ਪੰਜਾਬ ਪੁਲਿਸ ਨੇ ਰਣਜੀਤ ਸਿੰਘ ਨੂੰ ਨਾਜਾਇਜ਼ ਮਾਰਿਆ, BJP ਨੇ Gurdaspur Encounter ਦੀ ਨਿਰਪੱਖ ਜਾਂਚ ਦੀ ਕੀਤੀ ਮੰਗ
Gurdaspur Encounter : ਪੰਜਾਬ ਭਾਜਪਾ ਨੇ ਐਨਕਾਊਂਟਰ 'ਤੇ ਸਵਾਲ ਖੜੇ ਕਰਦੇ ਹੋਏ ਇਸਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੁਲਿਸ ਨੇ ਰਣਜੀਤ ਸਿੰਘ ਨੂੰ ਨਾਜਾਇਜ਼ ਮਾਰਿਆ ਹੈ।
Ranjit Singh Encounter : ਪੰਜਾਬ ਦੇ ਗੁਰਦਾਸਪੁਰ 'ਚ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ ਵਿੱਚ ਗੁਰਦਾਸਪੁਰ ਪੁਲਿਸ (Gurdaspur Police) ਵੱਲੋਂ ਐਨਕਾਊਂਟਰ ਕੀਤੇ ਰਣਜੀਤ ਸਿੰਘ ਦਾ ਮਾਮਲਾ ਭਖਦਾ ਜਾ ਰਿਹਾ ਹੈ। ਵਿਰੋਧੀ ਧਿਰਾਂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਘੇਰ ਰਹੀਆਂ ਹਨ ਅਤੇ ਐਨਕਾਊਂਟਰ ਨੂੰ ਫੇਕ ਦੱਸਿਆ ਜਾ ਰਿਹਾ ਹੈ। ਅੱਜ ਪੰਜਾਬ ਭਾਜਪਾ (Punjab BJP) ਨੇ ਐਨਕਾਊਂਟਰ (Gurdaspur Encounter) 'ਤੇ ਸਵਾਲ ਖੜੇ ਕਰਦੇ ਹੋਏ ਇਸਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਕਿਹਾ ਕਿ ਪੁਲਿਸ ਨੇ ਰਣਜੀਤ ਸਿੰਘ ਨੂੰ ਨਾਜਾਇਜ਼ ਮਾਰਿਆ ਹੈ।
ਐਨਕਾਊਂਟਰ ਦੀ ਜਾਂਚ ਕਰਵਾਈ ਜਾਵੇ, ਮਾਮਲਾ ਸਰਕਾਰ ਦੀ ਭਰੋਸੇਯੋਗਤਾ ਦਾ : ਜਾਖੜ
ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਰਾਹੀਂ ਐਨਕਾਊਂਟਰ 'ਤੇ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਇਹ ਕੋਈ ਪਹਿਲਾ ਐਨਕਾਊਂਟਰ ਨਹੀਂ ਹੈ, ਅਸੀਂ ਕਾਲੇ ਦੌਰ ਦੇਖੇ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਫੇਕ ਐਨਕਾਊਂਟਰ ਬਰਦਾਸ਼ਤ ਨਹੀਂ ਹਨ, ਮਸਲਾ ਇਥੇ ਰਣਜੀਤ ਸਿੰਘ ਦਾ ਨਹੀਂ ਹੈ, ਸਗੋਂ ਪੰਜਾਬ ਪੁਲਿਸ ਦੀ ਕ੍ਰੈਡਿਬਿਲਟੀ ਦਾ ਹੈ। ਐਨਕਾਊਂਟਰ ਨੂੰ ਲੈ ਕੇ ਕਈ ਲੀਡਰਾਂ ਨੇ ਆਵਾਜ਼ ਬੁਲੰਦ ਕੀਤੀ ਹੈ, ਮਸਲਾ, ਸਰਕਾਰ ਦੀ ਹੈ ਭਰੋਸੇਯੋਗਤਾ ਦਾ ਹੈ, ਪਰ ਸਰਕਾਰ ਆਪਣਾ ਭਰੋਸਾ ਖੋ ਚੁੱਕੀ ਹੈ।
ਕੇਜਰੀਵਾਲ ਨੂੰ ਸਵਾਲ ?
ਉਨ੍ਹਾਂ ਕਿਹਾ ਕਿ ਮੇਰਾ ਸਿੱਧਾ ਸਵਾਲ ਕੇਜਰੀਵਾਲ ਨੂੰ ਹੈ ਕਿ ਇਸ ਕੇਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਤਾਂ ਜੋ ਸੱਚ ਸਾਹਮਣੇ ਆਵੇ ਕਿ ਕੀ ਉਸਨੂੰ ਨਜਾਇਜ ਮਾਰਿਆ ਹੈ ਜਾਂ ਨਹੀਂ ? ਉਨ੍ਹਾਂ ਕਿਹਾ ਕਿ ਚਲੋ ਮੰਨ ਲੈਂਦੇ ਹਾਂ ਕਿ ਉਹ ਜ਼ੁਰਮ 'ਚ ਸ਼ਾਮਲ ਸੀ, ਪਰ ਕੀ ਪੁਲਿਸ ਨੂੰ ਇਹ ਅਧਿਕਾਰ ਹੈ ਕਿ ਕਿਸੇ ਨੂੰ ਵੀ ਗੋਲੀ ਮਾਰ ਦਿਓ? ਇਹ ਬਰਦਾਸ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸੱਚ ਦੀ ਗੱਲ ਕਰਦੇ ਹਨ ਤਾਂ ਇਸ ਬਾਰੇ ਵੀ ਭਗਵੰਤ ਮਾਨ ਨੂੰ ਕਹੇ ਕਿ ਇਨਕੁਆਰੀ ਹੋਵੇ ਤਾਂ ਜੋ ਸੱਚ ਸਾਹਮਣੇ ਆਵੇ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਐਨਕਾਊਂਟਰ ਦੀ ਜਾਂਚ ਵਿੱਚ ਸੋਸ਼ਲ ਐਕਟੀਵਿਸਟ ਵੀ ਸ਼ਾਮਲ ਕੀਤੇ ਜਾਣ ਤਾਂ ਜੋ ਉਹ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਹ ਜੋ ਕਹਾਣੀ ਬਣਾਈ ਹੈ ਉਸ ਵਿਚੋਂ ਝੂਠ ਦੀ ਬਦਬੂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਐਨਕਾਊਂਟਰ ਸਹੀ ਵੀ ਹੈ ਤਾਂ ਵੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਹੁਣ ਲੋਕਾਂ ਨੂੰ ਪੁਲਿਸ ਦੀ ਗੱਲ 'ਤੇ ਯਕੀਨ ਨਹੀਂ ਹੋ ਰਿਹਾ।