Bathinda News : ਪਿੰਡ ਭਾਈ ਬਖ਼ਤੌਰ ’ਚ ‘ਪਿੰਡ ਵਿਕਾਊ ਹੈ’ ਦੇ ਪੋਸਟਰ ਲਾਉਣ ਵਾਲੇ ਨੌਜਵਾਨ ਨੇ ਪੁਲਿਸ 'ਤੇ ਲਾਏ ਸੀ ਧਮਕਾਉਣ ਦੇ ਆਰੋਪ ,SHO ਨੂੰ ਕੀਤਾ ਲਾਈਨ ਹਾਜ਼ਰ
Bathinda News : ਜ਼ਿਲ੍ਹਾ ਬਠਿੰਡਾ ਦੇ ਪਿੰਡ ਭਾਈ ਬਖਤੌਰ ਵਿਖੇ ਨੌਜਵਾਨ ਲਖਬੀਰ ਸਿੰਘ ਨੂੰ ਧਮਕਾਉਣ ਦੇ ਮਾਮਲੇ ਵਿੱਚ ਥਾਣਾ ਕੋਟ ਫੱਤਾ ਦੇ SHO ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਲਖਬੀਰ ਸਿੰਘ ਨੇ ਬੀਤੀ ਰਾਤ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ SHO ਮਨੀਸ਼ ਕੁਮਾਰ 'ਤੇ ਧਮਕਾਉਣ ਦੇ ਆਰੋਪ ਲਾਏ ਸੀ। ਲਖਬੀਰ ਸਿੰਘ ਨੇ ਆਪਣੀ ਚਾਰ ਮਹੀਨੇ ਦੀ ਧੀ ਨੂੰ ਗੋਦ ਵਿੱਚ ਲੈ ਕੇ ਭਾਵਕ ਹੁੰਦਿਆਂ ਬਠਿੰਡਾ ਪੁਲਿਸ 'ਤੇ ਗੰਭੀਰ ਦੋਸ਼ ਲਾਏ ਹਨ ,ਜਿਸ ਤੋਂ ਬਾਅਦ SSP ਬਠਿੰਡਾ ਅਮਨੀਤ ਕੋਂਡਲ ਨੇ SHO ਖਿਲਾਫ਼ ਵੱਡੀ ਕਾਰਵਾਈ ਕਰਦਿਆਂ ਲਾਈਨ ਹਾਜ਼ਰ ਕਰ ਦਿੱਤਾ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਇਹ ਨੌਬਤ ‘ਚਿੱਟੇ’ ਦੀ ਤਸਕਰੀ ਦੇ ਖ਼ੌਫ਼ ਕਾਰਨ ਪੈਦਾ ਹੋਈ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਮਾਰੂ ਹਥਿਆਰਾਂ ਨਾਲ ਲੈਸ ਤਿੰਨ ਨੌਜਵਾਨਾਂ ਨੇ ਨਸ਼ਾ ਤਸਕਰੀ ਖ਼ਿਲਾਫ਼ ਹਿੱਕ ਡਾਹੁਣ ਵਾਲੇ, ਪਿੰਡ ਦੀ ਨਸ਼ਾ ਰੋਕੂ ਕਮੇਟੀ ਦੇ ਸਰਗਰਮ ਮੈਂਬਰ ਅਤੇ ਸਾਬਕਾ ਫ਼ੌਜੀ ਰਣਵੀਰ ਸਿੰਘ ਨੂੰ ਘੇਰ ਕੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ। ਉਹ ਇਸ ਸਮੇਂ ਬਠਿੰਡਾ ਦੇ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਜਿਸ ਤੋਂ ਬਾਅਦ ਲਖਬੀਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਜਿੱਥੇ ਇਸ ਮੁੱਦੇ ਨੂੰ ਚੁੱਕਿਆ ਸੀ ,ਉੱਥੇ ਹੀ ਇਸ ਮੁੱਦੇ 'ਤੇ ਕਾਰਵਾਈ ਨਾ ਹੁੰਦਿਆਂ ਦੇਖ ਪਿੰਡ ਵਿੱਚ ਪਿੰਡ ਵਿਕਾਊ ਹੋਣ ਦਾ ਪੋਸਟਰ ਵੀ ਲਗਾਇਆ ਸੀ। ਜਿਸ ਤੋਂ ਬਾਅਦ ਬੀਤੀ ਸ਼ਾਮ ਨੂੰ ਲਖਬੀਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਭਾਵਕ ਵੀਡੀਓ ਪਾ ਕੇ ਥਾਣਾ ਕੋਟ ਫੱਤਾ ਮੁਖੀ 'ਤੇ ਗੰਭੀਰ ਦੋਸ਼ ਲਗਾਏ ਹਨ। ਪੁਲੀਸ ਨੇ ਇਸ ਮਾਮਲੇ ਵਿੱਚ ਤਿੰਨਾਂ ਹਮਲਾਵਰਾਂ ’ਚੋਂ ਦੋ ਨੂੰ ਵਾਰਦਾਤ ’ਚ ਵਰਤੇ ਹਥਿਆਰਾਂ ਅਤੇ ਕਾਰ ਸਮੇਤ ਕਾਬੂ ਕੀਤਾ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਪਿੰਡ ਦੇ ਨੌਜਵਾਨ ਲਖਵੀਰ ਸਿੰਘ ਸਿੱਧੂ (ਲੱਖੀ) ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਸੀ। ਜਿਸ ਵਿੱਚ ਪਿੰਡ ਦੀ ਕੰਧ ’ਤੇ ਲੱਗੇ ਹੱਥ ਲਿਖਤ ਪੋਸਟਰ ’ਤੇ ਲਿਖਿਆ ‘ਸਾਡਾ ਪਿੰਡ ਵਿਕਾਊ ਹੈ’। ਲੱਖੀ ਸਿੱਧੂ ਦਾ ਕਹਿਣਾ ਹੈ ਕਿ ਪਿੰਡ ’ਚ ਬਿਨਾਂ ਰੋਕ-ਟੋਕ ਦੇ ਪਨਪ ਰਹੇ ਨਸ਼ੇ ਦੇ ਵਪਾਰ ਕਾਰਨ ਪਿੰਡ ਵਸਦੇ ਹਰ ਵਰਗ ਦੇ ਬਾਸ਼ਿੰਦੇ ਨੂੰ ਖ਼ਤਰਾ ਹੈ। ਉਸ ਨੇ ਕਿਹਾ ਕਿ ਇੱਥੋਂ ਦੇ ਹਾਲਾਤ ਉੱਤਰ ਪ੍ਰਦੇਸ਼ ਤੇ ਬਿਹਾਰ ਨਾਲੋਂ ਬਦਤਰ ਹੋ ਚੁੱਕੇ ਹਨ। ਉਸ ਨੇ ਕਿਹਾ ਕਿ ਪਿੰਡ ’ਚ ਦੋ-ਤਿੰਨ ਨਸ਼ਾ ਤਸਕਰ ਸ਼ਰੇਆਮ ਆਪਣਾ ਕਾਰੋਬਾਰ ਚਲਾਉਂਦੇ ਰਹੇ ਪਰ ਪੁਲੀਸ ਖ਼ਾਮੋਸ਼ ਹੈ।
- PTC NEWS