Who Is Ruby Dhalla : ਕੈਨੇਡਾ ’ਚ ਪ੍ਰਧਾਨ ਮੰਤਰੀ ਬਣਨ ਦੀ ਦੌੜ ’ਚ ਇੱਕ ਹੋਰ ਭਾਰਤੀ ਦੀ ਐਂਟਰੀ; ਜਾਣੋ ਕੌਣ ਹਨ ਸਾਬਕਾ ਸਾਂਸਦ ਰੂਬੀ ਢੱਲਾ ?
Who Is Ruby Dhalla : ਕੈਨੇਡਾ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਰਾਜਨੀਤਿਕ ਸੰਕਟ ਤੋਂ ਬਾਅਦ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਦੇਸ਼ ਵਿੱਚ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
ਭਾਰਤੀ ਮੂਲ ਦੇ ਚੰਦਰ ਆਰੀਆ ਤੋਂ ਬਾਅਦ ਹੁਣ ਇੱਕ ਹੋਰ ਭਾਰਤੀ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿੱਚ ਸ਼ਾਮਲ ਹੋ ਗਿਆ ਹੈ। ਸਾਬਕਾ ਇੰਡੋ-ਕੈਨੇਡੀਅਨ ਸੰਸਦ ਮੈਂਬਰ ਰੂਬੀ ਢੱਲਾ ਨੇ ਐਲਾਨ ਕੀਤਾ ਹੈ ਕਿ ਉਹ ਸੱਤਾਧਾਰੀ ਲਿਬਰਲ ਪਾਰਟੀ ਦੀ ਅਗਵਾਈ ਸੰਭਾਲਣ ਲਈ ਚੋਣ ਲੜੇਗੀ। ਬੁੱਧਵਾਰ ਨੂੰ ਆਪਣੀ ਉਮੀਦਵਾਰੀ ਦਾ ਐਲਾਨ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਆਖਰੀ ਪਲਾਂ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ।
ਇੱਕ ਮੀਡੀਆ ਅਦਾਰੇ ਨੂੰ ਇੰਟਰਵਿਊ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਸੀਂ ਇਤਿਹਾਸ ਰਚਾਂਗੇ ਅਤੇ ਕੈਨੇਡਾ ਵਿੱਚ ਭਾਰਤੀ ਮੂਲ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣ ਕੇ ਇਤਿਹਾਸ ਰਚਾਂਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਅਹੁਦਾ ਕਿਸੇ ਅਜਿਹੇ ਵਿਅਕਤੀ ਨੂੰ ਮਿਲਣਾ ਚਾਹੀਦਾ ਹੈ ਜਿਸਨੇ ਜ਼ਮੀਨੀ ਪੱਧਰ ਤੋਂ ਸ਼ੁਰੂਆਤ ਕੀਤੀ ਹੋਵੇ।
ਭਾਰਤੀ ਮੂਲ ਦੀ ਪਹਿਲੀ ਔਰਤ ਜੋ ਸੰਸਦ ਲਈ ਚੁਣੀ ਗਈ
ਦੱਸ ਦਈਏ ਕਿ ਰੂਬੀ ਢੱਲਾ ਪਹਿਲੀ ਵਾਰ 2004 ਵਿੱਚ ਬਰੈਂਪਟਨ-ਸਪਰਿੰਗਡੇਲ ਦੀ ਸੀਟ ਤੋਂ ਹਾਊਸ ਆਫ ਕਾਮਨਜ਼ ਲਈ ਚੁਣੀ ਗਈ ਸੀ। ਉਸਨੇ 2006 ਅਤੇ 2008 ਵਿੱਚ ਦੁਬਾਰਾ ਇਹ ਸੀਟ ਜਿੱਤੀ। ਹਾਲਾਂਕਿ ਉਨ੍ਹਾਂ ਨੂੰ ਸਾਲ 2011 ਵਿੱਚ ਹਾਰ ਮਿਲੀ ਸੀ ਜਦਕਿ 2015 ਵਿੱਚ, ਉਨ੍ਹਾਂ ਨੇ ਚੋਣ ਨਾ ਲੜਨ ਦਾ ਫੈਸਲਾ ਕੀਤਾ ਸੀ। ਸਾਲ 2004 ਵਿੱਚ, ਉਹ ਕੰਜ਼ਰਵੇਟਿਵ ਨੀਨਾ ਗਰੇਵਾਲ ਦੇ ਨਾਲ, ਸੰਸਦ ਲਈ ਚੁਣੀ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਬਣੀ ਸੀ। ਰਾਜਨੀਤੀ ਵਿੱਚ ਸਫਲ ਕਰੀਅਰ ਹੋਣ ਤੋਂ ਇਲਾਵਾ ਰੂਬੀ ਢੱਲਾ ਇੱਕ ਸਫਲ ਮਾਡਲ ਵੀ ਰਹੀ ਹੈ। ਇਸ ਵੇਲੇ, ਉਹ ਹੋਟਲ ਦੇ ਕਾਰੋਬਾਰ ਨੂੰ ਦੇਖ ਰਹੀ ਹੈ।
- PTC NEWS