ਸਾਬਕਾ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਧੀ Rhea ਦਾ ਹੋਇਆ ਵਿਆਹ, ਜੰਮੂ-ਕਸ਼ਮੀਰ ਦੇ ਸ਼ਾਹੀ ਪਰਿਵਾਰ ਚੋਂ ਹੈ ਪਤੀ Martand Singh
Manpreet Singh Badals daughter Rhea Marriage : ਦਿੱਲੀ ਵਿਖੇ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਦੀ ਨਿੱਜੀ ਰਿਹਾਇਸ਼ 'ਤੇ ਹੋਏ ਵਿਆਹ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਨਵ-ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ।
Manpreet Singh Badals daughter Rhea Marriage : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਲੀਡਰ ਮਨਪ੍ਰੀਤ ਸਿੰਘ ਬਾਦਲ ਦੀ ਧੀ ਰਿਆ ਦਾ ਵਿਆਹ ਹੋ ਗਿਆ ਹੈ। ਰਿਆ ਦਾ ਵਿਆਹ ਜੰਮੂ-ਕਸ਼ਮੀਰ ਦੇ ਸ਼ਾਹੀ ਘਰਾਣੇ ਦੇ ਰਾਜਕੁਮਾਰ ਮਰਤੰਡ ਸਿੰਘ ਨਾਲ ਹੋਇਆ ਹੈ। ਦਿੱਲੀ ਵਿਖੇ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਦੀ ਨਿੱਜੀ ਰਿਹਾਇਸ਼ 'ਤੇ ਹੋਏ ਵਿਆਹ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਨਵ-ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ।
ਦੱਸ ਦਈਏ ਕਿ ਮਨਪ੍ਰੀਤ ਬਾਦਲ ਨੇ ਆਪਣੇ ਪਰਿਵਾਰ ਸਮੇਤ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਧੀ ਦੇ ਵਿਆਹ ਲਈ ਨਿੱਜੀ ਸੱਦਾ ਦਿੱਤਾ। ਉਨ੍ਹਾਂ ਦੀ ਪਤਨੀ ਵੀਨੂ ਬਾਦਲ, ਪੁੱਤਰ ਅਤੇ ਧੀ ਰੀਆ ਵੀ ਮੌਜੂਦ ਸਨ। ਮਨਪ੍ਰੀਤ ਬਾਦਲ ਨੇ ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਨਾਲ ਆਪਣੀ ਮੁਲਾਕਾਤ ਦੀ ਇੱਕ ਫੋਟੋ ਸਾਂਝੀ ਕਰਕੇ ਧੰਨਵਾਦ ਪ੍ਰਗਟ ਕੀਤਾ।
ਹਰਿਆਣਾ, ਦਿੱਲੀ ਅਤੇ ਪੰਜਾਬ ਦੀਆਂ ਵੱਡੀਆਂ ਸ਼ਖਸੀਅਤਾਂ ਹੋਈਆਂ ਸ਼ਾਮਲ
ਵਿਆਹ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਅਤੇ ਬਠਿੰਡਾ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨਾਲ ਪਹੁੰਚੇ। ਸੀਨੀਅਰ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ।
ਇਸਤੋਂ ਇਲਾਵਾ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਅਤੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਸਮੇਤ ਕਈ ਆਗੂਆਂ ਨੇ ਪਹੁੰਚ ਕੇ ਵੀ ਨਵ-ਵਿਆਹੇ ਜੋੜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਕੇਂਦਰੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ, ਸਾਬਕਾ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਅਤੇ ਰਾਧਾ ਸੁਆਮੀ ਸਤਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਇਸ ਸਮਾਗਮ ਵਿੱਚ ਮੌਜੂਦ ਸਨ। ਪੰਜਾਬ ਭਾਜਪਾ ਨੇਤਾ ਕੇਵਲ ਸਿੰਘ ਢਿੱਲੋਂ ਨੇ ਵੀ ਸਵਾਗਤ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਤਸਵੀਰਾਂ ਸਾਂਝੀਆਂ ਕੀਤੀਆਂ।
ਸ. ਪ੍ਰਕਾਸ਼ ਸਿੰਘ ਬਾਦਲ ਦੀ ਪੋਤੀ ਹੈ ਰਿਆ ਬਾਦਲ
ਰਿਆ ਬਾਦਲ, ਪੰਜਾਬ ਦੇ 5 ਵਾਰ ਦੇ ਮੁੱਖ ਮੰਤਰੀ ਰਹੇ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੀ ਪੋਤੀ ਹੈ। ਰੀਆ ਬਾਦਲ ਨੇ ਨਿਊਯਾਰਕ ਯੂਨੀਵਰਸਿਟੀ (NYU) ਤੋਂ ਮੀਡੀਆ, ਸੱਭਿਆਚਾਰ ਅਤੇ ਸੰਚਾਰ ਵਿੱਚ ਉੱਚ ਸਿੱਖਿਆ ਪ੍ਰਾਪਤ ਕੀਤੀ। ਇਸ ਦੌਰਾਨ, ਮਾਰਤੰਡ ਸਿੰਘ ਨੇ ਵਿਦੇਸ਼ ਵਿੱਚ ਆਪਣੀ ਉੱਚ ਸਿੱਖਿਆ ਪੂਰੀ ਕੀਤੀ ਅਤੇ ਵਿਰਾਸਤੀ ਸੰਭਾਲ ਅਤੇ ਆਪਣੇ ਪਰਿਵਾਰਕ ਟਰੱਸਟਾਂ ਦੇ ਪ੍ਰਬੰਧਨ ਵਿੱਚ ਸ਼ਾਮਲ ਹੈ।
ਕੌਣ ਹੈ ਲਾੜਾ ਕੁੰਵਰ ਮਾਰਤੰਡ ਸਿੰਘ ?
ਰੀਆ ਬਾਦਲ ਦਾ ਵਿਆਹ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਕਰਨ ਸਿੰਘ ਦੇ ਪੋਤੇ ਆਰ.ਕੇ. ਮਾਰਤੰਡ ਸਿੰਘ ਨਾਲ ਵਿਆਹ ਹੋਇਆ ਹੈ।
ਕੁੰਵਰ ਮਾਰਤੰਡ, ਜੰਮੂ-ਕਸ਼ਮੀਰ ਦੇ ਆਖਰੀ ਸ਼ਾਸਕ ਮਹਾਰਾਜਾ ਹਰੀ ਸਿੰਘ ਦੇ ਪੜਪੋਤੇ ਅਤੇ ਸੀਨੀਅਰ ਕਾਂਗਰਸੀ ਨੇਤਾ ਡਾ. ਕਰਨ ਸਿੰਘ ਦੇ ਪੋਤੇ ਹਨ। ਮਾਰਤੰਡ ਸਿੰਘ ਦੇ ਪਿਤਾ ਸਾਬਕਾ ਐਮਐਲਸੀ ਵਿਕਰਮਾਦਿਤਿਆ ਸਿੰਘ ਹਨ, ਜੋ ਜੰਮੂ-ਕਸ਼ਮੀਰ ਦੇ ਡੋਗਰਾ ਰਾਜਵੰਸ਼ ਦੇ ਸੀਨੀਅਰ ਵਾਰਸ ਹਨ। ਮਾਰਤੰਡ ਸਿੰਘ ਦੀ ਮਾਂ ਚਿਤਰਾਂਗਦਾ ਸਿੰਘ ਹੈ, ਜੋ ਕਿ ਕਾਂਗਰਸ ਦੇ ਮਰਹੂਮ ਸੀਨੀਅਰ ਆਗੂ ਮਾਧਵਰਾਓ ਸਿੰਧੀਆ ਦੀ ਧੀ ਅਤੇ ਕੇਂਦਰੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਦੀ ਭੈਣ ਹੈ। ਮਾਰਤੰਡ ਦੀ ਭੈਣ ਮ੍ਰਿਗਾਂਕਾ ਸਿੰਘ ਦਾ ਵਿਆਹ ਕੈਪਟਨ ਅਮਰਿੰਦਰ ਸਿੰਘ ਦੇ ਪੋਤੇ ਨਿਰਵਾਣ ਸਿੰਘ ਨਾਲ ਹੋਇਆ ਹੈ।
ਇਹ ਵੀ ਪੜ੍ਹੋ...ਲੁਧਿਆਣਾ, ਖੰਨਾ ਤੇ ਪਟਿਆਲਾ 'ਚ ਖ਼ਰਾਬ ਹੋਈ ਹਵਾ, AQI 200 ਪਾਰ ਹੋਇਆ, ਜਾਣੋ ਮੌਸਮ ਦਾ ਹਾਲ