ਡਾ: ਓਬਰਾਏ ਨੂੰ ਪੈਰਿਸ 'ਚ ਕੌਮਾਂਤਰੀ 'ਸ਼ਾਂਤੀ ਦੂਤ' ਪੁਰਸਕਾਰ ਤੇ ਪਾਸਪੋਰਟ ਨਾਲ ਨਿਵਾਜਿਆ

By  Jasmeet Singh March 14th 2024 06:12 PM

Dr. Oberoi - Messenger of Peace: ਦੇਸ਼ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਲਈ ਇਹ ਮਾਣਮੱਤਾ ਹੈ ਕਿ ਦੁਬਈ ਸਥਿਤ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ: ਐਸ. ਪੀ. ਸਿੰਘ ਓਬਰਾਏ ਨੂੰ ਉਨ੍ਹਾਂ ਦੇ ਲੋਕ ਭਲਾਈ ਕਾਰਜਾਂ ਬਦਲੇ ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ 'ਸ਼ਾਂਤੀਦੂਤ' ਦੇ ਕੌਮਾਂਤਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।

ਲੰਘੇ ਦਿਨ 'ਇੰਟਰਨੈਸ਼ਨਲ ਚੈਰਿਟੀ ਫਾਂਊਂਡੇਸ਼ਨ ਹਿਊਮੈਨੀਟੇਰੀਅਨ ਇੰਟਰੈਕਸ਼ਨ' ਅਤੇ 'ਯੂਨਾਈਟਿਡ ਨੇਸ਼ਨਜ਼ ਗਲੋਬਲ ਕੰਪੈਕਟ ਯੂ਼.ਐਸ.ਏ.' ਨਾਮਕ ਸੰਸਥਾਵਾਂ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਡਾ: ਓਬਰਾਏ ਨੂੰ ਇਹ ਪੁਰਸਕਾਰ ਭੇਟ ਕੀਤਾ ਗਿਆ। ਡਾ: ਓਬਰਾਏ ਨੂੰ ਇਸ ਮੌਕੇ 'ਸ਼ਾਂਤੀਦੂਤ' ਦੇ ਪ੍ਰਮਾਣ ਪੱਤਰ ਦੇ ਨਾਲ ਨਾਲ 'ਅੰਬੈਸਡਰ ਫਾਰ ਪੀਸ ਪਾਸਪੋਰਟ' ਵੀ ਜਾਰੀ ਕੀਤਾ ਗਿਆ ਹੈ।

sp oberoi.PNG

ਇਸ ਤੋਂ ਇਲਾਵਾ ਡਾ: ਓਬਰਾਏ ਵੱਲੋਂ ਬਿਨਾਂ ਕੋਈ ਪੈਸਾ ਇਕੱਠਾ ਕੀਤਿਆਂ ਆਪਣੀ ਕਮਾਈ ਵਿੱਚੋਂ ਹਰ ਮਹੀਨੇ ਕਰੋੜਾਂ ਰੁਪਏ ਖਰਚ ਕਰਕੇ ਸੰਸਾਰ ਭਰ ਵਿੱਚ ਦੇਸ਼ਾਂ, ਧਰਮਾਂ, ਰੰਗਾਂ ਤੇ ਨਸਲਾਂ ਦੀਆਂ ਵਲ਼ਗਣਾਂ ਤੋਂ ਉੱਚੇ ਉਠਦਿਆਂ ਲੋੜਵੰਦਾਂ ਦੀ ਕੀਤੀ ਜਾ ਰਹੀ ਮਦਦ ਨੂੰ ਮੁੱਖ ਰੱਖਦਿਆਂ ਇੰਟਰ-ਯੂਨੀਵਰਸਿਟੀ ਹਾਇਰ ਅਕੈਡਮਿਕ ਕੌਂਸਲ ਵੱਲੋਂ ਡਾ: ਓਬਰਾਏ ਨੂੰ 'ਪ੍ਰੋਫੈਸਰ ਆਫ਼ ਦਿ ਯੂਨੀਵਰਸਿਟੀ ਕੌਂਸਲ' ਦੇ ਵਕਾਰੀ ਰੁਤਬੇ ਨਾਲ ਵੀ ਨਿਵਾਜਿਆ ਗਿਆ। ਇਸੇ ਦੌਰਾਨ 'ਸਾਇੰਸ ਫਾਰ ਪੀਸ-ਵਰਲਡ ਸਾਇੰਟਿਫਿਕ ਕਾਂਗਰਸ ਪੈਰਿਸ' ਦੁਆਰਾ ਗੋਲਡ ਮੈਡਲ ਵੀ ਪ੍ਰਦਾਨ ਕੀਤਾ ਗਿਆ ਹੈ। 

ਡਾ: ਐਸ.ਪੀ.ਸਿੰਘ ਓਬਰਾਏ ਦੀ ਇਸ ਵਕਾਰੀ ਤੇ ਮਾਣਮੱਤੀ ਪ੍ਰਾਪਤੀ ਨਾਲ ਪੰਜਾਬੀਅਤ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦਾ ਪਸਾਰਾ ਵੇਖਿਆ ਜਾ ਰਿਹਾ ਹੈ।

ਇਹ ਖ਼ਬਰਾਂ ਵੀ ਪੜ੍ਹੋ: 

Related Post