ਸਾਬਕਾ CM ਚੰਨੀ ਨੂੰ ਬੀਬੀ ਜਗੀਰ ਕੌਰ ਨਾਲ ਕਲੋਲ ਪਈ ਮਹਿੰਗੀ, ਮਹਿਲਾ ਕਮਿਸ਼ਨ ਨੇ ਵਾਇਰਲ ਵੀਡੀਓ 'ਤੇ ਨੋਟਿਸ ਕੀਤਾ ਜਾਰੀ
ਬੀਬੀ ਜਗੀਰ ਕੌਰ ਦੀ ਠੋਡੀ ਨੂੰ ਹੱਥ ਲਾਉਣ ਦੀ ਵਾਇਰਲ ਹੋਈ ਵੀਡੀਓ ਦੇ ਮਾਮਲੇ ‘ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੁਰੇ ਫ਼ਸ ਗਏ ਹਨ। ਇਸ ਮਾਮਲੇ ਉਤੇ ਮਹਿਲਾ ਕਮਿਸ਼ਨ ਨੇ ਚੰਨੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
ਚਰਨਜੀਤ ਚੰਨੀ ਨਾਲ ਜੁੜੀ ਵੀਡੀਓ ਦਾ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਹੈ। ਮਹਿਲਾ ਕਮਿਸ਼ਨ ਨੇ DGP ਨੂੰ ਪੱਤਰ ਲਿਖਿਆ ਹੈ।
ਮਹਿਲਾ ਕਮਿਸ਼ਨ ਨੇ DGP ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਕੱਲ੍ਹ ਦੁਪਹਿਰ 2 ਵਜੇ ਤੱਕ ਸਟੇਟਸ ਰਿਪੋਰਟ ਸੌਂਪਣ ਲਈ ਵੀ ਕਿਹਾ ਗਿਆ ਹੈ।
ਕੀ ਸੀ ਮਾਮਲਾ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਜਗੀਰ ਕੌਰ ਦੀ ਮੁਲਾਕਾਤ ਦੀ ਵੀਡੀਓ ਚਰਚਾ ਦਾ ਵਿਸ਼ਾ ਬਣ ਗਈ ਸੀ।
ਵੀਡੀਓ ਵਿੱਚ ਚੰਨੀ ਪਹਿਲਾਂ ਬੀਬੀ ਜਗੀਰ ਕੌਰ ਨੂੰ ਝੁਕ ਕੇ ਪ੍ਰਣਾਮ ਕਰਦੇ ਹਨ ਤੇ ਫਿਰ ਜਾਣ ਵੇਲੇ ਉਨ੍ਹਾਂ ਦੀ ਠੋਡੀ ਨੂੰ ਛੂਹ ਕੇ ਮਜ਼ਾਕ ਕਰਦੇ ਹਨ। ਉਕਤ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਪਰ ਹੁਣ ਉਕਤ ਵੀਡੀਓ ਨੂੰ ਲੈ ਕੇ ਚੰਨੀ ਦਾ ਬਿਆਨ ਸਾਹਮਣੇ ਆਇਆ ਹੈ।
Former CM @CHARANJITCHANNI met Bibi Jagir Kaur. Colours of #Punjab elections.#LokSabhaElection2024 pic.twitter.com/1WpZb17etU — Akashdeep Thind (@thind_akashdeep) May 10, 2024
ਚੰਨੀ ਨੇ ਕਿਹਾ- ਬੀਬੀ ਜਗੀਰ ਕੌਰ ਮੇਰੀ ਭੈਣ ਅਤੇ ਮਾਂ ਵਰਗੀ ਹੈ।
ਚੰਨੀ ਨੇ ਸ਼ਨੀਵਾਰ ਨੂੰ ਇਕ ਵੀਡੀਓ 'ਚ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਹ ਬੀਬੀ ਨੂੰ ਆਪਣੀ ਵੱਡੀ ਭੈਣ ਦੀ ਤਰ੍ਹਾਂ ਸਮਝਦੇ ਹਨ ਅਤੇ ਇਹ ਭਾਵਨਾ ਪਿਆਰ ਅਤੇ ਸਤਿਕਾਰ ਕਾਰਨ ਹੈ। ਚੰਨੀ ਨੇ ਕਿਹਾ ਕਿ ਤੁਸੀਂ ਦੇਖਿਆ ਹੋਵੇਗਾ ਕਿ ਪਹਿਲਾਂ ਮੈਂ ਆਪਣੀ ਵੱਡੀ ਭੈਣ ਵਾਂਗ ਉਸ ਨੂੰ ਮੱਥਾ ਟੇਕਿਆ ਅਤੇ ਫਿਰ ਉਸ ਨਾਲ ਮਜ਼ਾਕ ਕੀਤਾ। ਮੈਂ ਉਸ ਦਾ ਹੱਥ ਆਪਣੇ ਮੱਥੇ 'ਤੇ ਲਾਇਆ ਅਤੇ ਆਸ਼ੀਰਵਾਦ ਲਿਆ। ਸ਼ਨੀਵਾਰ ਨੂੰ ਆਪਣਾ ਬਿਆਨ ਦਿੰਦੇ ਹੋਏ ਚੰਨੀ ਨੇ ਕਿਹਾ ਕਿ ਮੈਂ ਸਾਲਾਂ ਤੋਂ ਬੀਬੀ ਜਗੀਰ ਕੌਰ ਨੂੰ ਆਪਣੀ ਵੱਡੀ ਭੈਣ, ਆਪਣੀ ਮਾਂ ਸਮਝਦਾ ਆ ਰਿਹਾ ਹਾਂ ਅਤੇ ਇਸੇ ਲਈ ਮੈਂ ਉਨ੍ਹਾਂ ਅੱਗੇ ਬਹੁਤ ਸਤਿਕਾਰ ਨਾਲ ਸਿਰ ਝੁਕਾਉਂਦਾ ਹਾਂ। ਮੈਂ ਉਸਦੀ ਠੋਡੀ ਨੂੰ ਛੂਹਿਆ ਜਿਵੇਂ ਅਸੀਂ ਆਪਣੀ ਭੈਣ ਜਾਂ ਮਾਂ ਨਾਲ ਕਰਦੇ ਹਾਂ।
- PTC NEWS