Chandigarh Weather : ਚੰਡੀਗੜ੍ਹ ਵਿੱਚ ਲਗਾਤਾਰ ਮੀਂਹ ਕਾਰਨ ਕਈ ਇਲਾਕਿਆ ਵਿੱਚ ਭਰਿਆ ਪਾਣੀ; ਅਗਲੇ ਤਿੰਨ ਦਿਨ ਤੱਕ ਮੌਸਮ ਖ਼ਰਾਬ ਦਾ ਖ਼ਦਸ਼ਾ

By  Shameela Khan August 23rd 2023 11:40 AM -- Updated: August 23rd 2023 11:48 AM

Chandigarh Weather : ਚੰਡੀਗੜ੍ਹ 'ਚ ਅੱਜ ਯਾਨੀ ਬੁੱਧਵਾਰ ਸਵੇਰੇ ਤੋਂ ਹੀ ਲਗਾਤਾਰ ਬਾਰਿਸ਼ ਹੋ ਰਹੀ ਹੈ। ਅੱਜ ਪੂਰਾ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ਵਿੱਚ 84MM ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਤੱਕ ਮੀਂਹ ਦਾ ਖ਼ਦਸ਼ਾ ਜਤਾਇਆ ਹੈ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਮੀਂਹ ਕਾਰਨ ਕਈ ਥਾਵਾਂ ’ਤੇ ਪਾਣੀ ਭਰਨ ਦੀ ਸਮੱਸਿਆ ਵੀ ਦੇਖਣ ਨੂੰ ਮਿਲੀ।



ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਪਾਣੀ ਭਰਨ ਕਾਰਨ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਵਿਕਾਸ ਮਾਰਗ 'ਤੇ ਜੰਕਸ਼ਨ ਨੰਬਰ 57 ਸੈਕਟਰ 41-42 ਅਤੇ 53-54 'ਤੇ ਪਾਣੀ ਭਰਿਆ ਹੋਇਆ ਹੈ। ਇਸ ਤੋਂ ਇਲਾਵਾ ਜੰਕਸ਼ਨ ਨੰਬਰ 55 ਸੈਕਟਰ 39-40 ਅਤੇ 55-56 'ਤੇ ਵੀ ਆਵਾਜਾਈ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸੈਂਟਰਾ ਮਾਲ ਤੋਂ ਕੇਬਲ ਫੈਕਟਰੀ ਤੱਕ ਸੜਕ ਪਾਣੀ ਨਾਲ ਭਰੀ ਹੋਈ ਹੈ। ਪੁਲਿਸ ਨੇ ਲੋਕਾਂ ਨੂੰ ਇਸ ਰਸਤੇ 'ਤੇ ਨਾ ਆਉਣ ਦੀ ਸਲਾਹ ਦਿੱਤੀ ਹੈ।



ਪਿਛਲੇ ਕਈ ਦਿਨਾਂ ਤੋਂ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਆਮ ਵਾਂਗ ਚੱਲ ਰਿਹਾ ਸੀ। ਪਰ ਅੱਜ ਹੋਈ 84 MM ਬਾਰਿਸ਼ ਤੋਂ ਬਾਅਦ ਇੱਕ ਵਾਰ ਫਿਰ ਸੁਕਨਾ ਦਾ ਪਾਣੀ ਵਧਣਾ ਸ਼ੁਰੂ ਹੋ ਗਿਆ ਹੈ। ਇਹ ਖ਼ਤਰੇ ਦੇ ਨਿਸ਼ਾਨ ਦੇ ਬਹੁਤ ਨੇੜੇ ਹੈ। ਜੇਕਰ ਦਿਨ ਵੇਲੇ ਹੋਰ ਬਰਸਾਤ ਹੁੰਦੀ ਹੈ ਤਾਂ ਪ੍ਰਸ਼ਾਸਨ ਨੇ ਸੁਖਨਾ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚਣ ਦਾ ਖ਼ਦਸ਼ਾ ਪ੍ਰਗਟਾਇਆ ਹੈ।



Related Post