CM Mann ਸਸਤੀ ਡਰਾਮੇਬਾਜ਼ੀ ਬੰਦ ਕਰ ਕੇ BBMB ’ਚ ਪੰਜਾਬ ਦੇ ਕੋਟੇ ਦੀਆਂ ਦੀਆਂ ਆਸਾਮੀਆਂ ਭਰਨ ਵੱਲ ਧਿਆਨ ਦੇਣ : ਅਕਾਲੀ ਦਲ

BBMB Water Case : ਰੋਮਾਣਾ ਨੇ ਕਿਹਾ ਕਿ ਸਿੰਜਾਈ ਵਿੰਗ ਵਿਚ ਐਕਸੀਅਨ ਤੇ ਨਿਗਰਾਨ ਇੰਜੀਨੀਅਰ ਸਮੇਤ ਦਰਜਾ ਇਕ ਅਤੇ ਦਰਜਾ ਦੋ ਦੀਆਂ 152 ਆਸਾਮੀਆਂ ਵਿਚੋਂ ਸਿਰਫ 68 ਭਰੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਸਿੰਜਾਈ ਵਿੰਗ ਵਿਚ 2851 ਆਸਾਮੀਆਂ ਵਿਚੋਂ 1669 ਆਸਾਮੀਆਂ ਖਾਲੀ ਹਨ।

By  KRISHAN KUMAR SHARMA May 20th 2025 03:37 PM -- Updated: May 20th 2025 03:55 PM

BBMB Water Case : ਸ਼੍ਰੋਮਣੀ ਅਕਾਲੀ ਦਲ (SAD) ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬ ਦੇ ਦਰਿਆਈ ਪਾਣੀਆਂ ਦੇ ਸੰਵੇਦਨਸ਼ੀਲ ਮੁੱਦੇ ’ਤੇ ਸਸਤੀ ਡਰਾਮੇਬਾਜ਼ੀ ਬੰਦ ਕਰ ਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਵਾਸਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਵਿਚ ਸੂਬੇ ਦੇ ਕੋਟੇ ਦੀਆਂ ਆਸਾਮੀਆਂ ਭਰਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ (Parambans Singh Romana) ਨੇ ਕਿਹਾ ਕਿ ਭਗਵੰਤ ਮਾਨ ਨੂੰ ਪੰਜਾਬ ਦੇ ’ਪਾਣੀਆਂ ਦਾ ਰਾਖਾ’ ਵਿਖਾਉਣ ਵਾਸਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਤ ਕੇ ਬਣਾਈਆਂ ਰੀਲਾਂ ਕਿਸੇ ਕੰਮ ਨਹੀਂ ਆਉਣਗੀਆਂ ਕਿਉਂਕਿ ਆਪ ਸਰਕਾਰ ਬੀਬੀਐਮਬੀ ਵਿਚ ਸੂਬੇ ਦੇ ਕੋਟੇ ਦੀਆਂ ਸੀਟਾਂ ਭਰਨ ਵਿਚ ਨਾਕਾਮ ਰਹਿ ਕੇ ਫੌਜਦਾਰੀ ਗੁਨਾਹ ਕਰ ਰਹੀ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਪਿਛਲੀ ਸਰਕਾਰ ਵਾਂਗੂ ਆਪ ਸਰਕਾਰ ਵੀ ਬੀਬੀਐਮਬੀ ਵਿਚ ਪੰਜਾਬ ਦੇ ਇੰਜੀਨੀਅਰਜ਼ ਤੇ ਸਟਾਫ ਦੀ ਭਰਤੀ ਕਰਨ ਵਿਚ ਨਾਕਾਮ ਸਾਬਤ ਹੋਈ ਹੈ। ਉਹਨਾਂ ਕਿਹਾ ਕਿ BBMB ਵਿਚ ਸਿੰਜਾਈ ਵਿੰਗ ਵਿਚ ਪੰਜਾਬ ਦੇ ਹਿੱਸੇ ਦੀਆਂ 55 ਫੀਸਦੀ ਆਸਾਮੀਆਂ ਖਾਲੀ ਹਨ ਤੇ ਇਸੇ ਤਰੀਕੇ ਬਿਜਲੀ ਵਿੰਗ ਵਿਚ ਪੰਜਾਬ ਦੀਆਂ 73 ਫੀਸਦੀ ਆਸਾਮੀਆਂ ਖਾਲੀ ਹਨ।

ਰੋਮਾਣਾ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਜੇਕਰ ਉਹ ਬੀਬੀਐਮਬੀ ਵਿਚ ਸੂਬੇ ਦੇ ਹਿੱਸੇ ਦੀਆਂ ਖਾਲੀ ਆਸਾਮੀਆਂ ਭਰਨ ਵਾਸਤੇ ਹੀ ਤਿਆਰ ਨਹੀਂ ਹਨ ਤਾਂ ਫਿਰ ਉਹ ਸੂਬੇ ਦੇ ਹਿੱਤਾਂ ਦੀ ਰਾਖੀ ਕਿਵੇਂ ਕਰਨਗੇ। ਉਹਨਾਂ ਕਿਹਾ ਕਿ ਸੂਬੇ ਦੀ ਤਰਜੀਹ ਸੋਸ਼ਲ ਮੀਡੀਆ ਜੰਗ ਵਿਚ ਉਲਝਣ ਦੀ ਥਾਂ ਬੀਬੀਐਮਬੀ ਵਿਚ ਪੰਜਾਬ ਦੇ ਕੋਟੇ ਦੀਆਂ ਆਸਾਮੀਆਂ ਭਰਨਾ ਹੋਣਾ ਚਾਹੀਦਾ ਹੈ ਕਿਉਂਕਿ ਸੋਸ਼ਲ ਮੀਡੀਆ ਜੰਗ ਕਿਸੇ ਕੰਮ ਨਹੀਂ ਆਉਣੀ।

ਹੋਰ ਵੇਰਵੇ ਸਝੈ ਕਰਦਿਆਂ ਸਰਦਾਰ ਰੋਮਾਣਾ ਨੇ ਕਿਹਾ ਕਿ ਸਿੰਜਾਈ ਵਿੰਗ ਵਿਚ ਐਕਸੀਅਨ ਤੇ ਨਿਗਰਾਨ ਇੰਜੀਨੀਅਰ ਸਮੇਤ ਦਰਜਾ ਇਕ ਅਤੇ ਦਰਜਾ ਦੋ ਦੀਆਂ 152 ਆਸਾਮੀਆਂ ਵਿਚੋਂ ਸਿਰਫ 68 ਭਰੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਸਿੰਜਾਈ ਵਿੰਗ ਵਿਚ 2851 ਆਸਾਮੀਆਂ ਵਿਚੋਂ 1669 ਆਸਾਮੀਆਂ ਖਾਲੀ ਹਨ। ਅਕਾਲੀ ਆਗੂ ਨੇ ਕਿਹਾ ਕਿ ਬਿਜਲੀ ਵਿੰਗ ਵਿਚ 1823 ਆਸਾਮੀਆਂ ਵਿਚੋਂ 1345 ਭਰੀਆਂ ਨਹੀਂ ਹੋਈਆਂ।

ਪਰਮਬੰਸ ਰੋਮਾਣਾ ਨੇ ਕਿਹਾ ਕਿ ਇਹ ਖਾਲੀ ਆਸਾਮੀਆਂ ਤੁਰੰਤ ਭਰੀਆਂ ਜਾਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਹਰਿਆਣਾ ਤੇ ਰਾਜਸਥਾਨ ਸਮੇਤ ਹੋਰ ਸਾਰੇ ਮੈਂਬਰ ਰਾਜਾਂ ਨੇ ਬੀ ਬੀ ਐਮ ਬੀ ਵਿਚ ਆਪਣੇ ਕੋਟੇ ਦੀਆਂ ਸਾਰੀਆਂ ਆਸਾਮੀਆਂ ਭਰੀਆਂ ਹੋਈਆਂ ਹਨ।

Related Post