Bathinda News : ਵਿਜੀਲੈਂਸ ਨੇ ਟਰੈਪ ਲਗਾ ਕੇ STF ਦੇ ASI ਅਤੇ ਪ੍ਰਾਈਵੇਟ ਦਲਾਲ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕੀਤਾ ਕਾਬੂ
Bathinda News : ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਪੰਜਾਬ ਪੁਲਿਸ ਵਿੱਚਲੀਆਂ ਕਾਲੀਆਂ ਭੇਡਾਂ ਵੱਲੋਂ ਲਗਾਤਾਰ ਅਜਿਹੇ ਕਾਰਨਾਮੇ ਕੀਤੇ ਜਾ ਰਹੇ ਹਨ ,ਜੋ ਇਸ ਮੁਹਿੰਮ ਦੇ ਰਾਹ ਵਿੱਚ ਲਗਾਤਾਰ ਰੁਕਾਵਟਾਂ ਪੈਦਾ ਕਰਦੇ ਹਨ। ਤਾਜ਼ਾ ਮਾਮਲਾ ਬਠਿੰਡਾ ਵਿਜੀਲੈਂਸ ਵੱਲੋਂ ਉਜਾਗਰ ਕੀਤਾ ਗਿਆ ਹੈ। ਜਦੋਂ ਉਹਨਾਂ ਵੱਲੋਂ ਐਸਟੀਐਫ ਦੇ ਥਾਣੇਦਾਰ ਮੇਜਰ ਸਿੰਘ ਅਤੇ ਉਸਦੇ ਪ੍ਰਾਈਵੇਟ ਦਲਾਲ ਰਾਮ ਸਿੰਘ ਨੂੰ ਇਕ ਲੱਖ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫ਼ਤਾਰੀ ਕੀਤਾ ਗਿਆ ਹੈ।
ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਨੇ ਕਿਹਾ ਕਿ ਉਹਨਾਂ ਦੇ ਬੇਟੇ ਨੂੰ ਤਲਵੰਡੀ ਸਾਬੋ ਤੋਂ ਮੇਜਰ ਸਿੰਘ ਵੱਲੋਂ ਹਿਰਾਸਤ ਵਿੱਚ ਲੈ ਕੇ ਚਿੱਟਾ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਸੀ ਅਤੇ ਐਨਡੀਪੀਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਗ੍ਰਿਫ਼ਤਾਰੀ ਉਪਰੰਤ ਮੇਜਰ ਸਿੰਘ ਵੱਲੋਂ ਉਹਨਾਂ ਦੇ ਸਪੁੱਤਰ ਅਤੇ ਉਸਦੇ ਦੋਸਤਾਂ ਤੋਂ ਬਰਾਮਦ ਹੋਏ ਪੈਸੇ ਅਤੇ ਗਹਿਣੇ ਪਰਚੇ ਵਿੱਚ ਸ਼ਾਮਿਲ ਨਹੀਂ ਕੀਤੇ ਸਨ। ਜਦੋਂ ਉਹਨਾਂ ਵੱਲੋਂ ਜੇਵਰਾਤ ਅਤੇ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਮੇਜਰ ਸਿੰਘ ਵੱਲੋਂ ਆਪਣੇ ਪ੍ਰਾਈਵੇਟ ਦਲਾਲ ਰਾਹੀਂ ਡੇਢ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਅਤੇ ਇਹ ਸੌਦਾ ਇੱਕ ਲੱਖ ਹਜ਼ਾਰ ਰੁਪਏ ਵਿੱਚ ਤੈਅ ਹੋਇਆ।
ਉਹਨਾਂ ਵੱਲੋਂ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਦਿੱਤੀ ਗਈ। ਜਿਨਾਂ ਵੱਲੋਂ ਮੇਜਰ ਸਿੰਘ ਅਤੇ ਉਸਦੇ ਪ੍ਰਾਈਵੇਟ ਦਲਾਲ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗਿਰਫਤਾਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੇਜਰ ਸਿੰਘ ਵੱਲੋਂ ਇਸ ਤੋਂ ਪਹਿਲਾਂ ਐਨਡੀਪੀਐਸ ਐਕਟ ਤਹਿਤ ਦਰਜ ਕੀਤੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਉਸ ਵੱਲੋਂ ਝੂਠੇ ਮਾਮਲੇ ਦਰਜ ਕੀਤੇ ਗਏ ਹਨ।
ਉਧਰ ਦੂਸਰੇ ਪਾਸੇ ਡੀਐਸਪੀ ਵਿਜੀਲੈਂਸ ਕੁਲਵੰਤ ਸਿੰਘ ਨੇ ਦੱਸਿਆ ਕਿ ਮੇਜਰ ਸਿੰਘ ਅਤੇ ਉਸਦੇ ਪ੍ਰਾਈਵੇਟ ਦਾ ਲਾਲ ਰਾਮ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ। ਦੋਵੇਂ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ। ਪੁਲਿਸ ਰਿਮਾਂਡ ਦੌਰਾਨ ਏਐਸਆਈ ਮੇਜਰ ਸਿੰਘ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
- PTC NEWS