ਅਕਾਲੀ ਦਲ ਵੱਲੋਂ ਆਪ ਦੇ ਕੁਸ਼ਾਸਨ ਦਾ ਇਕ ਸਾਲ ਪੂਰਾ ਹੋਣ ’ਤੇ ਸੂਬੇ ਭਰ ਵਿਚ ਧਰਨੇ
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਮੋਰਚਾ ਨੇ ਅੱਜ ਆਮ ਆਦਮੀ ਪਾਰਟੀ ਦੇ ਇਕ ਸਾਲ ਦੇ ਕੁਸ਼ਾਸਨ ਦੇ ਪੂਰਾ ਹੋਣ ’ਤੇ ਸੂਬੇ ਭਰ ਵਿਚ ਧਰਨਿਆਂ ਦੀ ਸ਼ੁਰੂਆਤ ਕੀਤੀ ਜਿਸ ਦੌਰਾਨ ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬੀਆਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਭੱਜ ਗਈ ਹੈ ਤੇ ਪੰਜਾਬ ਵਿਚ ਅੱਜ ਕਾਨੂੰਨ ਵਿਵਸਥਾ ਭੰਗ ਹੋਣ ਨਾਲ ਹਫੜਾ ਦਫੜੀ ਦਾ ਮਾਹੌਲ ਹੈ।

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਮੋਰਚਾ ਨੇ ਅੱਜ ਆਮ ਆਦਮੀ ਪਾਰਟੀ ਦੇ ਇਕ ਸਾਲ ਦੇ ਕੁਸ਼ਾਸਨ ਦੇ ਪੂਰਾ ਹੋਣ ’ਤੇ ਸੂਬੇ ਭਰ ਵਿਚ ਧਰਨਿਆਂ ਦੀ ਸ਼ੁਰੂਆਤ ਕੀਤੀ ਜਿਸ ਦੌਰਾਨ ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬੀਆਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਭੱਜ ਗਈ ਹੈ ਤੇ ਪੰਜਾਬ ਵਿਚ ਅੱਜ ਕਾਨੂੰਨ ਵਿਵਸਥਾ ਭੰਗ ਹੋਣ ਨਾਲ ਹਫੜਾ ਦਫੜੀ ਦਾ ਮਾਹੌਲ ਹੈ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੰਬੀ ਅਤੇ ਭੁੱਚੋ ਵਿਧਾਨ ਸਭਾ ਹਲਕਿਆਂ ਵਿਚ ਧਰਨਿਆਂ ਦੀ ਅਗਵਾਈ ਕੀਤੀ ਜਿਸ ਦੌਰਾਨ ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਗੈਂਗਸਟਰ ਲਾਰੰਸ ਬਿਸ਼ਨੋਈ ਹੀ ਰਾਜ ਚਲਾ ਰਿਹਾ ਹੈ ਨਾ ਕਿ ਭਗਵੰਤ ਮਾਨ। ਉਹਨਾਂ ਕਿਹਾ ਕਿ ਲਾਰੰਸ ਬਿਸ਼ਨੋਈ ਹੀ ਫੈਸਲਾ ਕਰਦਾ ਹੈ ਕਿ ਕੌਣ ਜਿਉਂਦਾ ਰਹੇਗਾ ਤੇ ਕੌਣ ਕਰੇਗਾ ਅਤੇ ਕੌਣ ਕਿੰਨਾ ਟੈਕਸ ਅਦਾ ਕਰੇਗਾ।
ਉਹਨਾਂ ਕਿਹਾ ਕਿ ਹਾਲਾਤ ਇੰਨੇ ਮਾੜੇ ਹਨ ਜਿਸ ਕਾਰਨ ਪੰਜਾਬ ਤੋਂ ਇੰਡਸਟਰੀ ਬਾਹਰ ਜਾ ਰਹੀ ਹੈ ਤੇ ਆਮ ਆਦਮੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ।
ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਬਦਲਾਖੋਰੀ ਦੀ ਸਿਆਸਤ ਵਿਚ ਰੁੱਝੇ ਹਨ। ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਤੇ ਫਿਰ ਉਸਦਾ ਪ੍ਰਚਾਰ ਕਰਨ ਲਈ ਭਗਵੰਤ ਮਾਨ ’ਤੇ ਹੀ ਕੇਸ ਦਰਜ ਹੋਵੇਗਾ। ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਆਬਕਾਰੀ ਘੁਟਾਲੇ ਜਿਸ ਕਾਰਨ ਰਾਜ ਦੇ ਖ਼ਜ਼ਾਨੇ ਨੂੰ 500 ਕਰੋੜ ਰੁਪਏ ਦਾ ਘਾਟਾ ਪਿਆ ਸਮੇਤ ਭ੍ਰਿਸ਼ਟਾਚਾਰ ਦੇ ਹੋਰ ਮਾਮਲਿਆਂ ਵਿਚ ਵੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਸੂਬੇ ਨੂੰ ਵਿਸਾਰ ਦਿੱਤਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਸ ਵੇਲੇ ਮੱਧ ਪ੍ਰਦੇਸ਼ ਵਿਚ ਰੁੱਝੇ ਹਨ ਕਿਉਂਕਿ ਉਥੇ ਇਸ ਸਾਲ ਚੋਣਾਂ ਹੋਣੀਆਂ ਹਨ। ਉਹਨਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਚੋਣਾਂ ਵਿਚ ਰੁੱਝੇ ਸਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਸਰੋਤ ਲੁਟਾ ਰਹੇ ਹਨ ਤੇ ਦੇਸ਼ ਭਰ ਵਿਚ ਖਾਸ ਤੌਰ ’ਤੇ ਜਿਹਨਾਂ ਰਾਜਾਂ ਵਿਚ ਚੋਣਾਂ ਹੋਣੀਆਂ ਹਨ। ਉਥੇ ਆਪ ਦੇ ਪ੍ਰਚਾਰ ਵਾਸਤੇ 750 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।ਉਹਨਾਂ ਕਿਹਾ ਕਿ ਇਸੇ ਕਾਰਨ ਆਟਾ ਦਾਲ, ਸ਼ਗਨ ਤੇ ਬੁਢਾਪਾ ਪੈਨਸ਼ਨ ਵਰਗੀਆਂ ਸਮਾਜ ਭਲਾਈ ਸਕੀਮਾਂ ਵਿਚ ਕਟੌਤੀ ਕੀਤੀ ਜਾ ਰਹੀ ਹੈ।
ਬਾਦਲ ਨੇ ਕਿਹਾ ਕਿ ਹੁਣ ਸਰਕਾਰ ਖੇਤੀਬਾੜੀ ਟਿਊਬਵੈਲਾਂ ’ਤੇ ਮੀਟਰ ਲਗਾਉਣ ਜਾ ਰਹੀ ਹੈ ਜੋ ਤਾਂ ਹੀ ਚੱਲਣਗੇ ਜੇਕਰ ਉਹਨਾਂ ਨੂੰ ਰਿਚਾਰਜ ਕੀਤਾ ਜਾਵੇਗਾ। ਉਹਨਾਂ ਕਿਹਾਕਿ ਇਸ ਨਾਲ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਿਸਾਨਾਂ ਨੂੰ ਦਿੱਤੀ ਮੁਫਤ ਬਿਜਲੀ ਦੀ ਸਹੂਲਤ ’ਤੇ ਬਹੁਤ ਵੱਡਾ ਅਸਰ ਪਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਤੇ ਪੰਜਾਬੀਆਂ ਦੇ ਅਸਲ ਵਾਰਸ ਸ਼੍ਰੋਮਦੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਚੋਣਾਂ ਵਿਚ ਕਮਜ਼ੋਰ ਹੋਣ ਕਾਰਨ ਹੀ ਇਸਦੀਆਂ ਵਿਰੋਧੀ ਤਾਕਤਾਂ ਨੇ ਸ਼੍ਰੋਮਣੀ ਕਮੇਟੀ ਨੂੰ ਤੋੜਨ ਲਈ ਸਾਂਝ ਪਾ ਲਈ ਤੇ ਇਸੇ ਕਾਰਨ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੋਵਾਂ ’ਤੇ ਰਾਸ਼ਟਰੀ ਸਵੈਮ ਸੰਘ ਵੱਲੋਂ ਚਲਾਈਆਂ ਜਾ ਰਹੀਆਂ ਤਾਕਤਾਂ ਦਾ ਕਬਜ਼ਾ ਹੋ ਗਿਆ।
ਲੰਬੀ ਅਤੇ ਭੁੱਚੋ ਵਿਖੇ ਧਰਨਿਆਂ ਵਿਚ ਵੱਡੀ ਹਾਜ਼ਰੀ ਵੇਖਣ ਨੂੰ ਮਿਲੀ ਜਿਥੇ ਪੰਜਾਬੀਆਂ ਨੇ ਭ੍ਰਿਸ਼ਟ ਆਪ ਸਰਕਾਰ ਨੂੰ ਚਲਦਾ ਕਰਨ ਦਾ ਸੱਦਾ ਦਿੱਤਾ ਤੇ ਪ੍ਰਣ ਲਿਆ ਕਿ 2024 ਦੀਆਂ ਸੰਸਦੀ ਚੋਣਾਂ ਵਿਚ ਆਪ ਦੇ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾਈਆਂ ਜਾਣਗੀਆਂ। ਬਲਵਿੰਦਰ ਸਿੰਘ ਭੂੰਦੜ ਵੀ ਲੰਬੀ ਤੇ ਭੁੱਚੋ ਧਰਨਿਆਂ ਵਿਚ ਸ਼ਾਮਲ ਹੋਏ।
ਸੂਬੇ ਭਰ ਵਿਚ ਧਰਨੇ ਸਫਲਤਾ ਨਾਲ ਦਿੱਤੇ ਜਿਸ ਦੌਰਾਨ ਗੁਰਚਰਨ ਸਿੰਘ ਬੱਬੇਹਾਲੀ ਤੇ ਸੁੱਚਾ ਸਿੰਘ ਛੋਟੇਪੁਰ ਨੇ ਕ੍ਰਮਵਾਰ ਗੁਰਦਾਸਪੁਰ ਤੇ ਦੀਨਾਨਗਰ ਵਿਚ ਧਰਨਿਆਂ ਦੀ ਅਗਵਾਈ ਕੀਤੀ, ਸੁਰਿੰਦਰ ਸਿੰਘ ਭੁੱਲੇਵਾਲਰਾਠਾਂ ਨੇ ਗੜ੍ਹਸ਼ੰਕਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਸ੍ਰੀ ਆਨੰਦਪੁਰ ਸਾਹਿਬ, ਸ਼ਰਨਜੀਤ ਸਿੰਘ ਢਿੱਲੋਂ ਤੇ ਐਸ ਆਰ ਕਲੇਰ ਨੇ ਜਗਰਾਓ., ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਸਰਬਜੀਤ ਸਿੰਘ ਝਿੰਜਰ ਨੇ ਫਤਿਹਗੜ੍ਹ ਸਾਹਿਬ, ਮਹੇਸ਼ਇੰਦਰ ਸਿੰਘ ਗਰੇਵਾਲ ਨੇ ਬੱਸੀ ਪਠਾਣਾਂ, ਤੀਰਥ ਸਿੰਘ ਮਾਹਲਾ ਤੇ ਬਲਦੇਵ ਸਿੰਘ ਮਾਣੂਕੇ ਨੇ ਨਿਹਾਲ ਸਿੰਘ ਵਾਲਾ, ਜਨਮੇਜਾ ਸਿਘੰ ਸੇਖੋਂ, ਜੋਗਿੰਦਰ ਜਿੰਦੂ ਤੇ ਮੋਂਟੂ ਵੋਹਰਾ ਨੇ ਫਿਰੋਜ਼ਪੁਰ, ਗੋਬਿੰਦ ਸਿੰਘ ਲੌਂਗੋਵਾਲ ਨੇ ਲਹਿਰਾ, ਸੁਰਜੀਤ ਸਿੰਘ ਰੱਖੜਾ ਤੇ ਜਸਪਾਲ ਸਿੰਘ ਚੱਠਾ ਨੇ ਪਟਿਆਲਾ ਦਿਹਾਤੀ ਦੇ ਧਰਨੇ ਦੀ ਅਗਵਾਈ ਕੀਤੀ।