Barnala News : ਭਤੀਜੇ ਨੇ ਧੋਖਾਧੜੀ ਨਾਲ ਹੜੱਪੀ 12 ਏਕੜ ਜ਼ਮੀਨ, ਦੁਖੀ ਕਿਸਾਨ ਨੇ ਫਾਹਾ ਲੈ ਕੇ ਕੀਤੀ ਜੀਵਨਲੀਲ੍ਹਾ ਸਮਾਪਤ
Farmer Death in Barnala News : ਕਿਹਾ ਜਾਂਦਾ ਹੈ ਕਿ ਜ਼ਮੀਨ ਦਾ ਲਾਲਚ ਕਿਸੇ 'ਤੇ ਵੀ ਹਾਵੀ ਹੋ ਸਕਦਾ ਹੈ। ਬਰਨਾਲਾ ਦੇ ਪਿੰਡ ਰੂੜੇਕੇ ਕਲਾਂ ਤੋਂ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਤਿੰਨ ਧੀਆਂ ਦੇ ਪਿਤਾ ਨੇ ਆਪਣੀ 12 ਏਕੜ ਜ਼ਮੀਨ ਦੀ ਗਲਤ ਰਜਿਸਟਰੀ ਤੋਂ ਪਰੇਸ਼ਾਨ ਹੋ ਕੇ ਛੱਤ ਦੇ ਗਾਡਰ ਨਾਲ ਫਾਹਾ ਲੈ ਲਿਆ।
ਮ੍ਰਿਤਕ ਕਿਸਾਨ ਦੀ ਪਛਾਣ 80 ਸਾਲਾ ਮੇਜਰ ਸਿੰਘ ਵਜੋਂ ਹੋਈ ਹੈ। ਉਹ ਆਪਣੀ 12 ਏਕੜ ਜ਼ਮੀਨ ਦੀ ਗਲਤ ਰਜਿਸਟਰੀ ਤੋਂ ਪਰੇਸ਼ਾਨ ਸੀ ਅਤੇ ਪਿਛਲੇ ਚਾਰ ਸਾਲਾਂ ਤੋਂ ਆਪਣੀ ਧੀ ਕੁਲਵਿੰਦਰ ਕੌਰ ਨਾਲ ਪਿੰਡ ਰੂੜੇਕੇ ਕਲਾਂ ਵਿੱਚ ਰਹਿ ਰਿਹਾ ਸੀ।
ਮ੍ਰਿਤਕ ਮੇਜਰ ਸਿੰਘ ਦੀ ਅਪਾਹਜ ਧੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਪਰਿਵਾਰ ਵਿੱਚ ਤਿੰਨ ਧੀਆਂ ਹਨ ਅਤੇ ਉਨ੍ਹਾਂ ਦਾ ਕੋਈ ਭਰਾ ਨਹੀਂ ਹੈ। ਉਸਦੇ ਪਿਤਾ ਮੇਜਰ ਸਿੰਘ ਕੋਲ 12 ਏਕੜ ਜ਼ਮੀਨ ਸੀ, ਜਿਸਦੀ ਰਜਿਸਟਰੀ ਮੇਜਰ ਸਿੰਘ ਦੇ ਭਤੀਜੇ ਨੇ ਦੋ ਜਾਅਲੀ ਆਧਾਰ ਕਾਰਡਾਂ ਦੀ ਵਰਤੋਂ ਕਰਕੇ ਵੱਖਰੇ ਤੌਰ 'ਤੇ ਕਰਵਾਈ ਸੀ। ਜਦੋਂ ਮੇਜਰ ਸਿੰਘ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਸਨੇ ਮਾਣਯੋਗ ਅਦਾਲਤ ਵਿੱਚ ਕੇਸ ਦਾਇਰ ਕੀਤਾ। ਹਾਲਾਂਕਿ, ਪਿਛਲੇ ਕਈ ਸਾਲਾਂ ਤੋਂ ਉਸਦੇ ਪਿਤਾ ਮੇਜਰ ਸਿੰਘ ਨੂੰ ਖੁੱਲ੍ਹੇਆਮ ਧਮਕਾਇਆ ਜਾ ਰਿਹਾ ਸੀ।
ਆਪਣੀ 12 ਏਕੜ ਜ਼ਮੀਨ ਤੋਂ ਪਰੇਸ਼ਾਨ ਮੇਜਰ ਸਿੰਘ ਨੇ ਆਪਣੇ ਘਰ ਦੇ ਛੱਤ 'ਤੇ ਬਣੇ ਗਾਰਡਰ ਨਾਲ ਕੱਪੜਾ ਲਟਕਾਅ ਕੇ ਫਾਹਾ ਲੈ ਲਿਆ। ਉਸਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਪਿੰਡ ਵਿੱਚ ਇੱਕ ਨਗਰ ਕੀਰਤਨ ਵਿੱਚ ਸ਼ਾਮਲ ਸਨ। ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ।
ਮ੍ਰਿਤਕ ਦੇ ਪਰਿਵਾਰ ਨੇ ਹੰਝੂਆਂ ਨਾਲ ਆਪਣੇ ਪਿਤਾ ਦੀ ਮੌਤ ਲਈ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ। ਪਰਿਵਾਰ ਨੇ ਮੇਜਰ ਸਿੰਘ ਦੀ ਜ਼ਮੀਨ ਦੀ ਰਜਿਸਟਰੀ ਨੂੰ ਦਰੁਸਤ ਕਰਨ ਅਤੇ ਉਨ੍ਹਾਂ ਨੂੰ ਬਣਦਾ ਹੱਕ ਦੇਣ ਦੀ ਮੰਗ ਕੀਤੀ।
ਉਧਰ, ਰੂੜੇਕੇ ਕਲਾਂ ਦੇ ਐਸਐਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਕਾਰਨ ਇੱਕ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਧੀ ਕੁਲਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਦੋ ਔਰਤਾਂ ਅਤੇ ਇੱਕ ਪੁਰਸ਼ ਹਰਦੀਪ ਸਿੰਘ, ਵੀਰਪਾਲ ਕੌਰ ਅਤੇ ਮਨਜੀਤ ਕੌਰ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 108 ਅਤੇ 351(2) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਸਨੇ ਦੱਸਿਆ ਕਿ ਉਨ੍ਹਾਂ ਦਾ ਜ਼ਮੀਨੀ ਵਿਵਾਦ ਸੀ।
- PTC NEWS