International Labour Day 2024: ਕਿਵੇਂ ਮਨਾਇਆ ਜਾਂਦਾ ਹੈ? ਅੰਤਰਰਾਸ਼ਟਰੀ ਮਜ਼ਦੂਰ ਦਿਵਸ, ਜਾਣੋ ਇਸ ਦਿਨ ਦਾ ਇਤਿਹਾਸ, ਥੀਮ ਅਤੇ ਮਹੱਤਤਾ
ਹਰ ਸਾਲ 1 ਮਈ ਨੂੰ ਪੂਰੀ ਦੁਨੀਆਂ 'ਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ, ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਮਜ਼ਦੂਰਾਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਉਨ੍ਹਾਂ ਨੂੰ ਜਾਗਰੂਕ ਕਰਨਾ ਹੈ।

International Labour Day 2024: ਹਰ ਸਾਲ 1 ਮਈ ਨੂੰ ਪੂਰੀ ਦੁਨੀਆਂ 'ਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ, ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਮਜ਼ਦੂਰਾਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਉਨ੍ਹਾਂ ਨੂੰ ਜਾਗਰੂਕ ਕਰਨਾ ਹੈ। ਇਹ ਉਨ੍ਹਾਂ ਮਿਹਨਤੀ ਲੋਕਾਂ ਨੂੰ ਸ਼ਰਧਾਂਜਲੀ ਦੇਣ ਦਾ ਮੌਕਾ ਹੈ, ਜਿਨ੍ਹਾਂ ਨੇ ਸਮਾਜ ਦੇ ਵਿਕਾਸ 'ਚ ਅਹਿਮ ਭੂਮਿਕਾ ਨਿਭਾਈ ਹੈ। ਦੱਸ ਦਈਏ ਕਿ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਮਜ਼ਦੂਰ ਦਿਵਸ ਜਾਂ ਮਈ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ। ਤਾਂ ਆਉ ਜਾਣਦੇ ਹਾਂ ਇਸ ਦਿਨ ਦਾ ਇਤਿਹਾਸ, ਥੀਮ ਅਤੇ ਮਹੱਤਤਾ
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਕਿਵੇਂ ਮਨਾਇਆ ਜਾਂਦਾ ਹੈ?
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਜ਼ਦੂਰਾਂ ਦਾ ਸਭ ਤੋਂ ਆਮ ਜਸ਼ਨ ਹੈ। ਦੱਸ ਦਈਏ ਕਿ ਇਸ ਦਿਨ ਲੋਕ ਮਜ਼ਦੂਰਾਂ ਦੇ ਹੱਕਾਂ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਮੁਹਿੰਮਾਂ ਚਲਾਉਂਦੇ ਹਨ। ਇਸ ਦਿਨ ਮਜ਼ਦੂਰਾਂ ਦੇ ਯੋਗਦਾਨ ਨੂੰ ਮਨਾਉਣ, ਮਜ਼ਦੂਰ ਮੁੱਦਿਆਂ 'ਤੇ ਜਾਗਰੂਕਤਾ ਪੈਦਾ ਕਰਨ ਦੀ ਮਹੱਤਤਾ ਨਾਲ ਕਈ ਰੈਲੀਆਂ ਵੀ ਕੱਢੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਕਈ ਸੰਸਥਾਵਾਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਮਜ਼ਦੂਰਾਂ ਦੇ ਹੱਕਾਂ ਪ੍ਰਤੀ ਜਾਗਰੂਕ ਵੀ ਕਰਦੀਆਂ ਹਨ।
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦਾ ਇਤਿਹਾਸ :
1889 'ਚ ਪਹਿਲੀ ਵਾਰ ਮਜ਼ਦੂਰਾਂ ਨੂੰ ਸਮਰਪਿਤ ਇਸ ਦਿਨ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ। ਦੱਸ ਦਈਏ ਕਿ 1886 'ਚ ਅਮਰੀਕਾ 'ਚ ਮਜ਼ਦੂਰਾਂ ਨੇ 8 ਘੰਟੇ ਕੰਮਕਾਜੀ ਦਿਨ ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ ਸੀ। ਉਸ ਸਮੇਂ ਦੌਰਾਨ ਮਜ਼ਦੂਰਾਂ ਨੂੰ ਕਠੋਰ ਹਾਲਤਾਂ 'ਚ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ। ਉਹ ਅਕਸਰ ਘੱਟ ਉਜਰਤ ਲਈ 15-ਘੰਟੇ ਦਿਨ ਕੰਮ ਕਰਦੇ ਸਨ। ਅਜਿਹੇ 'ਚ ਮਜ਼ਦੂਰ ਆਪਣੇ ਹੱਕਾਂ ਲਈ ਹੜਤਾਲ 'ਤੇ ਚਲੇ ਗਏ।
ਇਸ ਤੋਂ ਬਾਅਦ 4 ਮਈ ਨੂੰ ਸ਼ਿਕਾਗੋ ਦੇ ਹੇਅਮਾਰਕੇਟ ਸਕੁਏਅਰ 'ਚ ਇਕੱਠੀ ਹੋਈ ਭੀੜ 'ਤੇ ਪੁਲਿਸ ਨੇ ਗੋਲੀ ਚਲਾ ਦਿੱਤੀ, ਜਿਸ ਕਾਰਨ ਕਈ ਮਜ਼ਦੂਰਾਂ ਦੀ ਜਾਨ ਚਲੀ ਗਈ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ। ਇਸ ਦੁਖਦਾਈ ਘਟਨਾ ਦੀ ਯਾਦ 'ਚ, 1889 'ਚ ਪੈਰਿਸ 'ਚ ਹੋਈ ਦੂਜੀ ਅੰਤਰਰਾਸ਼ਟਰੀ ਸਮਾਜਵਾਦੀ ਕਾਂਗਰਸ ਨੇ ਹਰ ਸਾਲ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ।
ਅੰਤਰਰਾਸ਼ਟਰੀ ਮਜ਼ਦੂਰ ਦਿਵਸ 2024 ਦੀ ਥੀਮ :
ਵੈਸੇ ਤਾਂ ਹਰ ਸਾਲ 'ਅੰਤਰਰਾਸ਼ਟਰੀ ਮਜ਼ਦੂਰ ਦਿਵਸ' ਇੱਕ ਵੱਖਰੀ ਥੀਮ ਨਾਲ ਮਨਾਇਆ ਜਾਂਦਾ ਹੈ। ਪਰ ਇਸ ਸਾਲ ਦੀ ਥੀਮ ਹੈ - "ਸਮਾਜਿਕ ਨਿਆਂ ਅਤੇ ਸਾਰਿਆਂ ਲਈ ਵਧੀਆ ਕੰਮ"
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੀ ਮਹੱਤਤਾ :
ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਉਨ੍ਹਾਂ ਸਾਰੇ ਮਜ਼ਦੂਰਾਂ ਦੇ ਸੰਘਰਸ਼ਾਂ ਨੂੰ ਯਾਦ ਕਰਨਾ ਹੈ ਜਿਨ੍ਹਾਂ ਨੇ ਔਖੇ ਹਾਲਾਤਾਂ ਦਾ ਸਾਹਮਣਾ ਕੀਤਾ ਅਤੇ ਘੱਟ ਉਜਰਤਾਂ ਅਤੇ ਸ਼ੋਸ਼ਣ ਵਿਰੁੱਧ ਆਵਾਜ਼ ਬੁਲੰਦ ਕੀਤੀ। ਇਸ ਤੋਂ ਇਲਾਵਾ ਇਹ ਦਿਨ ਉਨ੍ਹਾਂ ਸਾਰੇ ਮਜ਼ਦੂਰਾਂ ਨੂੰ ਸ਼ਰਧਾਂਜਲੀ ਦੇਣ ਦਾ ਮੌਕਾ ਹੈ ਜਿਨ੍ਹਾਂ ਨੇ ਬਰਾਬਰੀ ਅਤੇ ਨਿਆਂ ਲਈ ਲੜਾਈ ਲੜੀ। ਇਹ ਦਿਨ ਦੁਨੀਆ ਭਰ ਦੇ ਮਜ਼ਦੂਰਾਂ ਨੂੰ ਇੱਕਜੁੱਟ ਹੋਣ ਲਈ ਪ੍ਰੇਰਿਤ ਕਰਦਾ ਹੈ। ਦੱਸ ਦਈਏ ਕਿ ਇਹ ਦਿਨ ਸਮਾਜਿਕ ਨਿਆਂ ਅਤੇ ਬਰਾਬਰੀ ਲਈ ਏਕਤਾ ਦਾ ਪ੍ਰਤੀਕ ਹੈ।