ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਚੁਣਿਆ ਬੋਰਡ ਬਹਾਲ, ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਬੋਰਡ ਨੇ 25 ਕਰੋੜ ਦੇ ਪ੍ਰੋਜੈਕਟਾਂ ਦਾ ਕੀਤਾ ਐਲਾਨ!
Nanded gurdwara board restored: ਬੰਬੇ ਹਾਈ ਕੋਰਟ ਦੇ ਸਖ਼ਤ ਹੁਕਮਾਂ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ, ਨਾਂਦੇੜ ਦੇ ਚੁਣੇ ਹੋਏ ਪ੍ਰਬੰਧਕੀ ਬੋਰਡ ਨੂੰ ਮੁੜ ਬਹਾਲ ਕਰ ਦਿੱਤਾ ਹੈ।
Nanded gurdwara board restored: ਬੰਬੇ ਹਾਈ ਕੋਰਟ ਦੇ ਸਖ਼ਤ ਹੁਕਮਾਂ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ, ਨਾਂਦੇੜ ਦੇ ਚੁਣੇ ਹੋਏ ਪ੍ਰਬੰਧਕੀ ਬੋਰਡ ਨੂੰ ਮੁੜ ਬਹਾਲ ਕਰ ਦਿੱਤਾ ਹੈ। ਬੋਰਡ ਦੀ ਬਹਾਲੀ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਤੁਰੰਤ ਬਾਅਦ ਬੋਰਡ ਪ੍ਰਬੰਧਕਾਂ ਨੇ ਸ਼ਰਧਾਲੂਆਂ ਅਤੇ ਕਰਮਚਾਰੀਆਂ ਦੀ ਭਲਾਈ ਲਈ 20 ਤੋਂ 25 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਅਤੇ ਰਾਹਤਾਂ ਦਾ ਵੱਡਾ ਐਲਾਨ ਕੀਤਾ ਹੈ।
ਕੋਰਟ ਦਾ ਫ਼ੈਸਲਾ ਅਤੇ ਸਰਕਾਰ ਦਾ ਐਕਸ਼ਨ
ਜ਼ਿਕਰਯੋਗ ਹੈ ਕਿ 8 ਮਾਰਚ 2019 ਨੂੰ ਗਠਿਤ ਕੀਤੇ ਗਏ ਇਸ ਚੁਣੇ ਹੋਏ ਬੋਰਡ ਨੂੰ ਜੂਨ 2022 ਵਿੱਚ ਤਤਕਾਲੀ 'ਮਹਾ ਵਿਕਾਸ ਅਗਾੜੀ' ਸਰਕਾਰ ਨੇ ਐਕਟ ਦੀ ਧਾਰਾ 53 ਤਹਿਤ ਭੰਗ ਕਰਕੇ ਪ੍ਰਸ਼ਾਸਕ ਨਿਯੁਕਤ ਕਰ ਦਿੱਤਾ ਸੀ। ਇਸ ਫ਼ੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ।
ਔਰੰਗਾਬਾਦ ਬੈਂਚ ਨੇ 6 ਅਕਤੂਬਰ 2025 ਨੂੰ ਸਰਕਾਰੀ ਨੋਟੀਫਿਕੇਸ਼ਨ ਨੂੰ ਰੱਦ ਕਰਦਿਆਂ ਬੋਰਡ ਨੂੰ ਪੁਰਾਣੀ ਸਥਿਤੀ ਵਿੱਚ ਬਹਾਲ ਕਰਨ ਦੇ ਹੁਕਮ ਦਿੱਤੇ ਸਨ। ਹੁਕਮਾਂ ਦੀ ਤਾਮੀਲ ਨਾ ਹੋਣ 'ਤੇ ਅਦਾਲਤੀ ਤੌਹੀਨ (Contempt) ਦੀ ਪਟੀਸ਼ਨ ਦਾਇਰ ਕੀਤੀ ਗਈ, ਜਿਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਦੇ ਮਾਲ ਅਤੇ ਵਣ ਵਿਭਾਗ ਦੇ ਉਪ ਸਕੱਤਰ ਭਗਵਾਨ ਸਾਵੰਤ ਵੱਲੋਂ 2022 ਦੇ ਭੰਗ ਕਰਨ ਵਾਲੇ ਨੋਟੀਫਿਕੇਸ਼ਨ ਨੂੰ ਵਾਪਸ ਲੈ ਕੇ ਬੋਰਡ ਦੀ ਬਹਾਲੀ ਦਾ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ।
ਬੋਰਡ ਦੀ ਮੌਜੂਦਾ ਲੀਡਰਸ਼ਿਪ
ਬੋਰਡ ਦੇ ਚੇਅਰਮੈਨ ਭੂਪਿੰਦਰ ਸਿੰਘ ਮਿਨਹਾਸ ਦੇ ਅਕਾਲ ਚਲਾਣੇ ਤੋਂ ਬਾਅਦ ਹੁਣ ਇਸ ਸੰਸਥਾ ਦੀ ਜ਼ਿੰਮੇਵਾਰੀ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਬਾਵਾ ਅਤੇ ਜਨਰਲ ਸਕੱਤਰ ਰਵਿੰਦਰ ਸਿੰਘ ਬੁੰਗਈ ਸਮੇਤ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਨਿਭਾਈ ਜਾ ਰਹੀ ਹੈ।
20-25 ਕਰੋੜ ਰੁਪਏ ਦੇ ਐਲਾਨੇ ਗਏ ਮੁੱਖ ਪ੍ਰੋਜੈਕਟ:
ਕਮਾਨ ਸੰਭਾਲਦਿਆਂ ਹੀ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਬਾਵਾ ਅਤੇ ਟੀਮ ਨੇ ਹੇਠ ਲਿਖੇ ਵੱਡੇ ਐਲਾਨ ਕੀਤੇ
ਕਰਮਚਾਰੀਆਂ ਲਈ ਬੋਨਸ: ਤਖ਼ਤ ਸਾਹਿਬ ਦੇ ਕਰਮਚਾਰੀਆਂ ਨੂੰ 50 ਫ਼ੀਸਦੀ ਤਿਉਹਾਰ ਬੋਨਸ ਦਿੱਤਾ ਜਾਵੇਗਾ।
ਦਿਵਾਲੀ ਤੋਹਫ਼ਾ: ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਮਹਿਲਾਵਾਂ ਨੂੰ 1,000-1,000 ਰੁਪਏ ਦਾ ਵਿਸ਼ੇਸ਼ ਤੋਹਫ਼ਾ ਦਿੱਤਾ ਜਾਵੇਗਾ।
ਆਧੁਨਿਕ ਸਿਹਤ ਸੇਵਾਵਾਂ (15 ਕਰੋੜ): ਸੰਗਤ ਅਤੇ ਸਥਾਨਕ ਲੋਕਾਂ ਲਈ 15 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ MRI, CT ਸਕੈਨ, X-Ray ਅਤੇ ਹੋਰ ਡਾਇਗਨੌਸਟਿਕ ਸੁਵਿਧਾਵਾਂ ਸ਼ੁਰੂ ਕੀਤੀਆਂ ਜਾਣਗੀਆਂ।
ਸੋਲਰ ਪਾਵਰ ਸਿਸਟਮ (5 ਕਰੋੜ): 5 ਕਰੋੜ ਰੁਪਏ ਦੀ ਲਾਗਤ ਨਾਲ ਸੋਲਰ ਊਰਜਾ ਪ੍ਰਣਾਲੀ ਲਗਾਈ ਜਾਵੇਗੀ, ਅਤੇ ਇਸ ਤੋਂ ਹੋਣ ਵਾਲੀ ਬਚਤ ਨੂੰ ਗੁਰਸਿੱਖ ਬੱਚਿਆਂ ਦੀ ਪੜ੍ਹਾਈ ਲਿਖਾਈ 'ਤੇ ਖ਼ਰਚ ਕੀਤਾ ਜਾਵੇਗਾ।
ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹਸਪਤਾਲਾਂ, ਵਿੱਦਿਅਕ ਅਦਾਰਿਆਂ, ਰਿਹਾਇਸ਼ੀ ਇਮਾਰਤਾਂ ਅਤੇ ਸੰਗਤ ਦੀ ਸਹੂਲਤ ਲਈ ਹੋਰ ਵੀ ਕਈ ਜਨ-ਭਲਾਈ ਕਾਰਜ ਕੀਤੇ ਜਾਣਗੇ।