ਕੁਰਾਲੀ 'ਚੋਂ ਅਗਵਾ ਹੋਇਆ ਬੱਚਾ ਪੁਲਿਸ ਨੇ 12 ਘੰਟੇ 'ਚ ਕੀਤਾ ਬਰਾਮਦ

By  Jashan A April 7th 2019 05:19 PM -- Updated: April 8th 2019 11:19 AM

ਕੁਰਾਲੀ 'ਚੋਂ ਅਗਵਾ ਹੋਇਆ ਬੱਚਾ ਪੁਲਿਸ ਨੇ 12 ਘੰਟੇ 'ਚ ਕੀਤਾ ਬਰਾਮਦ,ਮੋਹਾਲੀ: ਕੁਰਾਲੀ ਸ਼ਹਿਰ ਵਿੱਚੋਂ ਬੀਤੀ ਰਾਤ ਅਗਵਾ ਹੋਏ ਬੱਚੇ ਨੂੰ ਐਸ.ਏ.ਐਸ. ਨਗਰ ਪੁਲੀਸ ਨੇ 12 ਘੰਟੇ 'ਚ ਅੰਬਾਲਾ ਰੇਲਵੇ ਸਟੇਸ਼ਨ ਤੋਂ ਬਰਾਮਦ ਕਰ ਲਿਆ। ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਪੁਲਿਸ ਕਮੇਟੀ ਰੂਮ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਕੱਲ੍ਹ ਰਾਤੀਂ ਕਰੀਬ 9 ਵਜੇ ਕੁਰਾਲੀ ਤੋਂ ਛੇਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਅਸ਼ੀਸ਼ ਜੋਤ ਸਿੰਘ ਉਰਫ ਆਸ਼ੂ ਨੂੰ ਇਕ ਵਿਅਕਤੀ ਚਾਕਲੇਟ ਦਾ ਲਾਲਚ ਦੇ ਕੇ ਚੌਧਰੀ ਹਸਪਤਾਲ ਦੇ ਸਾਹਮਣੇ ਤੋਂ ਕਾਰ ਵਿੱਚ ਅਗਵਾ ਕਰ ਕੇ ਲੈ ਗਿਆ ਸੀ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੁਰਾਲੀ ਥਾਣੇ ਵਿੱਚ ਆਈ.ਪੀ.ਸੀ. ਦੀ ਧਾਰਾ 363 ਅਧੀਨ ਕੇਸ ਦਰਜ ਕਰ ਕੇ ਇਸ ਨੂੰ ਹੱਲ ਕਰਨ ਲਈ ਐਸ.ਪੀ. (ਸਿਟੀ) ਹਰਵਿੰਦਰ ਵਿਰਕ, ਐਸ.ਪੀ. (ਡੀ) ਵਰੁਣ ਸ਼ਰਮਾ, ਡੀ.ਐਸ.ਪੀ. (ਡੀ) ਮੁਹਾਲੀ ਗੁਰਦੇਵ ਸਿੰਘ ਧਾਲੀਵਾਲ, ਡੀ.ਐਸ.ਪੀ. ਡੇਰਾਬਸੀ ਸਿਮਰਨਜੀਤ ਸਿੰਘ ਲੰਗ ਅਤੇ ਐਸ.ਐਚ.ਓ. ਸੰਦੀਪ ਕੌਰ ਉਤੇ ਆਧਾਰਤ ਇਕ ਟੀਮ ਬਣਾਈ ਗਈ।

ਹੋਰ ਪੜ੍ਹੋ:ਜੰਮੂ ਕਸ਼ਮੀਰ ‘ਚ ਪੰਜਵੇ ਗੇੜ ਦੀਆਂ ਪੰਚਾਇਤੀ ਚੋਣਾਂ ਲਈ ਅੱਜ ਸ਼ੁਰੂ ਹੋਈ ਵੋਟਿੰਗ

ਭੁੱਲਰ ਨੇ ਅੱਗੇ ਦੱਸਿਆ ਕਿ ਇਸ ਟੀਮ ਦੀ ਜਾਂਚ ਦੌਰਾਨ ਪਤਾ ਚੱਲਿਆ ਕਿ ਅਗਵਾਕਾਰਾਂ ਨੇ ਬੱਚੇ ਦੀ ਮਾਂ ਸਤਵਿੰਦਰ ਕੌਰ ਨੂੰ ਫੋਨ ਕਰ ਕੇ ਦੋ ਲੱਖ ਦੀ ਫਿਰੌਤੀ ਦੀ ਮੰਗ ਕੀਤੀ, ਜਿਸ ਕਾਰਨ ਉਨ੍ਹਾਂ ਦਾ ਮੋਬਾਈਲ ਨੰਬਰ ਪੁਲੀਸ ਨੂੰ ਪਤਾ ਚੱਲ ਗਿਆ। ਜਦੋਂ ਪੁਲੀਸ ਟੀਮ ਨੇ ਬੱਚੇ ਦੀ ਭਾਲ ਸ਼ੁਰੂ ਕੀਤੀ ਤਾਂ ਅਗਵਾਕਾਰ ਡਰ ਗਏ ਅਤੇ ਉਹ ਬੱਚੇ ਨੂੰ ਅੰਬਾਲਾ ਰੇਲਵੇ ਸਟੇਸ਼ਨ ਉਤੇ ਛੱਡ ਗਏ।

ਬੱਚੇ ਨੇ ਰੇਲਵੇ ਸਟੇਸ਼ਨ ਉਤੇ ਕਿਸੇ ਦਾ ਫੋਨ ਲੈ ਕੇ ਆਪਣੀ ਮਾਂ ਨੂੰ ਫੋਨ ਕਰ ਕੇ ਸਾਰੀ ਜਾਣਕਾਰੀ ਦਿੱਤੀ। ਇਸ ਮਗਰੋਂ ਡੀ.ਐਸ.ਪੀ. ਡੇਰਾਬਸੀ ਸ. ਸਿਮਰਨਜੀਤ ਸਿੰਘ ਲੰਗ ਨੇ ਬੱਚੇ ਨੂੰ ਅੰਬਾਲਾ ਰੇਲਵੇ ਸਟੇਸ਼ਨ ਤੋਂ ਬਰਾਮਦ ਕੀਤਾ।

ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਬੱਚੇ ਦੇ ਦੱਸਣ ਮੁਤਾਬਕ ਉਸ ਨੂੰ ਪਹਿਲਾਂ ਜਿਸ ਕਾਰ ਰਾਹੀਂ ਅਗਵਾ ਕੀਤਾ ਗਿਆ ਸੀ, ਉਸ ਨੂੰ ਰਸਤੇ ਵਿੱਚ ਬਦਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬੱਚੇ ਤੋਂ ਹੋਰ ਵੀ ਵੇਰਵੇ ਲਏ ਜਾ ਰਹੇ ਹਨ ਅਤੇ ਅਗਵਾਕਾਰਾਂ ਨੂੰ ਜਲਦੀ ਫੜ ਲਿਆ ਜਾਵੇਗਾ।

-PTC News

Related Post