Preity Zinta : ਸੋਸ਼ਲ ਮੀਡੀਆ 'ਤੇ ਪ੍ਰੀਤੀ ਜ਼ਿੰਟਾ ਦੀ ਕਿਉਂ ਹੋ ਰਹੀ ਹੈ ਐਨੀ ਚਰਚਾ ? ਜਾਣੋਂ ਪ੍ਰੀਤੀ ਦੀ ਨਿੱਜੀ ਜ਼ਿੰਦਗੀ ਬਾਰੇ ਜ਼ਰੂਰੀ ਗੱਲਾਂ
Preity Zinta : ਬਾਲੀਵੁੱਡ ਦੀ ਡਿੰਪਲ ਗਰਲ ਵਜੋਂ ਜਾਣੀ ਜਾਂਦੀ ਪ੍ਰੀਤੀ ਜ਼ਿੰਟਾ ਕ੍ਰਿਕਟ ਜਗਤ ਵਿੱਚ ਕਾਫ਼ੀ ਵਾਇਰਲ ਹੈ। ਪੰਜਾਬ ਕਿੰਗਜ਼ ਟੀਮ ਦੀ ਸਹਿ-ਮਾਲਕ ਪ੍ਰੀਤੀ ਜ਼ਿੰਟਾ ਦੀ ਟੀਮ ਹੁਣ ਆਈਪੀਐਲ ਫਾਈਨਲ (Punjab Kings IPL 2025 Final) ਵਿੱਚ ਪਹੁੰਚ ਗਈ ਹੈ। ਇਹ ਦੂਜੀ ਵਾਰ ਹੈ ,ਜਦੋਂ ਪੰਜਾਬ ਕਿੰਗਜ਼ ਆਈਪੀਐਲ ਫਾਈਨਲ ਵਿੱਚ ਪਹੁੰਚੀ ਹੈ। ਹੁਣ ਸਿਰਫ਼ ਇੱਕ ਜਿੱਤ ਅਤੇ ਪ੍ਰੀਤੀ ਜ਼ਿੰਟਾ ਦੀ ਟੀਮ ਪੰਜਾਬ ਆਈਪੀਐਲ ਦਾ ਖਿਤਾਬ ਜਿੱਤਣ ਵਿੱਚ ਸਫਲ ਹੋ ਜਾਵੇਗੀ। ਆਈਪੀਐਲ ਦਾ ਫਾਈਨਲ 3 ਜੂਨ ਨੂੰ ਖੇਡਿਆ ਜਾਵੇਗਾ। ਇਸ ਵਾਰ ਪਹਿਲੀ ਵਾਰ ਆਈਪੀਐਲ ਨੂੰ ਇੱਕ ਨਵਾਂ ਚੈਂਪੀਅਨ ਮਿਲੇਗਾ। ਆਓ ਅੱਜ ਪ੍ਰੀਤੀ ਜ਼ਿੰਟਾ ਦੇ ਜੀਵਨ ਬਾਰੇ ਤੁਹਾਨੂੰ ਦੱਸਦੇ ਹਾਂ।
ਪਿਤਾ ਦੀ ਹੋ ਚੁੱਕੀ ਹੈ ਮੌਤ
ਪ੍ਰੀਤੀ ਜ਼ਿੰਟਾ ਦਾ ਜਨਮ 31 ਜਨਵਰੀ, 1975 ਨੂੰ ਸ਼ਿਮਲਾ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦੁਰਗਾਨੰਦ ਜ਼ਿੰਟਾ ਅਤੇ ਮਾਤਾ ਨੀਲਪ੍ਰਭਾ ਹਨ। ਪ੍ਰੀਤੀ ਦੇ ਪਿਤਾ ਭਾਰਤੀ ਫੌਜ ਵਿੱਚ ਇੱਕ ਅਧਿਕਾਰੀ ਸਨ। ਜਦੋਂ ਪ੍ਰੀਤੀ 13 ਸਾਲ ਦੀ ਸੀ ਤਾਂ ਉਸਦੇ ਪਿਤਾ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਇਸ ਹਾਦਸੇ ਵਿੱਚ ਉਸਦੀ ਮਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਸਨ ,ਜਿਸ ਕਾਰਨ ਉਹ ਦੋ ਸਾਲ ਬਿਸਤਰੇ 'ਤੇ ਪਈ ਰਹੀ। ਕਾਫ਼ੀ ਇਲਾਜ ਤੋਂ ਬਾਅਦ ਉਸਦੀ ਹਾਲਤ ਵਿੱਚ ਸੁਧਾਰ ਹੋਇਆ। ਇਸ ਹਾਦਸੇ ਦਾ ਪ੍ਰੀਤੀ ਦੇ ਜੀਵਨ 'ਤੇ ਵੀ ਡੂੰਘਾ ਪ੍ਰਭਾਵ ਪਿਆ। ਪ੍ਰੀਤੀ ਵਲੋਂ ਆਪਣੇ ਬਚਪਨ ਦੀ ਤਸਵੀਰ ਵੀ ਸੋਸ਼ਲ ਮੀਡੀਆ ਉੱਤੇ ਸ਼ੇਅਰ ਵੀ ਕੀਤੀ ਗਈ ਹੈ।
ਸ਼ਿਮਲਾ ਵਿੱਚ ਹੀ ਹੋਈ ਪੜ੍ਹਾਈ
ਪ੍ਰੀਤੀ ਨੇ ਆਪਣੀ ਸਕੂਲੀ ਪੜ੍ਹਾਈ ਕਾਨਵੈਂਟ ਆਫ਼ ਜੀਸਸ ਐਂਡ ਮੈਰੀ ਸਕੂਲ, ਸ਼ਿਮਲਾ ਤੋਂ ਕੀਤੀ। ਇਸ ਤੋਂ ਬਾਅਦ ਉਸਨੇ ਅੱਗੇ ਦੀ ਪੜ੍ਹਾਈ ਸੇਂਟ ਬੇਡੇ ਕਾਲਜ, ਸ਼ਿਮਲਾ ਤੋਂ ਕੀਤੀ। ਪ੍ਰੀਤੀ ਬਾਲੀਵੁੱਡ ਦੀਆਂ ਸਭ ਤੋਂ ਵੱਧ ਪੜ੍ਹੀਆਂ-ਲਿਖੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸਨੇ ਅੰਗਰੇਜ਼ੀ ਆਨਰਜ਼ ਵਿੱਚ ਗ੍ਰੈਜੂਏਸ਼ਨ ਅਤੇ ਅਪਰਾਧਿਕ ਮਨੋਵਿਗਿਆਨ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ।
ਪ੍ਰੀਤੀ ਦੀ ਬਾਲੀਵੁੱਡ ਫ਼ਿਲਮਾਂ 'ਚ ਐਂਟਰੀ
ਪ੍ਰੀਤੀ ਜ਼ਿੰਟਾ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੁੰਬਈ ਚਲੀ ਗਈ। ਉੱਥੇ ਅਦਾਕਾਰਾ ਦੀ ਮੁਲਾਕਾਤ ਮਸ਼ਹੂਰ ਨਿਰਦੇਸ਼ਕ ਸ਼ੇਖਰ ਕਪੂਰ ਨਾਲ ਹੋਈ। ਉਸ ਸਮੇਂ ਸ਼ੇਖਰ ਕਪੂਰ ,ਰਿਤਿਕ ਰੋਸ਼ਨ ਅਤੇ ਪ੍ਰੀਤੀ ਜ਼ਿੰਟਾ ਨੂੰ ਆਪਣੀ ਫ਼ਿਲਮ 'ਤਾਰਾ ਰਮ ਪਮ ਪਮ' ਵਿੱਚ ਲੈਣ ਵਾਲੇ ਸਨ ਪਰ ਇਹ ਫ਼ਿਲਮ ਕਿਸੇ ਕਾਰਨ ਰੱਦ ਹੋ ਗਈ। ਇਸ ਤੋਂ ਬਾਅਦ ਸ਼ੇਖਰ ਕਪੂਰ ਨੇ ਪ੍ਰੀਤੀ ਜ਼ਿੰਟਾ ਨੂੰ ਮਣੀ ਰਤਨਮ ਦੀ ਫਿਲਮ 'ਦਿਲ ਸੇ' ਲਈ ਚੁਣਿਆ ਗਿਆ। ਇਸ ਫ਼ਿਲਮ ਵਿੱਚ ਪ੍ਰੀਤੀ ਨੇ ਸ਼ਾਹਰੁਖ ਖ਼ਾਨ ਅਤੇ ਮਨੀਸ਼ਾ ਕੋਇਰਾਲਾ ਨਾਲ ਕੰਮ ਕੀਤਾ, ਜੋ ਕਿ ਵੱਡੇ ਪਰਦੇ ਉੱਤੇ ਹਿੱਟ ਫ਼ਿਲਮ ਵਜੋਂ ਸਾਬਿਤ ਹੋਈ।
ਫਿਲਮ 'ਦਿਲ ਸੇ' ਤੋਂ ਬਾਅਦ ਪ੍ਰੀਤੀ ਜ਼ਿੰਟਾ ਦੀ ਅਦਾਕਾਰੀ ਵੱਡੇ ਪਰਦੇ ਉੱਤੇ ਛਾ ਚੁੱਕੀ ਸੀ। ਇਸ ਤੋਂ ਬਾਅਦ ਪ੍ਰੀਤੀ ਨੇ ਫਿਲਮ 'ਸੋਲਜ਼ਰ', 'ਸੰਘਰਸ਼', 'ਕਿਆ ਕਹਿਨਾ', ਹਰ ਦਿਲ ਜੋ ਪਿਆਰ ਕਰੇਗਾ ,ਮਿਸ਼ਨ ਕਸ਼ਮੀਰ, ਦਿਲ ਚਾਹਤਾ ਹੈ, ਦਾ ਹੀਰੋ ,ਅਰਮਾਨ ,'ਚੋਰੀ ਚੋਰੀ ਚੁਪਕੇ ਚੁਪਕੇ' ,'ਕਲ ਹੋ ਨਾ ਹੋ', 'ਕਭੀ ਅਲਵਿਦਾ ਨਾ ਕਹਿਨਾ', 'ਕੋਈ ਮਿਲ ਗਿਆ', 'ਸਲਾਮ ਨਮਸਤੇ', 'ਵੀਰ ਜ਼ਾਰਾ' ਸਮੇਤ ਕਈ ਸ਼ਾਨਦਾਰ ਫਿਲਮਾਂ ਵਿੱਚ ਕੰਮ ਕਰਕੇ ਇੰਡਸਟਰੀ ਵਿੱਚ ਆਪਣੀ ਜਗ੍ਹਾ ਬਣਾਈ। ਫ਼ਿਲਮਾਂ ਤੋਂ ਇਲਾਵਾ ਪ੍ਰੀਤੀ ਨੇ ਟੀਵੀ ਸ਼ੋਅਜ਼ ਵਿੱਚ ਬਤੌਰ ਹੋਸਟ ਵੀ ਕੰਮ ਕੀਤਾ ਹੈ।
ਪ੍ਰੀਤੀ ਜ਼ਿੰਟਾ ਫ਼ਿਲਮਾਂ ਤੋਂ ਬਣਾਈ ਦੂਰੀ
ਪ੍ਰੀਤੀ ਜ਼ਿੰਟਾ ਲੰਮੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਹੈ ਅਤੇ IPL (Indian Premier League) ਵਿੱਚ ਆਪਣੀ ਟੀਮ ਨੂੰ ਸੰਭਾਲਦੀ ਹੈ। ਹਿੱਟ ਫਿਲਮਾਂ ਤੋਂ ਬਾਅਦ ਉਨ੍ਹਾਂ ਨੇ 2008 ਵਿੱਚ ਫਿਲਮਾਂ ਤੋਂ ਬ੍ਰੇਕ ਲਿਆ ਅਤੇ ਆਈਪੀਐਲ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ। ਸਾਲ 2008 ਵਿੱਚ ਪ੍ਰੀਤੀ ਨੇ ਆਈਪੀਐਲ ਵਿੱਚ ਇਕ ਕ੍ਰਿਕੇਟ ਟੀਮ ਕਿੰਗਜ਼ ਇਲੇਵਨ ਪੰਜਾਬ ਖ਼ਰੀਦੀ ਸੀ। ਪ੍ਰੀਤੀ ਜ਼ਿੰਟਾ 2008 ਵਿੱਚ ਆਈਪੀਐਲ ਟੀਮ ਦੀ ਇਕਲੌਤੀ ਮਹਿਲਾ ਮਾਲਕ ਸੀ। ਇਸ ਦੇ ਨਾਲ ਹੀ ਇਸ ਲੀਗ ਵਿੱਚ ਉਹ ਘੱਟ ਉਮਰ ਵਾਲੀ ਵੀ ਸੀ। ਉਸਨੇ ਕਿੰਗਜ਼ ਇਲੈਵਨ ਪੰਜਾਬ (ਹੁਣ ਪੰਜਾਬ ਕਿੰਗਜ਼) ਵਿੱਚ ਹਿੱਸੇਦਾਰੀ ਲਈ।
ਪ੍ਰੀਤੀ ਜ਼ਿੰਟਾ ਦਾ 2016 ਵਿੱਚ ਹੋਇਆ ਵਿਆਹ
ਪ੍ਰੀਤੀ ਜ਼ਿੰਟਾ ਨੇ ਸਾਲ 2016 ਵਿੱਚ 29 ਫ਼ਰਵਰੀ ਨੂੰ ਜੀਨ ਗੁਡਇਨਫ (Gene Goodenough) ਨਾਲ ਵਿਆਹ ਕੀਤਾ ਸੀ। ਪ੍ਰੀਤੀ ਜ਼ਿੰਟਾ ਨੇ ਜਿਵੇਂ ਹੀ ਇਹ ਖੁਸ਼ਖਬਰੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ, ਉਸ ਨੂੰ ਹਰ ਪਾਸਿਓਂ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ। 2021 ਵਿੱਚ ਇਸ ਜੋੜੇ ਨੇ ਸਰੋਗੇਸੀ ਰਾਹੀਂ ਜੁੜਵਾਂ ਬੱਚਿਆਂ - ਇੱਕ ਪੁੱਤਰ ਅਤੇ ਇੱਕ ਧੀ - ਦਾ ਸਵਾਗਤ ਕੀਤਾ। ਉਹ ਹੁਣ ਆਪਣਾ ਜ਼ਿਆਦਾਤਰ ਸਮਾਂ ਅਮਰੀਕਾ ਵਿੱਚ ਬਿਤਾਉਂਦੀ ਹੈ ਪਰ ਆਈਪੀਐਲ ਸੀਜ਼ਨ ਦੌਰਾਨ ਭਾਰਤ ਵਾਪਸ ਆਉਂਦੀ ਹੈ।
- PTC NEWS