Zoom ਕਾਲ 'ਤੇ ਇਕ ਪਲ 'ਚ 900 ਤੋਂ ਵੱਧ ਲੋਕਾਂ ਦੀ ਗਈ ਨੌਕਰੀ, CEO ਨੇ ਲਾਇਆ ਇਹ ਦੋਸ਼

By  Riya Bawa December 6th 2021 05:25 PM

ਨਵੀਂ ਦਿੱਲੀ: ਆਨਲਾਈਨ ਹਾਊਸਿੰਗ ਫਾਇਨਾਂਸ ਸਹੂਲਤ ਪ੍ਰਦਾਨ ਕਰਨ ਵਾਲੀ ਇੱਕ ਅਮਰੀਕੀ ਕੰਪਨੀ Better.com ਨੇ ਇੱਕ ਝਟਕੇ ਵਿੱਚ 900 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਜ਼ੂਮ ਕਾਲ 'ਤੇ ਇਨ੍ਹਾਂ ਲੋਕਾਂ ਨੂੰ ਨਾਲੋ-ਨਾਲ ਨੌਕਰੀ ਤੋਂ ਕੱਢ ਦਿੱਤਾ ਗਿਆ। ਸਟਾਰਟਅਪ ਕੰਪਨੀ ਨੇ ਇਹ ਕਦਮ ਅਜਿਹੇ ਸਮੇਂ 'ਚ ਚੁੱਕਿਆ ਹੈ ਜਦੋਂ ਕੋਰੋਨਾ ਸੰਕਟ ਕਾਰਨ ਰੋਜ਼ਗਾਰ ਨੂੰ ਲੈ ਕੇ ਪਹਿਲਾਂ ਹੀ ਬੇਮਿਸਾਲ ਸੰਕਟ ਹੈ ਅਤੇ ਨਵੇਂ ਵੇਰੀਐਂਟ ਓਮਾਈਕ੍ਰੋਨ ਦਾ ਖਤਰਾ ਮੰਡਰਾ ਰਿਹਾ ਹੈ।

CNN ਬਿਜ਼ਨਸ ਦੀ ਇਕ ਖਬਰ ਮੁਤਾਬਕ Better.com ਦੇ ਸੀਈਓ ਵਿਸ਼ਾਲ ਗਰਗ ਨੇ ਪਿਛਲੇ ਹਫਤੇ ਬੁੱਧਵਾਰ ਨੂੰ ਇਹ ਕਦਮ ਚੁੱਕਿਆ। ਖਬਰਾਂ ਮੁਤਾਬਕ ਗਰਗ ਨੇ ਉਸ ਜ਼ੂਮ ਕਾਲ 'ਤੇ ਕਿਹਾ, ''ਜੇਕਰ ਤੁਸੀਂ ਇਸ ਕਾਲ 'ਤੇ ਹੋ ਤਾਂ ਤੁਸੀਂ ਉਨ੍ਹਾਂ ਬਦਕਿਸਮਤ ਲੋਕਾਂ 'ਚੋਂ ਇਕ ਹੋ, ਜਿਨ੍ਹਾਂ ਨੂੰ ਕੱਢਿਆ ਜਾ ਰਿਹਾ ਹੈ।

ਅਮਰੀਕਾ ਵਿੱਚ, ਇਹ ਸਾਲਾਨਾ ਛੁੱਟੀਆਂ ਦਾ ਸਮਾਂ ਹੈ। ਇਸ ਸਮੇਂ, ਅਮਰੀਕੀ ਪਰਿਵਾਰ ਅਤੇ ਦੋਸਤਾਂ ਨਾਲ ਲੰਬੀ ਛੁੱਟੀਆਂ ਮਨਾਉਣ ਦੀ ਤਿਆਰੀ ਕਰ ਰਹੇ ਹਨ। Better.com ਨੇ ਛੁੱਟੀਆਂ ਤੋਂ ਠੀਕ ਪਹਿਲਾਂ ਆਪਣੇ 900 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਗਰਗ ਨੇ ਇਸ ਬਾਰੇ ਜ਼ੂਮ ਕਾਲ 'ਤੇ ਕਿਹਾ ਕਿ ਸਾਲ ਦੇ ਇਸ ਸਮੇਂ ਵਿਚ ਛਾਂਟੀ ਕਰਨਾ ਵੀ ਦੁਖਦਾਈ ਹੁੰਦਾ ਹੈ।

ਕੰਪਨੀ ਨੇ ਇਸ ਕਦਮ ਦਾ ਕਾਰਨ ਬੈਲੇਂਸ ਸ਼ੀਟ ਨੂੰ ਮਜ਼ਬੂਤ ​​ਕਰਨ ਅਤੇ ਫੋਕਸਡ ਵਰਕਫੋਰਸ ਬਣਾਉਣ ਲਈ ਦੱਸਿਆ ਹੈ। ਹਾਲਾਂਕਿ ਕੰਪਨੀ ਨੂੰ ਪਿਛਲੇ ਹਫਤੇ ਹੀ ਇਕ ਸੌਦੇ ਤਹਿਤ 750 ਮਿਲੀਅਨ ਡਾਲਰ ਨਕਦ ਮਿਲੇ ਹਨ। ਇਸ ਨਾਲ ਕੰਪਨੀ ਕੋਲ ਬੈਲੇਂਸ ਸ਼ੀਟ 'ਚ ਇਕ ਅਰਬ ਡਾਲਰ ਤੋਂ ਜ਼ਿਆਦਾ ਦੀ ਰਾਸ਼ੀ ਹੋਵੇਗੀ।

ਦੱਸਿਆ ਜਾ ਰਿਹਾ ਹੈ ਕਿ ਗਰਗ ਨੇ ਇਸ ਤਰ੍ਹਾਂ ਦੂਜੀ ਵਾਰ ਕੰਪਨੀ 'ਚ ਛਾਂਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਕੰਪਨੀ ਦੀ ਲਾਗਤ ਵਿੱਚ ਕਟੌਤੀ ਲਈ ਚੁੱਕਿਆ ਜਾ ਰਿਹਾ ਹੈ। ਨੌਕਰੀਆਂ ਗੁਆਉਣ ਵਾਲੇ ਲੋਕਾਂ ਵਿੱਚ ਭਾਰਤੀ ਵੀ ਸ਼ਾਮਲ ਹਨ। Better.com ਦਾ ਮੁੱਖ ਦਫਤਰ ਨਿਊਯਾਰਕ ਵਿੱਚ ਹੈ।

-PTC News

Related Post