੁਕਮਾਂ ਮੁਤਾਬਕ ਚੰਡੀਗੜ੍ਹ ’ਤੇ ਪੰਜਾਬ ਦਾ ਦਾਅਵਾ ਬਹੁਤ ਕਮਜ਼ੋਰ ਕੀਤਾ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਕਦੇ ਵੀ ਯੂ ਟੀ ਵਿਚ ਹਰਿਆਣਾ ਲਈ ਵੱਖਰੀ ਵਿਧਾਨ ਸਭਾ ਬਣਾਉਣ ਦੀ ਤਜਵੀਜ਼ ਵਿਰੁੱਧ ਕਦੇ ਵੀ ਰੋਸ ਜ਼ਾਹਰ ਨਹੀਂ ਕੀਤਾ ਤੇ ਨਾ ਹੀ ਚੰਡੀਗੜ੍ਹ ਵਿਚ ਸਰਕਾਰੀ ਨੌਕਰੀਆਂ ਵਿਚ ਪੰਜਾਬ ਦਾ ਹਿੱਸਾ ਲਾਗੂ ਨਾ ਕਰਨ ਦਾ ਵਿਰੋਧ ਕੀਤਾ ਤੇ ਨਾ ਹੀ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦੁਆਉਣ ਦੀ ਮੰਗ ਕੀਤੀ ਤੇ ਉਲਟਾ ਚੰਡੀਗੜ੍ਹ ’ਤੇ ਪੰਜਾਬ ਦਾ ਦਾਅਵਾ ਆਪ ਸਰਕਾਰ ਨੇ ਕਮਜ਼ੋਰ ਕੀਤਾ।

ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਕਾਂਗਰਸ ਤੇ ਆਪ ਦੋਵਾਂ ਨੂੰ ਕਰਾਰਾ ਸਬਕ ਸਿਖਾਇਆ ਜਾਵੇ। ਉਹਨਾਂ ਕਿਹਾ ਕਿ ਪੰਜਾਬ ਦੇ ਅਧਿਕਾਰ ਸਿਰਫ ਇਕ ਖੇਤਰੀ ਪਾਰਟੀ ਦੇ ਹੱਥਾਂ ਵਿਚ ਹੀ ਸੁਰੱਖਿਅਤ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦੇਣ ਵਾਸਤੇ ਵਚਨਬੱਧ ਹੈ। ਉਹਨਾਂ ਕਿਹਾ ਕਿ ਇਸ ਟੀਚੇ ਦੀ ਪ੍ਰਾਪਤੀ ਵਾਸਤੇ ਜੇਕਰ ਸੰਘਰਸ਼ ਦੀ ਲੋੜ ਪਈ ਤਾਂ ਅਸੀਂ ਉਹ ਵੀ ਵਿੱਢਾਂਗੇ।

- PTC NEWS

Top News view more...

Latest News view more...

PTC NETWORK
PTC NETWORK