ਹੋਲੀ ਤੇ ਭੰਗ ਦਾ ਕੀ ਹੈ ਰਿਸ਼ਤਾ ? ਜਾਣੋ ਭਗਵਾਨ ਸ਼ਿਵ ਨਾਲ ਜੁੜੀ ਪ੍ਰਾਚੀਨ ਕਥਾ

By  KRISHAN KUMAR SHARMA March 24th 2024 02:19 PM

Bhang on Holi Festival: ਹੋਲੀ ਦਾ ਤਿਉਹਾਰ ਭਾਰਤ ਵਿੱਚ ਹੀ ਨਹੀਂ, ਦੁਨੀਆ ਭਰ ਦੇ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ। ਜੇਕਰ ਗੱਲ ਕੀਤੀ ਜਾਵੇ ਹੋਲੀ 'ਤੇ ਵਿਸ਼ੇਸ਼ ਚੀਜ਼ ਦੀ ਤਾਂ ਉਹ ਭੰਗ ਹੁੰਦੀ ਹੈ। ਹੋਲੀ 'ਤੇ ਭੰਗ ਪੀਂਦੇ ਲੋਕ ਤੁਹਾਨੂੰ ਦਿਖ ਹੀ ਜਾਂਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਹੋਲੀ ਤੇ ਭੰਗ ਵਿਚਾਲੇ ਕੀ ਸਾਂਝ ਹੈ ਅਤੇ ਇਸ ਲੋਕ ਭੰਗ ਕਿਉਂ ਸ਼ੌਕ ਨਾਲ ਪੀਂਦੇ ਹਨ। ਇਸ ਪਿੱਛੇ ਕੀ ਕਾਰਨ ਹੈ? ਹਾਲਾਂਕਿ ਇਸ ਹੋਰ ਭੋਜਨ ਅਤੇ ਠੰਡਾਈ ਵੀ ਬਣਾਈ ਜਾਂਦੀ ਹੈ, ਪਰ ਭੰਗ ਆਪਣਾ ਹੀ ਅਨੋਖਾ ਰੰਗ ਛੱਡਦੀ ਹੈ। ਹੋਲੀ ਮੌਕੇ ਭੰਗ ਪੀਣ ਪਿੱਛੇ ਭਗਵਾਨ ਸ਼ਿਵ ਨਾਲ ਜੁੜੀ ਇੱਕ ਪ੍ਰਾਚੀਨ ਕਥਾ ਪ੍ਰਚੱਲਿਤ ਹੈ।

ਭਗਵਾਨ ਸ਼ਿਵ ਨਾਲ ਜੁੜੀ ਪ੍ਰਾਚੀਨ ਕਥਾ

ਪ੍ਰਾਚੀਨ ਕਥਾ ਅਨੁਸਾਰ, ਹਿਰਣਯਕਸ਼ਿਪੂ ਨਾਂ ਦਾ ਇੱਕ ਦੈਂਤ ਸੀ, ਜਿਸ ਦਾ ਇੱਕ ਪੁੱਤਰ ਪ੍ਰਹਿਲਾਦ ਸੀ, ਜੋ ਕਿ ਭਗਵਾਨ ਵਿਸ਼ਨੂੰ ਦਾ ਬਹੁਤ ਵੱਡਾ ਭਗਤ ਸੀ। ਪਰੰਤੂ ਹਿਰਣਯਕਸ਼ਿਪੂ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ। ਹਿਰਣਯਕਸ਼ਿਪੂ ਨੇ ਪ੍ਰਹਿਲਾਦ ਦੀ ਭਗਤੀ ਨੂੰ ਖਤਮ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਅਤੇ ਪ੍ਰਹਿਲਾਦ ਨੂੰ ਤਸੀਹੇ ਵੀ ਦਿੱਤੇ, ਪਰ ਉਸ ਨੇ ਆਪਣੀ ਭਗਤੀ ਜਾਰੀ ਰੱਖੀ।

ਅਖੀਰ ਜਦੋਂ ਹੱਦ ਹੋ ਗਈ ਤਾਂ ਭਗਵਾਨ ਵਿਸ਼ਨੂੰ ਨੇ ਪ੍ਰਹਿਲਾਦ ਦੀ ਭਗਤੀ ਤੋਂ ਖੁਸ਼ ਹੋ ਕੇ ਨਰਸਿਮ੍ਹਾ ਦਾ ਰੂਪ ਧਾਰਨ ਕੀਤਾ ਅਤੇ ਹਿਰਣਯਕਸ਼ਯਪ ਨੂੰ ਮਾਰ ਦਿੱਤਾ। ਪਰ ਇਸ ਤੋਂ ਬਾਅਦ ਵੀ ਭਗਵਾਨ ਨਰਸਿਮ੍ਹਾ ਦਾ ਗੁੱਸਾ ਘੱਟ ਨਹੀਂ ਹੋਇਆ। ਇਸ ਪਿੱਛੋਂ ਨਰਸਿਮ੍ਹਾ ਨੂੰ ਸ਼ਾਂਤ ਕਰਨ ਲਈ ਭਗਵਾਨ ਸ਼ਿਵ ਨੇ ਸ਼ਰਭ ਦੇ ਰੂਪ ਵਿੱਚ ਯੁੱਧ ਕੀਤਾ ਅਤੇ ਹਰਾਇਆ। ਗੁੱਸਾ ਸ਼ਾਂਤ ਹੋਣ 'ਤੇ ਭਗਵਾਨ ਨਰਸਿਮ੍ਹਾ ਨੇ ਭਗਵਾਨ ਸ਼ਿਵ ਨੂੰ ਆਸਨ ਦੇ ਰੂਪ ਵਿੱਚ ਆਪਣੀ ਸੱਕ ਭੇਂਟ ਕੀਤੀ। ਇਸ 'ਤੇ ਸ਼ਿਵ ਭਗਤਾਂ ਨੇ ਇਸ ਜਿੱਤ ਦਾ ਜਸ਼ਨ ਭੰਗ ਦਾ ਸੇਵਨ ਕਰਕੇ ਅਤੇ ਨੱਚ ਗਾ ਕੇ ਮਨਾਇਆ। ਮੰਨਿਆ ਜਾਂਦਾ ਹੈ ਕਿ ਇਸ ਸਮੇਂ ਤੋਂ ਹੀ ਹੋਲੀ ਵਾਲੇ ਦਿਨ ਭੰਗ ਪੀਣ ਦਾ ਰਿਵਾਜ਼ ਸ਼ੁਰੂ ਹੋਇਆ।

ਇੱਕ ਕਥਾ ਇਹ ਵੀ ਜੁੜੀ

ਇਸੇ ਤਰ੍ਹਾਂ ਇੱਕ ਹੋਰ ਕਥਾ ਦੇਵਤਿਆਂ ਅਤੇ ਦੈਂਤਾਂ ਵਿਚਾਲੇ ਸਮੁੰਦਰ ਮੰਥਨ ਨਾਲ ਜੁੜੀ ਹੋਈ ਹੈ। ਜਦੋਂ ਮੰਥਨ ਦੌਰਾਨ ਸਮੁੰਦਰ ਵਿਚੋਂ ਇੱਕ ਸਮੇਂ ਨੀਲਾ ਜ਼ਹਿਰ ਨਿਕਲਦਾ ਹੈ ਤਾਂ ਦੋਵਾਂ ਪਾਸਿਆਂ 'ਚ ਹੜਕੰਪ ਮੱਚ ਗਈ। ਫਿਰ ਭਗਵਾਨ ਸ਼ਿਵ ਨੇ ਇਸ ਜ਼ਹਿਰ ਦਾ ਸੇਵਨ ਕੀਤਾ ਅਤੇ ਦੁਨੀਆ ਨੂੰ ਬਚਾਇਆ ਪਰ ਜ਼ਹਿਰ ਇੰਨਾ ਖਤਰਨਾਕ ਸੀ ਕਿ ਉਨ੍ਹਾਂ ਦਾ ਗਲਾ ਨੀਲਾ ਪੈ ਗਿਆ। ਦੇਵਤਿਆਂ ਨੇ ਇਸ ਦੌਰਾਨ ਇੱਕ ਉਪਾਅ ਕੀਤਾ ਅਤੇ ਭਗਵਾਨ ਸ਼ਿਵ ਨੂੰ ਭੰਗ, ਧਤੂਰਾ ਅਤੇ ਪਾਣੀ ਚੜ੍ਹਾਇਆ ਗਿਆ, ਕਿਉਂਕਿ ਭੰਗ ਦਾ ਠੰਡਾ ਪ੍ਰਭਾਵ ਹੁੰਦਾ ਹੈ। ਇਸ ਨਾਲ ਭਗਵਾਨ ਸ਼ਿਵ ਨੂੰ ਜ਼ਹਿਰ ਦੀ ਜਲਣ ਤੋਂ ਰਾਹਤ ਮਿਲੀ। ਉਦੋਂ ਤੋਂ ਵੀ ਹੋਲੀ 'ਤੇ ਭੰਗ ਪੀਣ ਦਾ ਰੁਝਾਨ ਸ਼ੁਰੂ ਹੋਣਾ ਮੰਨਿਆ ਜਾ ਰਿਹਾ ਹੈ।

Related Post