2000 Currency Notes Ban: ਤੁਹਾਡੇ ਕੋਲ ਵੀ ਹਨ 2 ਹਜ਼ਾਰ ਰੁਪਏ ਦੇ ਨੋਟ? ਇੱਥੇ ਮਿਲੇਗਾ ਤੁਹਾਡੇ ਹਰ ਸਵਾਲ ਦਾ ਜਵਾਬ ...!
ਦੇਸ਼ਭਰ ’ਚ ਦੋ ਹਜ਼ਾਰ ਰੁਪਏ ਦੇ ਨੋਟ ਬੰਦ ਹੋਣ ਜਾ ਰਹੇ ਹਨ, ਪਰ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਨੋਟ ਬਦਲਣ ਲਈ ਚਾਰ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਜਾਣੋ ਇਸ ਫੈਸਲੇ ਨਾਲ ਜੁੜੇ ਹਰ ਸਵਾਲ ਦਾ ਜਵਾਬ।

RBI withdraws Rs 2000 notes: ਤਕਰੀਬਨ ਸਾਢੇ ਛੇ ਸਾਲ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਨੇ ਦੋ ਹਜ਼ਾਰ ਰੁਪਏ ਦੇ ਨੋਟ ਜਾਰੀ ਕੀਤੇ ਸੀ। ਪਰ ਬੀਤੇ ਦਿਨ ਆਰਬੀਆਈ ਵੱਲੋਂ 2 ਹਜ਼ਾਰ ਰੁਪਏ ਦੇ ਨੋਟ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਉਨ੍ਹਾਂ ਨੂੰ ਗੈਰ-ਕਾਨੂੰਨੀ ਕਰਾਰ ਨਹੀਂ ਕੀਤਾ ਗਿਆ ਹੈ, ਸਗੋਂ ਉਨ੍ਹਾਂ ਨੂੰ ਬੈਂਕਾਂ ਵਿੱਚ ਜਾ ਕੇ ਬਦਲਣ ਦਾ ਸਮਾਂ ਦਿੱਤਾ ਗਿਆ ਹੈ। ਜਿਸ ਦੇ ਚੱਲਦੇ ਹਰ ਕੋਈ 30 ਸਤੰਬਰ ਤੱਕ 2 ਹਜ਼ਾਰ ਰੁਪਏ ਦੇ ਨੋਟ ਨੂੰ ਬਦਲ ਸਕਦਾ ਹੈ।
ਦੂਜੇ ਪਾਸੇ 2 ਹਜ਼ਾਰ ਰੁਪਏ ਦੇ ਨੋਟ ਬੰਦ ਹੋਣ ਦੇ ਫੈਸਲੇ ਮਗਰੋਂ ਆਮ ਲੋਕ ਚਿੰਤਾ ਵਿੱਚ ਪੈ ਗਏ ਹਨ। ਪਰ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਦੇ ਹਰ ਸਵਾਲ ਦਾ ਜਵਾਬ ਇੱਥੇ ਹੈ। ਨਾਲ ਹੀ ਇਹ ਵੀ ਦੱਸਿਆ ਜਾਵੇਗਾ ਕਿ ਆਖਿਰ 2 ਹਜ਼ਾਰ ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦੇ ਫੈਸਲੇ ਦੇ ਪਿੱਛੇ ਕੀ ਕਾਰਨ ਹਨ?
1. ਆਰਬੀਆਈ ਦੀ ਬੈਂਕਾਂ ਨੂੰ ਕੀ ਹਨ ਹਦਾਇਤਾਂ ?
ਆਰਬੀਆਈ ਨੇ ਫੈਸਲੇ ਤੋਂ ਬਾਅਦ ਸਾਰੇ ਬੈਕਾਂ ਨੂੰ ਤੁਰੰਤ ਪ੍ਰਭਾਵ ਨਾਲ ਨਵੇਂ 2000 ਰੁਪਏ ਦੇ ਨੋਟਾਂ ਨੂੰ ਜਾਰੀ ਕਰਨ ’ਤੇ ਰੋਕ ਲਗਾਉਣ ਲਈ ਕਿਹਾ ਹੈ। ਨਾਲ ਹੀ ਨੋਟਾਂ ਦੀ ਅਦਲਾ ਬਦਲੀ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। 30 ਸਤੰਬਰ ਤੱਕ ਲੋਕ 2 ਹਜ਼ਾਰ ਰੁਪਏ ਦੋ ਨੋਟ ਨੂੰ ਬਦਲ ਸਕਣਗੇ।
2. 30 ਸਤੰਬਰ ਤੋਂ ਕੀ ਹੋਵੇਗੀ ਅਗਲੀ ਕਾਰਵਾਈ ?
ਹੁਣ ਸਾਰਿਆਂ ਦੇ ਦਿਮਾਗ ਚ ਇੱਕੋਂ ਸਵਾਲ ਹੈ ਕੀ 30 ਸਤੰਬਰ ਤੱਕ ਹੀ 2 ਹਜ਼ਾਰ ਰੁਪਏ ਦੇ ਨੋਟਾਂ ਨੂੰ ਬਦਲਿਆ ਜਾ ਸਕਦਾ ਹੈ। ਇਸ ਤੋਂ ਬਾਅਦ ਨਹੀਂ। ਤਾਂ ਇੱਥੇ ਤੁਹਾਨੂੰ ਦੱਸ ਦਈਏ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਫਿਲਹਾਲ ਆਰਬੀਆਈ ਨੇ ਸਾਂਝੀ ਨਹੀਂ ਕੀਤੀ ਹੈ ਕਿ 30 ਸਤੰਬਰ ਤੋਂ ਬਾਅਦ ਕੀ ਹੋਵੇਗਾ। ਹਾਲਾਂਕਿ ਇਸਦੀ ਸੰਭਾਵਨਾ ਹੈ ਕਿ ਆਰਬੀਆਈ 30 ਸਤੰਬਰ ਤੋਂ ਬਾਅਦ ਜਾਂ ਫਿਰ ਇਸ ਤੋਂ ਪਹਿਲਾਂ ਇਸ ਸਬੰਧੀ ਕੋਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰੇ।
3. ਕਿੱਥੇ ਬਦਲੇ ਜਾਣਗੇ ਨੋਟ?
ਦੱਸ ਦਈਏ ਕਿ 2 ਹਜ਼ਾਰ ਰੁਪਏ ਦੇ ਨੋਟਾਂ ਨੂੰ ਤੁਸੀਂ ਕਿਸੇ ਵੀ ਬੈਂਕ ਵਿੱਚ ਜਾ ਕੇ ਬਦਲ ਸਕਦੇ ਹੋ। ਆਰਬੀਆਈ ਦੇ 19 ਖੇਤਰੀ ਦਫਤਰ ਵੀ ਹਨ। ਇਨ੍ਹਾਂ ’ਚ ਜਿੱਥੇ ਜਿੱਥੇ ਅਦਲਾ ਬਦਲੀ ਕਰਨ ਦੇ ਵਿਭਾਗ ਹਨ ਉੱਥੇ ਜਾ ਕੇ ਵੀ ਨੋਟ ਬਦਲਣ ਦੀ ਸੁਵਿਧਾ ਉਪਲਬਧ ਰਹੇਗੀ।
4. ਦੋ ਹਜ਼ਾਰ ਰੁਪਏ ਦੇ ਨੋਟ ਕਦੋਂ ਆਏ?
ਆਰਬੀਆਈ ਨੇ ਨਵੰਬਰ 2016 ਵਿੱਚ ਦੋ ਹਜ਼ਾਰ ਰੁਪਏ ਦੇ ਨੋਟ ਜਾਰੀ ਕੀਤੇ ਸਨ। ਇਹ ਆਰਬੀਆਈ ਐਕਟ 1934 ਦੀ ਧਾਰਾ 24(1) ਤਹਿਤ ਜਾਰੀ ਕੀਤੇ ਗਏ ਸਨ। ਇਹ ਫੈਸਲਾ ਇਸ ਲਈ ਲਿਆ ਗਿਆ ਸੀ ਕਿਉਂਕਿ ਉਸ ਸਮੇਂ ਨੋਟਬੰਦੀ ਦੇ ਤਹਿਤ 500 ਅਤੇ 1000 ਰੁਪਏ ਦੀ ਕਰੰਸੀ ਨੂੰ ਹਟਾ ਦਿੱਤਾ ਗਿਆ ਸੀ, ਜਿਸ ਨਾਲ ਬਾਜ਼ਾਰ ਅਤੇ ਆਰਥਿਕਤਾ 'ਤੇ ਇਸ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ।
5. ਕਦੋ ਹੋਈ ਸੀ 2 ਹਜ਼ਾਰ ਰੁਪਏ ਦੇ ਨੋਟਾਂ ਦੀ ਛਪਾਈ ਬੰਦ ?
ਆਰਬੀਆਈ ਮੁਤਾਬਕ ਨੋਟਬੰਦੀ ਤੋਂ ਬਾਅਦ ਦੋ ਹਜ਼ਾਰ ਰੁਪਏ ਦੇ ਨੋਟ ਜਾਰੀ ਕੀਤੇ ਗਏ ਸੀ। ਜਦੋਂ ਬੈਂਕਾਂ ਵਿੱਚ ਹੋਰ ਮੁੱਲਾਂ ਦੇ ਨੋਟ ਕਾਫ਼ੀ ਮਾਤਰਾ ਵਿੱਚ ਉਪਲਬਧ ਹੋ ਗਏ ਤਾਂ ਦੋ ਹਜ਼ਾਰ ਰੁਪਏ ਦੇ ਪ੍ਰਚਲਨ ਵਿੱਚ ਲਿਆਉਣ ਦਾ ਮਕਸਦ ਵੀ ਪੂਰਾ ਹੋ ਗਿਆ। ਇਸ ਲਈ 2018 ਵਿੱਚ ਦੋ ਹਜ਼ਾਰ ਰੁਪਏ ਦੇ ਨੋਟਾਂ ਦੀ ਛਪਾਈ ਵੀ ਰੋਕ ਦਿੱਤੀ ਗਈ ਸੀ।
6. ਇਹ ਫੈਸਲਾ ਲੈਣ ਦਾ ਮੁੱਖ ਕਾਰਨ ਕੀ ਹੈ?
ਆਰਬੀਆਈ ਮੁਤਾਬਕ 2,000 ਰੁਪਏ ਦੇ ਨੋਟ ਆਮ ਤੌਰ 'ਤੇ ਲੈਣ-ਦੇਣ ਵਿੱਚ ਜ਼ਿਆਦਾ ਨਹੀਂ ਵਰਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਹੋਰ ਸੰਪ੍ਰਦਾਵਾਂ ਦੇ ਨੋਟ ਵੀ ਆਮ ਲੋਕਾਂ ਲਈ ਕਾਫ਼ੀ ਸਰਕੂਲੇਸ਼ਨ ਵਿੱਚ ਮੌਜੂਦ ਹਨ। ਇਸ ਲਈ ਆਰਬੀਆਈ ਦੀ ਕਲੀਨ ਨੋਟ ਪਾਲਿਸੀ ਦੇ ਤਹਿਤ, 2,000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਹੈ।
7. ਇੱਕ ਵਾਰ ’ਚ ਕਿੰਨੇ ਨੋਟ ਬਦਲੇ ਜਾਣਗੇ ?
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਆਰਬੀਆਈ ਨੇ ਕਿਹਾ ਹੈ ਕਿ ਇਕ ਵਾਰ ਚ ਜਿਆਦਾ ਤੋਂ ਜਿਆਦਾ ਸਿਰਫ 20 ਹਜ਼ਾਰ ਰੁਪਏ ਮੁੱਲ ਦੇ ਦੋ ਹਜ਼ਾਰ ਦੇ ਨੋਟ ਬਦਲੇ ਜਾ ਸਕਣਗੇ। ਯਾਨੀ ਇੱਕ ਵਾਰ ਚ ਸਿਰਫ 10 ਨੋਟ ਹੀ ਐਕਸਚੇਂਜ ਹੋਣਗੇ।
8. ਕੀ ਹੁਣ 2 ਹਜ਼ਾਰ ਰੁਪਏ ਦੇ ਨੋਟ ਬੇਕਾਰ ਹੋ ਗਏ ?
ਜਿਆਦਾਤਰ ਲੋਕਾਂ ਦੇ ਦਿਮਾਗ ’ਚ ਇਹੀ ਡਰ ਘੁੰਮ ਰਿਹਾ ਹੈ ਕਿ ਉਨ੍ਹਾਂ ਕੋਲ ਜਿਹੜੇ 2 ਹਜ਼ਾਰ ਰੁਪਏ ਦੇ ਨੋਟ ਹਨ ਹੁਣ ਉਹ ਬੇਕਾਰ ਤਾਂ ਨਹੀਂ ਹੋ ਗਏ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਆਰਬੀਆਈ ਨੇ ਸਾਫ਼ ਤੌਰ 'ਤੇ ਕਿਹਾ ਹੈ ਕਿ 2,000 ਰੁਪਏ ਦੇ ਨੋਟ ਕਾਨੂੰਨੀ ਟੈਂਡਰ ਬਣੇ ਰਹਿਣਗੇ, ਜਿਸਦਾ ਮਤਲਬ ਹੈ ਕਿ ਉਹ ਪੂਰੀ ਤਰ੍ਹਾਂ ਕਾਨੂੰਨੀ ਕਹੇ ਜਾਣਗੇ।
ਇਹ ਵੀ ਪੜ੍ਹੋ: RBI Website Crashes: 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਦੇ ਐਲਾਨ ਮਗਰੋਂ RBI ਦੀ ਵੈੱਬਸਾਈਟ ਹੋਈ ਕ੍ਰੈਸ਼, ਜਾਣੋ ਹੁਣ ਤੱਕ ਦੀ ਅਪਡੇਟ