Ludhiana 'ਚ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਕੱਪੜੇ ਦੀ ਦੁਕਾਨ 'ਤੇ ਚਲਾਈਆਂ ਗੋਲੀਆਂ , ਮੰਗੀ ਸੀ 50 ਲੱਖ ਰੁਪਏ ਦੀ ਫਿਰੌਤੀ
Ludhiana Firing News : ਲੁਧਿਆਣਾ ਦੇ ਹੈਬੋਵਾਲ ਸਿਵਲ ਸਿਟੀ ਇਲਾਕੇ ਵਿੱਚ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਤੜਕਸਾਰ ਇੱਕ ਬੰਦ ਦੁਕਾਨ ਦੇ ਸ਼ਟਰ 'ਤੇ ਪੰਜ ਰਾਊਂਡ ਗੋਲੀਆਂ ਚਲਾ ਦਿੱਤੀਆਂ, ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪੁਲਿਸ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਵਿੱਚ ਜੁੱਟ ਗਈ ਹੈ। ਜਦੋਂ ਦੁਕਾਨਦਾਰ ਨੇ ਸਵੇਰੇ ਦੁਕਾਨ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਸ਼ਟਰ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਦੇਖ ਕੇ ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਜਾਣਕਾਰੀ ਦੇ ਮੁਤਾਬਕ ਦੁਕਾਨਦਾਰ ਵਪਾਰੀ ਹਿਮਾਂਸ਼ੂ ਹੋਂਡਾ ਨੂੰ ਕੁਝ ਦਿਨ ਪਹਿਲਾਂ ਫੋਨ ਦੇ ਉੱਤੇ ਫਿਰੌਤੀ ਮੰਗਣ ਦੀ ਧਮਕੀ ਆਈ ਸੀ। ਜਿਸ 'ਚ ਬਦਮਾਸ਼ਾਂ ਨੇ 50 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਸੀ। ਫਿਰੌਤੀ ਨਾ ਦੇਣ ਤੋਂ ਬਾਅਦ ਅੱਜ ਤੜਕਸਾਰ ਬਦਮਾਸ਼ਾਂ ਨੇ ਹਿਮਾਂਸ਼ੂ ਹੰਡਾ ਦੀ ਬੰਦ ਦੁਕਾਨ ਦੇ ਸ਼ਟਰ 'ਤੇ ਪੰਜ ਫਾਇਰ ਕਰ ਦਿਤੇ, ਇਸ ਪੂਰੇ ਮਾਮਲੇ ਦੇ ਵਿੱਚ ਕੋਈ ਵੀ ਜ਼ਖਮੀ ਜਾਂ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਇਸ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਜ਼ਰੂਰ ਸਵਾਲ ਉਠਣੇ ਲਾਜ਼ਮੀ ਹਨ। ਹੁਣ ਪੁਲਿਸ ਵੱਖ-ਵੱਖ ਪਹਿਲੂਆਂ ਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਉਹਨਾਂ ਗੋਲੀਆਂ ਦੇ ਖੋਲ ਦੀ ਵੀ ਜਾਂਚ ਕਰ ਰਹੀ ਹੈ ਅਤੇ ਬਦਮਾਸ਼ਾਂ ਦੀ ਭਾਲ ਦੇ ਵਿੱਚ ਜੁੱਟ ਗਈ ਹੈ। ਬਰਾਮਦ ਹੋਏ ਗੋਲੀਆਂ ਦੇ ਖੋਲ ਦੀ ਫਿੰਗਰ ਪ੍ਰਿੰਟ ਟੀਮਾਂ ਜਾਂਚ ਕਰ ਰਹੀਆਂ ਹਨ।
- PTC NEWS