BBMB Water Dispute : CM ਮਾਨ ਦੀਆਂ ਡਰਾਮੇਬਾਜ਼ੀਆਂ ਕਾਰਨ ਪੰਜਾਬ ਨੇ ਪਾਣੀਆਂ ’ਤੇ ਆਪਣਾ ਹੱਕ ਗੁਆਇਆ ਤੇ ਨੰਗਲ ਡੈਮ ਦੀ ਸੁਰੱਖਿਆ ਸੂਬੇ ਦੇ ਹੱਥੋਂ ਨਿਕਲ ਗਈ : ਬਿਕਰਮ ਮਜੀਠੀਆ
BBMB Water Dispute : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਡਰਾਮੇਬਾਜ਼ੀਆਂ ਕਾਰਨ ਨਾ ਸਿਰਫ ਪੰਜਾਬ ਦੇ ਪਾਣੀਆਂ ਦੇ ਹੱਕਾਂ ਨਾਲ ਸਮਝੌਤਾ ਹੋ ਗਿਆ ਹੈ ਬਲਕਿ ਨੰਗਲ ਡੈਮ ਦਾ ਸੁਰੱਖਿਆ ਪ੍ਰਬੰਧ ਵੀ ਸੂਬੇ ਦੇ ਹੱਥਾਂ ਵਿਚੋਂ ਨਿਕਲ ਗਿਆ ਹੈ।
ਕੇਂਦਰ ਸਰਕਾਰ ਵੱਲੋਂ ਨੰਗਲ ਡੈਮ ’ਤੇ ਸੀਆਈਐਸਐਫ ਦੇ 296 ਜਵਾਨ ਤਾਇਨਾਤ ਕਰਨ ਦੇ ਫੈਸਲੇ ਨੂੰ ਸਤਲੁਜ ਸਦਨ ਦੇ ਗੇਟ ਨੂੰ ਤਾਲੇ ਲਗਾਉਣ ਅਤੇ ਨੰਗਲ ਡੈਮ ’ਤੇ ਸੁਰੱਖਿਆ ਅਮਲਾ ਤਾਇਨਾਤ ਕਰਨ ਵਰਗੀਆਂ ਸਸਤੀ ਸ਼ੋਹਰਤ ਹਾਸਲ ਕਰਨ ਵਾਲੀਆਂ ਕੋਝੀਆਂ ਹਰਕਤਾਂ ਦਾ ਨਤੀਜਾ ਦੱਸਦਿਆਂ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਸਭ ਨਾਲ ਪੰਜਾਬ ਦਾ ਕੇਸ ਹੋਰ ਕਮਜ਼ੋਰ ਹੋਇਆ ਹੈ। ਉਹਨਾਂ ਕਿਹਾ ਕਿ ਹੁਣ ਜੋ ਵਾਪਰ ਰਿਹਾ ਹੈ, ਉਹ ਪਹਿਲਾਂ ਕਦੇ ਨਹੀਂ ਵਾਪਰਿਆ। ਨਾ ਸਿਰਫ ਸੂਬੇ ਤੋਂ ਇਸਦਾ ਪਾਣੀ ਖੋਹਿਆ ਜਾ ਰਿਹਾ ਹੈ ਬਲਕਿ ਇਸ ਨਾਲ ਪੰਜਾਬ ਨੂੰ ਇਸਦੇ ਆਪਣੇ ਹੀ ਸ਼ਹਿਰ ਨੰਗਲ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਹੀ ਇਹਨਾਂ ਹਾਲਾਤਾਂ ਲਈ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਬਜਾਏ ਹਾਲਾਤ ਦੀ ਗੰਭੀਰਤਾ ਸਮਝਣ ਦੇ ਅਤੇ ਢੁਕਵੀਂ ਕਾਰਵਾਈ ਕਰਨ ਦੇ ਉਹ ਆਪਣੇ ਆਪ ਨੂੰ ਸੂਬੇ ਦੇ ਦਰਿਆਈ ਪਾਣੀਆਂ ਦਾ ਰਾਖਾ ਵਿਖਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਆਪਣੀਆਂ ਤਸਵੀਰਾਂ ਤਿਆਰ ਕਰਵਾਉਣ ਵਿਚ ਰੁੱਝੇ ਹਨ। ਅਕਾਲੀ ਆਗੂ ਨੇ ਕਿਹਾ ਕਿ ਮਾਮਲੇ ਦੀ ਸੱਚਾਈ ਇਹ ਹੈ ਕਿ ਆਪ ਸਰਕਾਰ ਹਰਿਆਣਾ ਨੂੰ ਇਸਦੇ ਕੋਟੇ ਨਾਲੋਂ ਵੱਧ ਪਾਣੀ ਦਿੱਤੇ ਜਾਣ ਨੂੰ ਵੀ ਨਹੀਂ ਰੋਕ ਸਕੀ ਅਤੇ ਹਾਈ ਕੋਰਟ ਨੇ ਵੀ ਇਸਨੂੰ ਝਾੜ ਪਾਉਂਦਿਆਂ ਹਦਾਇਤ ਕੀਤੀ ਹੈ ਕਿ ਹਰਿਆਣਾ ਨੂੰ ਵਾਧੂ ਪਾਣੀ ਛੱਡਿਆ ਜਾਵੇ।
ਮਜੀਠੀਆ ਨੇ ਕਿਹਾ ਕਿ ਇਹ ਸਭ ਕੁਝ ਉਸ ਛਲਾਵੇ ਦਾ ਨਤੀਜਾ ਹੈ, ਜਿਸ ਨਾਲ ਆਪ ਸਰਕਾਰ ਨੇ ਖੁਦ ਹੀ ਪਿਛਲੇ ਤਿੰਨ ਸਾਲਾਂ ਵਿਚ ਆਪਣਾ ਕੇਸ ਕਮਜ਼ੋਰ ਕੀਤਾ ਹੈ ਜਦੋਂ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਹਰਿਆਣਾ ਅਤੇ ਦਿੱਲੀ ਨੂੰ ਪਾਣੀ ਦੇਣ ਦੀ ਵਕਾਲਤ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਸਾਰੀ ਪ੍ਰਕਿਰਿਆ ਵਿਚ ਸਭ ਤੋਂ ਵੱਡੀ ਸੱਟ ਸੂਬੇ ਦੇ ਕਿਸਾਨਾਂ ਅਤੇ ਇਸਦੇ ਖੇਤੀਬਾੜੀ ਅਰਥਚਾਰੇ ਨੂੰ ਵੱਜੀ ਹੈ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਿਆਸੀ ਪਾਰਟੀਆਂ ਦੇ ਆਗੂਆਂ ਜਿਹਨਾਂ ਨੇ ਦਰਿਆਈ ਪਾਣੀਆਂ ਦੇ ਮਾਮਲੇ ’ਤੇ ਆਪ ਸਰਕਾਰ ਵੱਲੋਂ ਸੱਦੀ ਸਰਬ ਪਾਰਟੀ ਮੀਟਿੰਗ ਵਿਚ ਸ਼ਮੂਲੀਅਤ ਕੀਤੀ, ਉਹਨਾਂ ਸਮੇਤ ਹਰ ਕੋਈ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ਮਜੀਠੀਆ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਅਤੇ ਸੂਬੇ ਨੂੰ ਤਬਾਹੀ ਤੋਂ ਬਚਾਉਣ ਵਾਸਤੇ ਉਠ ਕੇ ਆਪਣੀ ਆਵਾਜ਼ ਬੁਲੰਦ ਕਰਨ।
- PTC NEWS