ਸ਼੍ਰੋਮਣੀ ਕਮੇਟੀ ਨੇ AAP ਆਗੂ ਬਲਤੇਜ ਪੰਨੂ ਵੱਲੋਂ ਪੇਸ਼ ਕੀਤੇ ਤੱਥਾਂ ਨੂੰ ਦੱਸਿਆ ਗਲਤ, ਸਖ਼ਤ ਸ਼ਬਦਾਂ ਚ ਕੀਤਾ ਖੰਡਨ

ਬਲਤੇਜ ਪੰਨੂ ਵੱਲੋਂ ਸਿੱਖ ਗੁਰਦੁਆਰਾ ਐਕਟ ਦੀ ਇਸ ਮੱਧ ਨੂੰ ਤੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਜੋ ਸੰਗਤਾਂ ਵਿੱਚ ਭਰਮ ਪੈਦਾ ਕਰਨ ਵਾਲਾ ਹੈ। ਪ੍ਰਤਾਪ ਸਿੰਘ ਨੇ ਕਿਹਾ ਕਿ ਜੇਕਰ ਬਲਤੇਜ ਪੰਨੂ ਨੇ ਅਜਿਹੇ ਤਕਨੀਕੀ ਮਾਮਲਿਆਂ ਤੇ ਗੱਲ ਕਰਨੀ ਹੈ ਤਾਂ ਉਸ ਨੂੰ ਸਿੱਖ ਗੁਰਦੁਆਰਾ ਐਕਟ ਨੂੰ ਚੰਗੀ ਤਰ੍ਹਾਂ ਵਾਚਣਾ ਚਾਹੀਦਾ ਹੈ।

By  KRISHAN KUMAR SHARMA January 4th 2026 03:49 PM -- Updated: January 4th 2026 03:55 PM

ਸ੍ਰੀ ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਵੱਲੋਂ ਪੇਸ਼ ਕੀਤੇ ਜਾ ਰਹੇ ਗਲਤ ਤੱਥਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਖੰਡਨ ਕੀਤਾ ਹੈ। ਜਾਰੀ ਪ੍ਰੈਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਬਲਤੇਜ ਪੰਨੂੰ ਵੱਲੋਂ ਹਰ ਸਾਲ ਇਜਲਾਸ ਡੀਸੀ ਦੀ ਪ੍ਰਵਾਨਗੀ ਨਾਲ ਹੋਣ ਦੀ ਕੀਤੀ ਗਈ ਗੱਲ ਠੀਕ ਤੱਥ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰਦੁਆਰਾ ਐਕਟ ਅਨੁਸਾਰ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਤੋਂ ਬਾਅਦ ਪਹਿਲੇ ਇਜਲਾਸ ਦੌਰਾਨ ਕੇਵਲ ਪ੍ਰਧਾਨਗੀ ਪਦ ਲਈ ਚੋਣ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਹੁੰਦੀ ਹੈ, ਜਿਸ ਮਗਰੋਂ ਇਜਲਾਸ ਦੀ ਅਗਵਾਈ ਚੁਣੇ ਗਏ ਪ੍ਰਧਾਨ ਰਾਹੀਂ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਜਨਰਲ ਚੋਣਾਂ ਮਗਰੋਂ ਪਹਿਲੇ ਇਜਲਾਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਹਰ ਸਾਲ ਹੋਣ ਵਾਲੇ ਜਨਰਲ ਇਜਲਾਸ ਦੀ ਅਗਵਾਈ ਐਕਟ ਮੁਤਾਬਕ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਰਦਾ ਹੈ, ਜਿਸ ਵਿੱਚ ਡਿਪਟੀ ਕਮਿਸ਼ਨਰ ਦੀ ਕਿਸੇ ਤਰ੍ਹਾਂ ਦੀ ਹਾਜ਼ਰੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਬਲਤੇਜ ਪੰਨੂ ਵੱਲੋਂ ਸਿੱਖ ਗੁਰਦੁਆਰਾ ਐਕਟ ਦੀ ਇਸ ਮੱਧ ਨੂੰ ਤੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਜੋ ਸੰਗਤਾਂ ਵਿੱਚ ਭਰਮ ਪੈਦਾ ਕਰਨ ਵਾਲਾ ਹੈ। ਪ੍ਰਤਾਪ ਸਿੰਘ ਨੇ ਕਿਹਾ ਕਿ ਜੇਕਰ ਬਲਤੇਜ ਪੰਨੂ ਨੇ ਅਜਿਹੇ ਤਕਨੀਕੀ ਮਾਮਲਿਆਂ ਤੇ ਗੱਲ ਕਰਨੀ ਹੈ ਤਾਂ ਉਸ ਨੂੰ ਸਿੱਖ ਗੁਰਦੁਆਰਾ ਐਕਟ ਨੂੰ ਚੰਗੀ ਤਰ੍ਹਾਂ ਵਾਚਣਾ ਚਾਹੀਦਾ ਹੈ।

ਪ੍ਰਤਾਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਦੇ ਅਸਤੀਫੇ ਦੀ ਪ੍ਰਵਾਨਗੀ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਜੋੜ ਕੇ ਦੱਸਣਾ ਵੀ ਤੱਥਹੀਣ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਡਾ. ਈਸ਼ਰ ਸਿੰਘ ਰਾਹੀਂ ਜਾਂਚ ਰਿਪੋਰਟ ਪੇਸ਼ ਕੀਤੀ ਗਈ ਸੀ ਅਤੇ ਇਸ ਅਨੁਸਾਰ ਅਮਲ ਵਿੱਚ ਲਿਆਂਦੀ ਗਈ ਕਾਰਵਾਈ ਵੇਲੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸਨ ਨਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਸਨ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਤੱਥਾਂ ਨੂੰ ਚੰਗੀ ਤਰ੍ਹਾਂ ਵਾਚਣਾ ਜ਼ਰੂਰੀ ਹੈ, ਨਾ ਕਿ ਮਨਮਰਜ਼ੀ ਦੀਆਂ ਗੱਲਾਂ ਕਰਕੇ ਸੰਗਤ ਨੂੰ ਭੁਲੇਖੇ ਪੈਦਾ ਕਰਨਾ।

Related Post